For the best experience, open
https://m.punjabitribuneonline.com
on your mobile browser.
Advertisement

ਸਾਈਬਰ ਠੱਗਾਂ ਨੇ ਬਜ਼ੁਰਗ ਕੋਲੋਂ 11 ਲੱਖ ਠੱਗੇ

08:00 AM Sep 20, 2024 IST
ਸਾਈਬਰ ਠੱਗਾਂ ਨੇ ਬਜ਼ੁਰਗ ਕੋਲੋਂ 11 ਲੱਖ ਠੱਗੇ
ਜਾਣਕਾਰੀ ਦਿੰਦੇ ਹੋਏ ਰਾਕੇਸ਼ ਖੰਨਾ।
Advertisement

ਗਗਨਦੀਪ ਅਰੋੜਾ
ਲੁਧਿਆਣਾ, 19 ਸਤੰਬਰ
ਸ਼ਹਿਰ ਦੇ ਡਾ. ਸ਼ਿਆਮ ਸਿੰਘ ਰੋਡ ਵਾਸੀ ਰਾਕੇਸ਼ ਖੰਨਾ (72) ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਇਕੱਠੇ ਕੀਤੇ ਸਾਰੇ ਪੈਸੇ ਕੁੱਝ ਹੀ ਮਿੰਟਾਂ ਵਿੱਚ ਗਵਾ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਰਾਕੇਸ਼ ਖੰਨਾ ਨੇ ਜਦੋਂ ਐਲਪੀਜੀ ਗੈਸ ਸਿਲੰਡਰ ਦੀ ਡਿਲੀਵਰੀ ਵਿੱਚ ਦੇਰੀ ਬਾਰੇ ਸ਼ਿਕਾਇਤ ਦਰਜ ਕਰਵਾਉਣ ਲਈ ਕੰਪਨੀ ਦਾ ਨੰਬਰ ਆਨਲਾਈਨ ਲਭਿਆ ਤਾਂ ਉਨ੍ਹਾਂ ਨੂੰ ਇੱਕ ਨੰਬਰ ਮਿਲਿਆ, ਜੋ ਅਸਲ ਵਿੱਚ ਸਾਈਬਰ ਠੱਗਾਂ ਵੱਲੋਂ ਅਜਿਹੀਆਂ ਠੱਗੀਆਂ ਕਰਨ ਦੀ ਭਾਲ ਵਿੱਚ ਹੀ ਇੰਟਰਨੈੱਟ ’ਤੇ ਪਾਇਆ ਗਿਆ ਸੀ। ਜਦੋਂ ਰਾਕੇਸ਼ ਖੰਨਾ ਨੇ ਉਸ ਨੰਬਰ ’ਤੇ ਕਾਲ ਕੀਤੀ ਤਾਂ ਸਾਈਬਰ ਠੱਗਾਂ ਨੇ ਕੇਵਾਈਸੀ ਕਰਵਾਉਣ ਦੇ ਨਾਂ ’ਤੇ ਦਸ ਰੁਪਏ ਟਰਾਂਸਫਰ ਕਰਵਾਉਣ ਦਾ ਲਿੰਕ ਭੇਜਿਆ, ਜਿਵੇਂ ਹੀ ਰਾਕੇਸ਼ ਖੰਨਾ ਨੇ ਉਸ ਲਿੰਕ ਨੂੰ ਖੋਲ੍ਹਿਆ ਤਾਂ ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ਦੇ ਬੈਂਕ ਖਾਤੇ ਵਿੱਚੋਂ 50-50 ਹਜ਼ਾਰ ਕਰਕੇ 11 ਲੱਖ ਰੁਪਏ ਨਿਕਲ ਗਏ। ਜਦੋਂ ਤੱਕ ਰਾਕੇਸ਼ ਖੰਨਾ ਕੁਝ ਵੀ ਕਰ ਸਕਦਾ ਸੀ, ਉਦੋਂ ਤੱਕ ਉਸ ਦੇ ਖਾਤੇ ਵਿੱਚੋਂ ਪੈਸੇ ਗਾਇਬ ਹੋ ਚੁੱਕੇ ਸਨ। ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਉਸ ਦੀ ਸ਼ਿਕਾਇਤ ’ਤੇ ਥਾਣਾ ਸਾਈਬਰ ਸੈੱਲ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਦਾ ਪਤਾ ਲਾਉਣ ਵਿੱਚ ਲੱਗੀ ਹੋਈ ਹੈ।
