ਸਾਈਬਰ ਕਰਾਈਮ: ਅੰਤਰ-ਰਾਜੀ ਗਰੋਹ ਦੇ ਦੋ ਮੈਂਬਰ ਅਸਾਮ ਤੋਂ ਕਾਬੂ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 19 ਨਵੰਬਰ
ਪੰਜਾਬ ਪੁਲੀਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਡਿਜੀਟਲ ਅਰੈਸਟ ਸਾਈਬਰ ਧੋਖਾਧੜੀ ’ਚ ਸ਼ਾਮਲ ਅਸਾਮ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਅੰਤਰ-ਰਾਜੀ ਸਾਈਬਰ ਧੋਖਾਧੜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਨਜ਼ਰੁਲ ਅਲੀ ਅਤੇ ਮਿਦੁਲ ਅਲੀ ਵਜੋਂ ਹੋਈ ਹੈ, ਦੋਵੇਂ ਅਸਾਮ ਦੇ ਕਾਮਰੂਪ ਦੇ ਰਹਿਣ ਵਾਲੇ ਹਨ। ਇਕ ਸੇਵਾਮੁਕਤ ਅਧਿਕਾਰੀ ਨੇ ਸਾਈਬਰ ਕ੍ਰਾਈਮ ’ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁੰਬਈ ਸਾਈਬਰ ਕ੍ਰਾਈਮ ਦਾ ਅਧਿਕਾਰੀ ਹੋਣ ਦਾ ਦਾਅਵਾ ਕਰਨ ਵਾਲੇ ਕੁਝ ਵਿਅਕਤੀਆਂ ਨੇ ਉਸ ਨਾਲ ਵਟਸਐਪ ਕਾਲ ਰਾਹੀਂ ਡਿਜੀਟਲ ਅਰੈਸਟ ਤਹਿਤ 76 ਲੱਖ ਰੁਪਏ ਦੀ ਠੱਗੀ ਮਾਰੀ ਹੈ। ਫੋਨ ਕਰਨ ਵਾਲੇ ਨੇ ਪੀੜਤ ’ਤੇ ਮਨੀ ਲਾਂਡਰਿੰਗ ਵਿੱਚ ਸ਼ਾਮਲ ਇੱਕ ਅਪਰਾਧੀ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਾਇਆ ਸੀ ਅਤੇ ਮੁੰਬਈ ਹਾਈ ਕੋਰਟ ਵੱਲੋਂ ਉਸ ਦੇ ਨਾਂ ’ਤੇ ਸੰਮਨ ਜਾਰੀ ਕਰਨ ਦਾ ਦਾਅਵਾ ਕੀਤਾ ਗਿਆ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸ਼ਿਕਾਇਤ ਤੋਂ ਬਾਅਦ ਸਾਈਬਰ ਕ੍ਰਾਈਮ ਨੇ ਤੁਰੰਤ ਪਰਚਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ’ਚ ਮੁਲਜ਼ਮਾਂ ਦੇ ਹੋਰ ਸਾਈਬਰ ਧੋਖਾਧੜੀ ਵਿੱਚ ਅੰਤਰ-ਰਾਜੀ ਸਬੰਧਾਂ ਦਾ ਵੀ ਖੁਲਾਸਾ ਹੋਇਆ ਹੈ ਕਿਉਂਕਿ ਮੁਲਜ਼ਮਾਂ ਦੇ ਬੈਂਕ ਖਾਤੇ ਨੇ ਸੱਤ ਰਾਜਾਂ ਵਿੱਚ ਫੈਲੇ ਘੱਟੋ-ਘੱਟ 11 ਹੋਰ ਸਾਈਬਰ ਧੋਖਾਧੜੀ ਦੇ ਮਾਮਲਿਆਂ ’ਚ ਉਨ੍ਹਾਂ ਦੀ ਸ਼ਮੂਲੀਅਤ ਦਾ ਸੰਕੇਤ ਦਿੱਤਾ ਹੈ ਜਿਸ ਵਿੱਚ ਕਰੀਬ 15 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਇਹ ਮਾਮਲਾ ਸਾਈਬਰ ਕ੍ਰਾਈਮ ਥਾਣਾ ਮੁਹਾਲੀ ’ਚ 24 ਸਤੰਬਰ ਨੂੰ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ।
ਮੁਲਜ਼ਮਾਂ ਨੂੰ ਟਰਾਂਜ਼ਿਟ ਰਿਮਾਂਡ ’ਤੇ ਮੁਹਾਲੀ ਲਿਆਂਦਾ
ਏਡੀਜੀਪੀ (ਸਾਈਬਰ ਕ੍ਰਾਈਮ) ਵੀ. ਨੀਰਜਾ ਨੇ ਦੱਸਿਆ ਕਿ ਸਟੇਟ ਸਾਈਬਰ ਕ੍ਰਾਈਮ ਦੇ ਇੰਸਪੈਕਟਰ ਜੁਝਾਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅਸਾਮ ਦੇ ਕਾਮਰੂਪ ਤੋਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨਜ਼ਰੁਲ ਅਲੀ ਚਾਲੂ ਬੈਂਕ ਖਾਤੇ ਦਾ ਮਾਲਕ ਸੀ, ਜੋ ਪੈਸਿਆਂ ਦੀ ਹੇਰਾ-ਫੇਰੀ ਕਰਦਾ ਸੀ ਅਤੇ ਮਿਦੁਲ ਅਲੀ ਨੇ ਦਸਤਾਵੇਜ਼ ਮੁਹੱਈਆ ਕਰਵਾ ਕੇ ਬੈਂਕ ਖਾਤਾ ਖੋਲ੍ਹਣ ’ਚ ਉਸ ਦੀ ਮਦਦ ਕੀਤੀ ਸੀ। ਇਸ ਮਾਮਲੇ ਵਿੱਚ ਦੋਵਾਂ ਮੁਲਜ਼ਮਾਂ ਨੂੰ ਪੁੱਛ-ਪੜਤਾਲ ਲਈ ਟਰਾਂਜ਼ਿਟ ਰਿਮਾਂਡ ’ਤੇ ਮੁਹਾਲੀ ਲਿਆਂਦਾ ਗਿਆ ਹੈ ਤੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਏਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਦਾ ਚਾਲੂ ਖਾਤਾ ਖੋਲ੍ਹਣ ਵਿੱਚ ਮਦਦ ਕਰਨ ਵਾਲੇ ਬੈਂਕ ਅਧਿਕਾਰੀਆਂ ਨੂੰ ਵੀ ਸੰਮਨ ਜਾਰੀ ਕੀਤੇ ਗਏ ਹਨ।