ਸਾਈਬਰ ਅਪਰਾਧ ਸਭ ਤੋਂ ਵੱਡੇ ਖ਼ਤਰੇ ਵਜੋਂ ਉਭਰਿਆ: ਨਿਤਿਆਨੰਦ ਰਾਏ
ਹੈਦਰਾਬਾਦ, 20 ਸਤੰਬਰ
ਸਾਈਬਰ ਅਪਰਾਧ ਦੇ ਸਭ ਤੋਂ ਵੱਡੇ ਖ਼ਤਰੇ ਵਜੋਂ ਉਭਰਨ ਦਾ ਜ਼ਿਕਰ ਕਰਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਟਰੇਨੀ ਆਈਪੀਐੱਸ ਅਫ਼ਸਰਾਂ ਨੂੰ ਅਪੀਲ ਕੀਤੀ ਕਿ ਉਹ ਤਕਨੀਕੀ ਮੁਹਾਰਤ ਨਾਲ ਡਿਜੀਟਲ ਚੁਣੌਤੀਆਂ ਦਾ ਹੱਲ ਕੱਢਣ ਦੇ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਇਸ ਸੰਦਰਭ ’ਚ ਸਾਈਬਰ ਫੋਰੈਂਸਿਕ ਲੈਬ ਅਤੇ ਹੋਰ ਤਕਨੀਕ ਆਧਾਰਿਤ ਕਦਮ ਚੁੱਕੇ ਗਏ ਹਨ। ਰਾਏ ਹੈਦਰਾਬਾਦ ਦੇ ਬਾਹਰਵਾਰ ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲੀਸ ਅਕੈਡਮੀ ’ਚ ਆਈਪੀਐੱਸ ਅਫ਼ਸਰਾਂ ਦੇ 76ਵੇਂ ਬੈਚ ਦੀ ਦੀਕਸ਼ਾਂਤ ਪਰੇਡ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਵਿੱਖ ’ਚ ਤਕਨਾਲੋਜੀ ਅੰਦਰੂਨੀ ਸੁਰੱਖਿਆ ਦੇ ਪ੍ਰਬੰਧਨ ’ਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਇਸੇ ਕਰਕੇ ਪੁਲੀਸ ਤਕਨਾਲੋਜੀ ਮਿਸ਼ਨ ਸਥਾਪਤ ਕੀਤਾ ਗਿਆ ਹੈ। ਅਤਿਵਾਦ ਅਤੇ ਨਕਸਲਵਾਦ ’ਤੇ ਨੱਥ ਪਾਉਣ ਦਾ ਦਾਅਵਾ ਕਰਦਿਆਂ ਮੰਤਰੀ ਨੇ ਕਿਹਾ ਕਿ ਨੌਜਵਾਨ ਅਧਿਕਾਰੀਆਂ ਅੱਗੇ ਅਤਿਵਾਦ ਨੂੰ ਜੜ੍ਹੋਂ ਉਖਾੜਨ ਦੀ ਚੁਣੌਤੀ ਹੈ ਅਤੇ ਉਹ ਇਹ ਯਕੀਨੀ ਬਣਾਉਣ ਕੇ ਦੋਵੇਂ ਮੁੜ ਸਿਰ ਨਾ ਚੁੱਕ ਸਕਣ। ਬੀਐੱਨਐੱਸ ਅਤੇ ਹੋਰ ਨਵੇਂ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਲੋਕ ਪੱਖੀ ਹਨ। ਉਨ੍ਹਾਂ ਅਧਿਕਾਰੀਆਂ ਨੂੰ ਨਵੇਂ ਕਾਨੂੰਨਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। -ਪੀਟੀਆਈ