ਸਾਈਬਰ ਠੱਗਾਂ ਨੇ ਪੁੱਤਰ ਦੇ ਨਾਮ ’ਤੇ ਬਜ਼ੁਰਗ ਨੂੰ ਠੱਗਿਆ
ਪੱਤਰ ਪ੍ਰੇਰਕ
ਜਗਰਾਉਂ, 27 ਨਵੰਬਰ
ਪੁਲੀਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਸਾਈਬਰ ਕਰਾਈਮ ਸੈੱਲ ਨੇ ਫੋਨ ਕਰਕੇ ਇੱਕ ਬਜ਼ੁਰਗ ਨੂੰ ਠੱਗਣ ਦੇ ਦੋਸ਼ ਹੇਠ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਏਐੱਸਆਈ ਸ਼ੇਰਵਿੰਦਰ ਸਿੰਘ ਅਤੇ ਪੀੜਤ ਬਜੁਰਗ ਭੁਪਿੰਦਰ ਸਿੰਘ ਵਾਸੀ ਪਿੰਡ ਚੌਕੀਮਾਨ (ਥਾਣਾ ਸਦਰ) ਨੇ ਦੱਸਿਆ ਕਿ ਭੁਪਿੰਦਰ ਸਿੰਘ ਦਾ ਲੜਕਾ ਰਾਜਿੰਦਰ ਸਿੰਘ ਕੈਨੇਡਾ ਰਹਿੰਦਾ ਹੈ ਤੇ ਬੀਤੀ 18 ਅਕਤੂਬਰ ਨੂੰ ਉਸ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਸੀ ਜਿਸ ਵਿੱਚ ਕਾਲ ਕਰਨ ਵਾਲੇ ਨੇ ਖ਼ੁਦ ਨੂੰ ਕੈਨੇਡੀਅਨ ਪੁਲੀਸ ਦਾ ਅਧਿਕਾਰੀ ਦੱਸਦਿਆਂ ਭੁਪਿੰਦਰ ਸਿੰਘ ਨੂੰ ਡਰਾਇਆ ਕਿ ਉਸ ਦੇ ਲੜਕੇ ਕਾਰਨ ਕੈਨੇਡਾ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਕਿਸੇ ਦੀ ਮੌਤ ਹੋ ਗਈ ਹੈ ਜਿਸ ਕਰਕੇ ਰਾਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਜੇਕਰ ਉਹ ਰਾਜਿੰਦਰ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਬਿਨਾਂ ਦੇਰੀ ਫੈਡਰਲ ਬੈਂਕ ਦੇ ਅਕਾਂਊਂਟ ’ਚ 4 ਲੱਖ ਰੁਪਏ ਪਾਵੇ। ਇਸ ਕਾਲ ਮਗਰੋਂ ਘੁਰਾਏ ਭੁਪਿੰਦਰ ਸਿੰਘ ਨੇ ਚਾਰ ਲੱਖ ਰੁਪਏ ਫੈਡਰਲ ਬੈਂਕ ਦੇ ਖਾਤੇ ’ਚ ਦਿੱਤੇ। ਪੈਸੇ ਭੇਜਣ ਮਗਰੋਂ ਭੁਪਿੰਦਰ ਸਿੰਘ ਨੇ ਆਪਣੇ ਪੁੱਤਰ ਨਾਲ ਗੱਲ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਹ ਠੀਕ-ਠਾਕ ਹੈ ਤੇ ਉਸ ਨਾਲ ਕੋਈ ਹਾਦਸਾ ਨਹੀਂ ਵਾਪਰਿਆ। ਇਸ ਮਗਰੋਂ ਭੁਪਿੰਦਰ ਸਿੰਘ ਨੂੰ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ। ਸਾਈਬਰ ਸੈੱਲ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਛਾਣਬੀਣ ਆਰੰਭ ਦਿੱਤੀ ਹੈ।
ਲੁੱਟ-ਖੋਹ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ):
ਥਾਣਾ ਮੋਤੀ ਨਗਰ ਦੀ ਪੁਲੀਸ ਨੇ ਚੋਰੀ ਦੇ ਮੋਟਰਸਾਈਕਲ ’ਤੇ ਖਿਡੌਣਾ ਪਿਸਤੌਲ ਦਿਖਾ ਕੇ ਰਾਹਗੀਰਾਂ ਤੋਂ ਲੁੱਟਾਂ-ਖੋਹਾਂ ਕਰਨ ਦੇ ਦੋਸ਼ ਹੇਠ 4 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਪੰਜ ਮੋਟਰਸਾਈਕਲ, ਇੱਕ ਐਕਟਿਵਾ, ਇੱਕ ਖਿਡੌਣਾ ਪਿਸਤੌਲ, ਤਿੰਨ ਮੋਬਾਈਲ ਫੋਨ, ਤੇਜ਼ਧਾਰ ਹਥਿਆਰ ਤੇ ਰਾਡਾਂ ਬਰਾਮਦ ਹੋਈਆਂ ਹਨ। ਇਸ ਮਾਮਲੇ ’ਚ ਪੁਲੀਸ ਨੇ ਬਿਹਾਰ ਵਾਸੀ ਸੰਜੈ ਕੁਮਾਰ, ਮੋਤੀ ਨਗਰ ਵਾਸੀ ਸੰਨੀ ਕੁਮਾਰ, ਆਸ਼ੂ ਉਰਫ ਬਾਬਾ ਗਿਰੀ ਵਾਸੀ ਹਰਗੋਬਿੰਦਪੁਰਾ, ਪੰਕਜ ਕੁਮਾਰ ਵਾਸੀ ਦੌਲਤ ਕਲੋਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਉਸ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਮੋਤੀ ਨਗਰ ਦੇ ਐੱਸਐੱਚਓ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਆਸ਼ੂ ਗਿਰੀ ਅਤੇ ਪੰਕਜ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਫੈਕਟਰੀ ਲੁੱਟਣ ਦੀ ਯੋਜਨਾ ਬਣਾ ਰਹੇ ਸਨ।