ਸਾਬਕਾ ਕੌਂਸਲਰ ਨੂੰ ਆਈ ਸਾਈਬਰ ਠੱਗ ਦੀ ‘ਕਾਲ’
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਅਕਤੂਬਰ
ਸਾਈਬਰ ਠੱਗਾਂ ਨੇ ਸਾਬਕਾ ਕੌਂਸਲਰ ਅੰਮ੍ਰਿਤ ਵਰਸ਼ਾ ਰਾਮਪਾਲ ਨੂੰ ਵਟਸਐਪ ’ਤੇ ਫੋਨ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਨੰਬਰ ਤੋਂ ਫੋਨ ਕੀਤਾ ਗਿਆ, ਉਸ ਦੇ ਵਟਸਐਪ ’ਤੇ ਇੱਕ ਪੁਲੀਸ ਅਧਿਕਾਰੀ ਦੀ ਫੋਟੋ ਲੱਗੀ ਹੋਈ ਸੀ। ਇਸ ’ਤੇ ਗੱਲ ਕਰਨ ਵਾਲੇ ਵਿਅਕਤੀ ਨੇ ਉਨ੍ਹਾਂ ਦੇ ਭਤੀਜੇ ਨੂੰ ਗਲਤ ਕੰਮ ਕਰਦੇ ਫੜੇ ਜਾਣ ਦੀ ਧਮਕੀ ਦਿੱਤੀ। ਸਾਬਕਾ ਕੌਂਸਲਰ ਨੂੰ ਜਦੋਂ ਫੋਨ ਆਇਆ ਤਾਂ ਉਹ ‘ਆਪ’ ਵਿਧਾਇਕ ਦੇ ਦਫ਼ਤਰ ਵਿੱਚ ਬੈਠੀ ਸੀ। ‘ਆਪ’ ਵਿਧਾਇਕ ਨੇ ਫੋਨ ਚੁੱਕਿਆ ਅਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਮੁਲਜ਼ਮ ਤੋਂ ਥਾਣਾ ਪੁੱਛਿਆ ਤਾਂ ਮੁਲਜ਼ਮ ਨੇ ਫੋਨ ਕੱਟ ਦਿੱਤਾ ਜਿਸ ਤੋਂ ਬਾਅਦ ‘ਆਪ’ ਵਿਧਾਇਕ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸਾਰੀ ਗੱਲ ਦੱਸੀ ਅਤੇ ਇਸ ਸਬੰਧੀ ਸ਼ਿਕਾਇਤ ਕੀਤੀ। ਜਾਣਕਾਰੀ ਮੁਤਾਬਕ ਸਾਬਕਾ ਕੌਂਸਲਰ ਅੰਮ੍ਰਿਤ ਵਰਸ਼ਾ ਰਾਮਪਾਲ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੇ ਦਫ਼ਤਰ ਵਿੱਚ ਬੈਠੀ ਸੀ। ਇਸ ਦੌਰਾਨ ਉਸ ਨੂੰ ਵਟਸਐਪ ਕਾਲ ਆਈ ਜਿਸ ’ਤੇ ਸਬ ਇੰਸਪੈਕਟਰ ਦੀ ਪ੍ਰੋਫਾਈਲ ਫੋਟੋ ਲੱਗੀ ਹੋਈ ਸੀ। ਕਿਸੇ ਪੁਲੀਸ ਅਧਿਕਾਰੀ ਦੀ ਕਾਲ ਸਮਝ ਕੇ ਸਾਬਕਾ ਕੌਂਸਲਰ ਨੇ ਫ਼ੋਨ ਚੁੱਕ ਲਿਆ। ਜਦੋਂ ਮੁਲਜ਼ਮ ਨੇ ਸਾਬਕਾ ਕੌਂਸਲਰ ਨੂੰ ਉਨ੍ਹਾਂ ਦੇ ਭਤੀਜੇ ਨੂੰ ਗਲਤ ਕੰਮ ਕਰਨ ਲਈ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ ਤਾਂ ਸਾਬਕਾ ਕੌਂਸਲਰ ਨੇ ਫੋਨ ‘ਆਪ’ ਵਿਧਾਇਕ ਨੂੰ ਫੜਾ ਦਿੱਤਾ। ਵਿਧਾਇਕ ਫੋਨ ’ਤੇ ਗੱਲ ਕਰਨ ਲੱਗਾ ਤਾਂ ਮੁਲਜ਼ਮ ਠੱਗ ਨੇ ਉਨ੍ਹਾਂ ਨੂੰ ਉਸ ਦੇ ਭਤੀਜੇ ਦਾ ਨਾਂ ਪੁੱਛਿਆ ਤਾਂ ਉਨ੍ਹਾਂ ਨੇ ਉਸ ਨੂੰ ਅਰਵਿੰਦ ਦੱਸਿਆ ਜਿਸ ’ਤੇ ਮੁਲਜ਼ਮ ਨੇ ਕਿਹਾ ਕਿ ਉਨ੍ਹਾਂ ਦਾ ਭਤੀਜਾ ਨਾਜਾਇਜ਼ ਕੰਮ ਕਰਦਾ ਫੜਿਆ ਗਿਆ ਹੈ ਅਤੇ ਹੁਣ ਉਸ ਨੂੰ ਥਾਣੇ ਵਿੱਚ ਕੁੱਟਿਆ ਜਾਵੇਗਾ। ਜਦੋਂ ‘ਆਪ’ ਵਿਧਾਇਕ ਨੇ ਮੁਲਜ਼ਮ ਤੋਂ ਥਾਣੇ ਬਾਰੇ ਪੁੱਛਿਆ ਤਾਂ ਮੁਲਜ਼ਮ ਨੂੰ ਸ਼ੱਕ ਹੋਇਆ ਤੇ ਉਸ ਨੇ ਤੁਰੰਤ ਫੋਨ ਕੱਟ ਦਿੱਤਾ।