ਸਾਈਬਰ ਕਰਾਈਮ ਬਣਿਆ ਵੱਡੀ ਚੁਣੌਤੀ
ਪੰਜਾਬੀਆਂ ਨੂੰ ਸੰਸਾਰ ਦੇ ਵਧੀਆ ਕਿਸਾਨ ਅਤੇ ਜਵਾਨ ਸਮਝਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਉਹ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਵਿੱਚ ਵਿਸ਼ਵਾਸ ਰੱਖਦੇ ਸਨ। ਪਰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਕਿ ਉਨ੍ਹਾਂ ਵਿੱਚੋਂ ਕੁਝ ਹੌਲੀ-ਹੌਲੀ ਇਨ੍ਹਾਂ ਗੁਣਾਂ ਨੂੰ ਤਿਆਗ, ਕਿਸੇ ਹੋਰ ਹੀ ਰਾਹ ਵੱਲ ਤੁਰ ਰਹੇ ਹਨ। ਪੰਜਾਬ ਵਿੱਚ ਭ੍ਰਿਸ਼ਟਾਚਾਰ, ਮਿਲਾਵਟ ਅਤੇ ਬੇਈਮਾਨੀ ਪੈਰ ਪਸਾਰ ਰਹੇ ਹਨ। ਦੁੱਧ, ਲੱਸੀ, ਪੀਣ ਵਾਲੇ ਨਸ਼ਿਆਂ ਵੱਲ ਮੁੱਖ ਮੋੜ ਰਹੇ ਹਨ। ਹੁਣ ਜਿਹੜੀ ਨਵੀਂ ਬਿਮਾਰੀ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ, ਉਸ ਵਿੱਚ ਵੀ ਪੰਜਾਬੀ ਪਿੱਛੇ ਨਹੀਂ ਰਹੇ। ਇਹ ਨਵੀਂ ਬਿਮਾਰੀ, ਜਿਸ ਨੂੰ ਸਾਈਬਰ ਕਰਾਈਮ ਆਖਿਆ ਜਾਂਦਾ ਹੈ, ਪੰਜਾਬ ਵਿੱਚ ਵੀ ਪੈਰ ਪਸਾਰ ਰਹੀ ਹੈ। ਮੈਨੂੰ ਇਹ ਲਿਖਣ ਲਈ ਮਜਬੂਰ ਇਸ ਕਰ ਕੇ ਹੋਣਾ ਪਿਆ ਕਿ ਕੁਝ ਦਿਨ ਪਹਿਲਾਂ ਹੀ ਸਾਡੇ ਗੁਆਂਢੀ ਪਰਿਵਾਰ ਨੂੰ 17 ਲੱਖ ਦਾ ਚੂਨਾ ਲੱਗਿਆ ਹੈ। ਉਨ੍ਹਾਂ ਦਾ ਪੁੱਤਰ ਕੈਨੇਡਾ ਵਿੱਚ ਹੈ। ਉਸ ਦਿਨ ਮਾਂ ਘਰ ਇਕੱਲੀ ਹੀ ਸੀ। ਉਹ ਅਧਿਆਪਕਾ ਹੈ। ਪੁੱਤਰ ਦੀ ਆਵਾਜ਼ ਬਣਾ ਕੇ ਕਿਸੇ ਨੇ ਉਸ ਨੂੰ ਫੋਨ ਕੀਤਾ ਤੇ ਆਪਣੀ ਬੁਰੀ ਹਾਲਤ ਬਿਆਨ ਕਰਦਿਆਂ ਛੇਤੀ ਪੈਸੇ ਭੇਜਣ ਦੀ ਬੇਨਤੀ ਕੀਤੀ। ਇੱਥੋਂ ਤੱਕ ਆਖਿਆ ਕਿ ਜੇਕਰ ਅੱਜ ਪੈਸੇ ਨਾ ਪਹੁੰਚੇ ਤਾਂ ਉਸ ਨੂੰ ਜੇਲ੍ਹ ਵੀ ਹੋ ਸਕਦੀ ਹੈ। ਆਪਣਾ ਬੈਂਕ ਅਤੇ ਖਾਤਾ ਵੀ ਦੱਸ ਦਿੱਤਾ ਜਿੱਥੇ ਪੈਸੇ ਭੇਜਣੇ ਸਨ। ਮਾਂ ਵਿਚਾਰੀ ਘਬਰਾ ਗਈ। ਬੈਂਕ ਵਿੱਚ ਜਾ ਕੇ ਆਪਣੀਆਂ ਐੱਫਡੀਜ਼ ਤੁੜਵਾਈਆਂ ਤੇ ਬਿਨਾਂ ਸੋਚੇ ਸਮਝੇ ਪੈਸੇ ਭੇਜ ਦਿੱਤੇ। ਰਾਤ ਨੂੰ ਪੁੱਤਰ ਦਾ ਫੋਨ ਆਇਆ ਤਾਂ ਮਾਂ ਨੇ ਪੁੱਛਿਆ, ‘‘ਪੁੱਤਰ, ਪੈਸੇ ਮਿਲ ਗਏ ਤੇ ਤੇਰੀ ਮੁਸੀਬਤ ਟਲ ਗਈ?’’ ਪੁੱਤਰ ਹੈਰਾਨ ਸੀ। ਉਸ ਨੇ ਪੁੱਛਿਆ, ‘‘ਕਿਹੜੀ ਮੁਸੀਬਤ ਤੇ ਕਿਹੜੇ ਪੈਸੇ?’’ ਮਾਂ ਨੇ ਸਾਰੀ ਗੱਲ ਦੱਸੀ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਠੱਗੇ ਗਏ ਹਨ।
ਕੁਝ ਦਿਨ ਪਹਿਲਾਂ ਮੇਰੇ ਨਾਲ ਵੀ ਕੁਝ ਅਜਿਹਾ ਹੋਇਆ ਸੀ। ਮੈਨੂੰ ਸਵੇਰੇ ਕੋਈ 10 ਕੁ ਵਜੇ ਫੋਨ ਆਇਆ। ਮੈਂ ਫੋਨ ਚੁੱਕਿਆ ਤੇ ਅੱਗੋਂ ਆਵਾਜ਼ ਆਈ, ‘‘ਡਾ. ਰਣਜੀਤ ਸਿੰਘ ਜੀ ਬੋਲ ਰਹੇ ਹਨ?’’ ਮੈਂ ਸੋਚਿਆ ਮੇਰਾ ਕੋਈ ਪਾਠਕ ਹੋਵੇਗਾ ਕਿਉਂਕਿ ਦਿਨ ਵਿੱਚ ਅਜਿਹੇ ਕਈ ਫੋਨ ਆਉਂਦੇ ਹਨ। ਮੇਰੇ ‘ਹਾਂ’ ਕਹਿਣ ’ਤੇ ਉਹ ਆਖਣ ਲੱਗਾ, ‘‘ਡਾ. ਸਾਹਿਬ, ਮੈਂ ਤੁਹਾਡਾ ਬਹੁਤ ਪੁਰਾਣਾ ਪਾਠਕ ਹਾਂ, ਵੈਸੇ ਤੁਹਾਡਾ ਪੁੱਤਰ ਕਿੱਥੇ ਕੰਮ ਕਰਦਾ ਹੈ?’’ ਮੈਨੂੰ ਜਾਪਿਆ ਕਿ ਮੇਰਾ ਕੋਈ ਜਾਣੂ ਹੋਵੇਗਾ। ਇਸ ਕਰ ਕੇ ਮੈਥੋਂ ਦੱਸਿਆ ਗਿਆ। ਇੱਥੇ ਇਹ ਦੱਸਣਾ ਵੀ ਉਚਿਤ ਹੋਵੇਗਾ ਕਿ ਉਹ ਠੇਠ ਪੰਜਾਬੀ ਬੋਲ ਰਿਹਾ ਸੀ। ਉਸ ਨੇ ਅੱਗੋਂ ਦੱਸਿਆ, ‘‘ਮੈਂ ਦਿੱਲੀ ਪੁਲੀਸ ਤੋਂ ਬੋਲ ਰਿਹਾ ਹਾਂ। ਤੁਹਾਡਾ ਪੁੱਤਰ ਇੱਕ ਗੰਭੀਰ ਕੇਸ ਵਿੱਚ ਫਸ ਗਿਆ ਹੈ।’’ ਜਦੋਂ ਮੈਂ ਪੁੱਛਿਆ ਕਿ ਕਿਹੜੇ ਕੇਸ ਵਿੱਚ ਫਸ ਗਿਆ ਤਾਂ ਉਸ ਨੇ ਆਖਿਆ, ‘‘ਉਹ ਆਪਣੇ ਦਫ਼ਤਰ ਜਾ ਰਿਹਾ ਸੀ ਕਿ ਰਾਹ ਵਿੱਚ ਕਿਸੇ ਨੇ ਉਸ ਤੋਂ ਲਿਫ਼ਟ ਮੰਗੀ ਤਾਂ ਤੁਹਾਡੇ ਪੁੱਤਰ ਨੇ ਉਸ ਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ। ਅਸੀਂ ਨਾਕੇ ’ਤੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਬੰਦੇ ਕੋਲੋਂ ਨਸ਼ੇ ਦੀਆਂ ਪੁੜੀਆਂ ਮਿਲੀਆਂ। ਅਸੀਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਕਿਉਂਕਿ ਉਹ ਤੁਹਾਡੇ ਪੁੱਤਰ ਦੀ ਗੱਡੀ ਵਿੱਚ ਸੀ, ਇਸ ਕਰ ਕੇ ਉਸ ਨੂੰ ਵੀ ਗ੍ਰਿਫ਼ਤਾਰ ਕਰਨਾ ਪਿਆ। ਮੈਂ ਤੁਹਾਨੂੰ ਇਸ ਕਰ ਕੇ ਫੋਨ ਕੀਤਾ ਕਿ ਤੁਸੀਂ ਸ਼ਰੀਫ ਆਦਮੀ ਹੋ, ਸਮਾਜ ਵਿੱਚ ਤੁਹਾਡੀ ਇੱਜ਼ਤ ਹੈ ਤੇ ਤੁਹਾਡਾ ਪੁੱਤਰ ਵੀ ਚੰਗੇ ਅਹੁਦੇ ਉੱਤੇ ਹੈ। ਜੇਕਰ ਉਸ ਨੂੰ ਸਜ਼ਾ ਹੋ ਗਈ ਤਾਂ ਜ਼ਿੰਦਗੀ ਬਰਬਾਦ ਹੋ ਜਾਵੇਗੀ।’’ ਮੈਂ ਆਖਿਆ, ‘‘ਬੇਟੇ ਨਾਲ ਮੇਰੀ ਗੱਲ ਕਰਾਓ।’’ ਉਸ ਨੇ ਆਖਿਆ, ‘‘ਲਓ ਕਰੋ।’’ ਫੋਨ ’ਤੇ ਕੋਈ ਰੋਂਦਾ ਹੋਇਆ ਆਖ ਰਿਹਾ ਸੀ, ‘‘ਡੈਡੀ ਮੈਨੂੰ ਬਚਾ ਲਵੋ’’। ਫਿਰ ਉਹ ਉੱਚੀ-ਉੱਚੀ ਰੋਣ ਲੱਗ ਪਿਆ।’’ ਮੈਂ ਉਸ ਨੂੰ ਤਸੱਲੀ ਦਿੱਤੀ, ‘‘ਤੂੰ ਫ਼ਿਕਰ ਨਾ ਕਰ ਮੈਂ ਤੈਨੂੰ ਕੁਝ ਨਹੀਂ ਹੋਣ ਦਿੰਦਾ।’’ ਮੈਂ ਫ਼ੋਨ ਕਰਨ ਵਾਲੇ ਨੂੰ ਪੁੱਛਿਆ ਕਿ ਹੁਣ ਕੀ ਕੀਤਾ ਜਾਵੇ? ਉਹ ਆਖਣ ਲੱਗਾ, ‘‘ਸਾਡਾ ਸਾਹਿਬ ਪਰ੍ਹੇ ਖੜ੍ਹਾ ਹੈ, ਮੈਂ ਉਸ ਨਾਲ ਗੱਲ ਕਰਦਾਂ ਹਾਂ ਪਰ ਤੁਸੀਂ ਫੋਨ ਬੰਦ ਨਹੀਂ ਕਰਨਾ।’’ ਦੋ ਕੁ ਮਿੰਟ ਪਿੱਛੋਂ ਉਹ ਮੁੜ ਆਖਣ ਲੱਗਾ, ‘‘ਮੈਂ ਸਾਹਿਬ ਨੂੰ ਬੜੀ ਮੁਸ਼ਕਿਲ ਨਾਲ ਮਨਾਇਆ, ਚਾਰ ਲੱਖ ਮੰਗ ਰਿਹੈ।’’ ਮੈਂ ਆਖਿਆ, ‘‘ਮੇਰੇ ਕੋਲ ਇੰਨੇ ਪੈਸੇ ਤਾਂ ਨਹੀਂ ਹਨ।’’ ਉਹ ਕਹਿੰਦਾ, ‘‘ਤੁਸੀਂ ਕਿੰਨੇ ਦੇਵੋਗੇ?’’ ਮੈਂ ਆਖਿਆ, ‘‘ਮੈਂ ਤਾਂ ਦੋ ਲੱਖ ਹੀ ਦੇ ਸਕਦਾ ਹਾਂ।’’
ਥੋੜ੍ਹੀ ਦੇਰ ਪਿੱਛੋਂ ਉਹ ਆਖਣ ਲੱਗਾ, ‘‘ਮੈਂ ਬੜੀ ਮੁਸ਼ਕਿਲ ਨਾਲ ਮਨਾਇਆ। ਤੁਸੀਂ ਇੰਝ ਕਰੋ ਮੈਂ ਤੁਹਾਨੂੰ ਬੈਂਕ ਤੇ ਖਾਤਾ ਨੰਬਰ ਦੱਸਦਾਂ ਹੁਣੇ ਪੈਸੇ ਭੇਜ ਦੇਵੋ ਪਰ ਫੋਨ ਬੰਦ ਨਹੀਂ ਕਰਨਾ। ਤੁਸੀਂ ਫੋਨ ਬੰਦ ਕਰ ਦਿੱਤਾ ਤਾਂ ਸਾਹਿਬ ਨੇ ਚਲਾਨ ਕਰ ਦੇਣਾ, ਫਿਰ ਮੈਂ ਕੁਝ ਨਹੀਂ ਕਰ ਸਕਦਾ।’’ ਉਸ ਨੇ ਦਵਾਰਕਾ ਦੇ ਇੱਕ ਬੈਂਕ ਦਾ ਨੰਬਰ ਲਿਖਵਾਇਆ ਤੇ ਖਾਤਾਧਾਰਕ ਕੋਈ ਔਰਤ ਸੀ। ਖੁਸ਼ਕਿਸਮਤੀ ਸਮਝੋ ਕਿ ਮੈਨੂੰ ਮੋਬਾਈਲ ਰਾਹੀਂ ਪੈਸੇ ਭੇਜਣੇ ਨਹੀਂ ਆਉਂਦੇ। ਮੈਂ ਆਖਿਆ, ‘‘ਕੁਝ ਸਮਾਂ ਲੱਗੇਗਾ ਮੈਂ ਆਪਣੇ ਬੈਂਕ ਜਾ ਕੇ ਪੈਸੇ ਭੇਜਦਾ ਹਾਂ।’’ ਉਹ ਆਖਣ ਲੱਗਾ, ‘‘ਏਨੀ ਦੇਰ ਸਾਹਿਬ ਨੇ ਉਡੀਕ ਨਹੀਂ ਕਰਨੀ, ਪੈਸੇ ਤਾਂ ਹੁਣੇ ਭੇਜੋ, ਨਹੀਂ ਤਾਂ ਚਲਾਨ ਭਰਿਆ ਜਾਵੇਗਾ।’’ ਮੈਂ ਬੇਨਤੀ ਕੀਤੀ, ‘‘ਮੈਨੂੰ ਫੋਨ ਰਾਹੀਂ ਪੈਸੇ ਭੇਜਣੇ ਨਹੀਂ ਆਉਂਦੇ, ਮੇਰੀ ਮਜਬੂਰੀ ਹੈ।’’ ਉਹ ਆਖਣ ਲੱਗਾ, ‘‘ਗੁਆਂਢੀ ਰਾਹੀਂ ਭਿਜਵਾ ਦੇਵੋ।’’ ਮੇਰੀ ਮਜਬੂਰੀ ਸੀ। ਉਹ ਨਾ ਮੰਨਿਆ ਤਾਂ ਮੈਨੂੰ ਸ਼ੱਕ ਹੋ ਗਿਆ ਤੇ ਮੈਂ ਆਖ ਬੈਠਾ, ‘‘ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ, ਮੈਨੂੰ ਤਾਂ ਫਰਾਡ ਲੱਗਦਾ ਹੈ।’’ ਇਹ ਸੁਣ ਕੇ ਉਸ ਨੇ ਫੋਨ ਬੰਦ ਕਰ ਦਿੱਤਾ। ਉਦੋਂ ਹੀ ਮੈਂ ਆਪਣੇ ਬੇਟੇ ਨੂੰ ਫੋਨ ਮਿਲਾਇਆ। ਉਸ ਨੇ ਦੱਸਿਆ ਕਿ ਉਹ ਤਾਂ ਆਪਣੇ ਦਫ਼ਤਰ ਵਿੱਚ ਹੈ ਤੇ ਅਜਿਹੀ ਕੋਈ ਘਟਨਾ ਨਹੀਂ ਹੋਈ। ਮੈਂ ਸ਼ੁਕਰ ਕੀਤਾ ਕਿ ਮੈਂ ਆਪਣੇ ਆਪ ਨੂੰ ਕੋਸਦਾ ਹੁੰਦਾ ਸਾਂ ਕਿ ਮੈਨੂੰ ਮੋਬਾਈਲ ਰਾਹੀਂ ਪੇਮੈਂਟ ਕਰਨੀ ਨਹੀਂ ਆਉਂਦੀ ਜੋ ਸਿੱਖਣੀ ਚਾਹੀਦੀ ਹੈ। ਉਸ ਦਿਨ ਇਹ ਕੰਮ ਨਾ ਆਉਣਾ ਮੇਰੇ ਲਈ ਵਰਦਾਨ ਬਣ ਗਿਆ।
ਕੁਝ ਦਿਨ ਪਹਿਲਾਂ ਰਾਤ ਦੇ ਦਸ ਕੁ ਵਜੇ ਵਟਸਐਪ ’ਤੇ ਫੋਨ ਆਇਆ, ਮੇਰੇ ‘ਹੈਲੋ’ ਆਖਣ ’ਤੇ ਉਹ ਬੋਲਿਆ, ‘‘ਮਾਮਾ ਜੀ ਸਤਿ ਸ੍ਰੀ ਅਕਾਲ, ਕੈਨੇਡਾ ਤੋਂ ਬੋਲ ਰਿਹਾ ਹਾਂ। ਪਹਿਚਾਣਿਆ ਮੈਨੂੰ।’’ ਮੈਂ ਆਖਿਆ, ‘‘ਕੋਸ਼ਿਸ਼ ਕਰ ਰਿਹਾਂ, ਪਰ ਯਾਦ ਨਹੀਂ ਆ ਰਿਹਾ।’’ ਉਹ ਬੋਲਿਆ, ‘‘ਕੋਸ਼ਿਸ਼ ਕਰੋ।’’
ਮੇਰੀ ਇੱਕ ਦੂਰ ਦੀ ਭੈਣ ਦੇ ਬੱਚੇ ਉੱਥੇ ਰਹਿੰਦੇ ਹਨ, ਮੈਂ ਸੋਚਿਆ ਉਹੀ ਹੋਣਗੇ।
ਮੈਂ ਪੁੱਛਿਆ, ‘‘ਕੁਲਵੰਤ ਬੋਲ ਰਿਹੈਂ?’’
‘‘ਮਾਮਾ ਜੀ, ਤੁਸੀਂ ਪਛਾਣ ਹੀ ਲਿਆ।’’
‘‘ਤੁਹਾਨੂੰ ਮਿਲਿਆਂ ਬਹੁਤ ਸਾਲ ਹੋ ਗਏ। ਇਸ ਉਮਰ ਵਿੱਚ ਕਿੱਥੇ ਯਾਦ ਰਹਿੰਦੈ।’’
‘‘ਹੋਰ ਮਾਮਾ ਜੀ ਮਾਮੀ ਜੀ ਠੀਕ ਹਨ?’’
‘‘ਬਿਲਕੁਲ ਠੀਕ ਹਨ।’’
‘‘ਮਾਮਾ ਜੀ, ਮੇਰਾ ਇੱਕ ਕੰਮ ਕਰੋ।’’
‘‘ਦੱਸ ਕੀ ਕਰਨੈ ?’’