ਰਾਕੇਸ਼ ਖੰਨਾ ਨੇ ਦੱਸਿਆ ਕਿ ਰਸੋਈ ਗੈਸ ਸਿਲੰਡਰ ਦੀ ਡਿਲੀਵਰੀ ਵਿੱਚ ਦੇਰੀ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਉਸ ਨੇ ਆਨਲਾਈਨ ਗਾਹਕ ਸੇਵਾ ਨੰਬਰ 1906 ’ਤੇ ਫੋਨ ਕੀਤਾ, ਪਰ ਹੈਲਪਲਾਈਨ ਨੰਬਰ ਕੰਮ ਨਹੀਂ ਕਰ ਰਿਹਾ ਸੀ। ਇਸ ਲਈ ਉਸ ਨੇ ਗੂਗਲ ’ਤੇ ਨੰਬਰ ਸਰਚ ਕੀਤਾ ਅਤੇ ਨੰਬਰ ਡਾਇਲ ਕੀਤਾ। ਇਹ ਕਾਲ ਕਿਸੇ ਗੈਸ ਕੰਪਨੀ ਨੂੰ ਲੱਗਣ ਦੀ ਥਾਂ ਠੱਗਾਂ ਕੋਲ ਲੱਗੀ। ਜਿਨ੍ਹਾਂ ਖ਼ੁਦ ਨੂੰ ਇੰਡੇਨ ਦੇ ਗਾਹਕ ਸੇਵਾ ਅਧਿਕਾਰੀ ਵਜੋਂ ਪੇਸ਼ ਕੀਤਾ। ਗੱਲਬਾਤ ਦੌਰਾਨ ਮੁਲਜ਼ਮ ਨੇ ਰਾਕੇਸ਼ ਖੰਨਾ ਨੂੰ ਪੂਰੀ ਤਰ੍ਹਾਂ ਭਰੋਸੇ ਵਿੱਚ ਲੈ ਲਿਆ ਅਤੇ ਉਸ ਨੂੰ ਕਿਹਾ ਕਿ ਉਸ ਦੇ ਖਾਤੇ ਲਈ ਕੇਵਾਈਸੀ ਕਰਵਾਉਣੀ ਲਾਜ਼ਮੀ ਹੈ ਤੇ ਇਸ ਕੰਮ ਲਈ ਉਨ੍ਹਾਂ ਨੂੰ ਇੱਕ ਲਿੰਕ ਭੇਜਿਆ ਜਾਵੇਗਾ, ਜਿਸ ਮਗਰੋਂ ਉਸ ਦੇ ਖਾਤੇ ਵਿੱਚੋਂ ਸਿਰਫ਼ 10 ਰੁਪਏ ਦਾ ਭੁਗਤਾਨ ਹੋਵੇਗਾ। ਮੁਲਜ਼ਮ ਨੇ ਵਟਸਐਪ ’ਤੇ ਰਾਕੇਸ਼ ਖੰਨਾ ਦੇ ਨੰਬਰ ’ਤੇ ਲਿੰਕ ਭੇਜਿਆ ਜਿਸ ਨੂੰ ਖੋਲ੍ਹਦੇ ਸਾਰ ਹੀ ਉਸ ਦਾ ਫੋਨ ਹੈਕ ਹੋ ਗਿਆ ਅਤੇ ਇੱਕ ਤੋਂ ਬਾਅਦ ਇੱਕ ਕਰਕੇ 50-50 ਹਜ਼ਾਰ ਰੁਪਏ ਦੀਆਂ ਕਈ ਟਰਾਂਸਫਰਾਂ ਠੱਗਾਂ ਨੇ ਕਰ ਲਈਆਂ। ਇਸ ਦੌਰਾਨ ਜਦੋਂ ਰਾਕੇਸ਼ ਖੰਨਾ ਨੇ ਪੈਸੇ ਨਿਕਲਣ ਦੀ ਗੱਲ ਆਖੀ ਤਾਂ ਠੱਗ ਨੇ ਕਿਹਾ ਕਿ ਇਹ ਰਕਮ ਤੁਰੰਤ ਉਸ ਦੇ ਅਕਾਉਂਟ ਵਿੱਚ ਵਾਪਸ ਆ ਜਾਵੇਗੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਪੈਸਾ ਬੰਧਨ ਬੈਂਕ, ਐਕਸਿਸ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਕੋਟਕ ਮਹਿੰਦਰਾ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਯੂਨੀਅਨ ਬੈਂਕ, ਇੰਡੀਅਨ ਬੈਂਕ ਅਤੇ ਐਚਡੀਐਫਸੀ ਬੈਂਕ ਸਮੇਤ 22 ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤਾ ਗਿਆ ਸੀ। ਜਿਸ ਵਿੱਚ ਹਰੇਕ ਵਿੱਚ 50 ਹਜ਼ਾਰ ਰੁਪਏ ਸਨ। ਇਹ ਪੈਸਾ ਮੁੱਖ ਤੌਰ ’ਤੇ ਅਸਾਮ, ਮੁੰਬਈ, ਦਿੱਲੀ ਅਤੇ ਰਾਜਸਥਾਨ ਨੂੰ ਗਿਆ ਹੈ।

Advertisement

Advertisement
Advertisement
Author Image

sukhwinder singh

View all posts

Advertisement