‘‘ਮੈਂ ਤੁਹਾਨੂੰ ਕੁਝ ਪੈਸੇ ਭੇਜਣੇ ਹਨ। ਆਪਣਾ ਬੈਂਕ ਦਾ ਖਾਤਾ ਨੰਬਰ ਭੇਜੋ।’’
‘‘ਮੈਨੂੰ ਕਿਉਂ ਭੇਜਣੇ ਹਨ? ਆਪਣੇ ਘਰਦਿਆਂ ਨੂੰ ਭੇਜ।’’
‘‘ਨਹੀਂ, ਮੈਂ ਉਨ੍ਹਾਂ ਨੂੰ ਨਹੀਂ ਭੇਜਣੇ। ਮੈਂ ਅਗਲੇ ਮਹੀਨੇ ਆਉਣਾ ਹੈ ਤੇ ਤੁਹਾਡੇ ਤੋਂ ਲੈ ਲਵਾਂਗਾ।’’
‘‘ਨਹੀਂ ਬਈ, ਮੈਂ ਬੁੱਢੇ ਵਾਰੇ ਇਸ ਝੰਜਟ ਵਿੱਚ ਨਹੀਂ ਪੈਣਾ। ਨਾਲੇ ਮੈਨੂੰ ਹੁਣ ਖਾਤਾ ਨੰਬਰ ਵੀ ਜ਼ੁਬਾਨੀ ਯਾਦ ਨਹੀਂ।’’
‘‘ਪਲੀਜ਼ ਮਾਮਾ ਜੀ, ਇੰਝ ਨਾ ਕਰੋ। ਮੈਨੂੰ ਤੁਹਾਡੇ ਨਾਲ ਬਹੁਤ ਲਗਾਅ ਹੈ।’’
‘‘ਮੇਰੀ ਮਜਬੂਰੀ ਹੈ। ਇਸ ਵੇਲੇ ਰਾਤ ਨੂੰ ਮੈਂ ਪਾਸ ਬੁੱਕ ਕਿੱਥੋਂ ਲੱਭਦਾ ਫਿਰਾਂਗਾ!’’
‘‘ਅੱਛਾ ਮਾਮਾ ਜੀ, ਮੈਨੂੰ ਤਾਂ ਤੁਹਾਡੇ ’ਤੇ ਬਹੁਤ ਉਮੀਦ ਸੀ।’’
‘‘ਮੇਰੀ ਮਜਬੂਰੀ ਹੈ ਬੇਟਾ, ਸਤਿ ਸ੍ਰੀ ਅਕਾਲ।’’
ਸ਼ਾਇਦ ਮੈਂ ਖਾਤਾ ਨੰਬਰ ਦੱਸ ਵੀ ਦਿੰਦਾ, ਪਰ ਕੋਸ਼ਿਸ਼ ਕਰਨ ’ਤੇ ਵੀ ਮੈਨੂੰ ਆਪਣਾ ਖਾਤਾ ਨੰਬਰ ਯਾਦ ਨਹੀਂ ਰਹਿੰਦਾ ਕਿਉਂਕਿ ਹੁਣ ਕਾਫ਼ੀ ਲੰਮੇ ਨੰਬਰ ਹੋ ਗਏ ਹਨ। ਇੱਥੇ ਵੀ ਮੇਰੀ ਯਾਦਦਾਸ਼ਤ ਦੀ ਕਮਜ਼ੋਰੀ ਮੇਰੀ ਸਹਾਇਕ ਬਣੀ।
ਜੋ ਵੀ ਹੈ, ਪੰਜਾਬੀਆਂ ਦਾ ਇਸ ਪਾਸੇ ਤੁਰਨਾ ਬਹੁਤ ਹੀ ਬੁਰਾ ਹੈ। ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਭੈੜ ਹੋਵੇਗਾ ਜਿਸ ਨੂੰ ਸਾਡੀ ਨਵੀਂ ਪੀੜ੍ਹੀ ਨਹੀਂ ਅਪਣਾ ਰਹੀ। ਵਿਦੇਸ਼ ਤੋਂ ਨਿੱਤ ਖ਼ਬਰਾਂ ਮਿਲਦੀਆਂ ਹਨ ਜਿਸ ਤੋਂ ਪੰਜਾਬੀ ਮੁੰਡੇ ਤੇ ਕੁੜੀਆਂ ਵੱਲੋਂ ਨਸ਼ਾ ਤਸਕਰੀ, ਗੁੰਡਾਗਰਦੀ ਅਤੇ ਗ਼ਲਤ ਕੰਮ ਕਰਨ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਜਿੱਥੇ ਪੰਜਾਬੀ ਵਿਦੇਸ਼ਾਂ ਵਿੱਚ ਵਿਉਪਾਰ, ਖੇਤੀ, ਪੜ੍ਹਾਈ ਅਤੇ ਰਾਜਨੀਤੀ ਵਿੱਚ ਮੱਲਾਂ ਮਾਰ ਰਹੇ ਹਨ ਉੱਥੇ ਕੁਝ ਬੰਦਿਆਂ ਦੇ ਗ਼ਲਤ ਕੰਮ ਪੂਰੀ ਪੰਜਾਬੀ ਕੌਮ ਨੂੰ ਬਦਨਾਮ ਕਰਦੇ ਹਨ।