ਪੰਚਕੂਲਾ ’ਚ 84 ਲੱਖ ਦੀ ਸਾਈਬਰ ਠੱਗੀ ਦੇ ਤਾਰ ਮੁਕਤਸਰ ਨਾਲ ਜੁੜੇ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 30 ਅਕਤੂਬਰ
ਪੰਚਕੂਲਾ ਦੇ ਇੱਕ ਫੌਜੀ ਅਫਸਰ ਪਾਸੋਂ ਸੀਬੀਆਈ ਫਰਜ਼ੀ ਡੀਸੀਪੀ ਬਣ ਕੇ ਕਰੀਬ 84 ਲੱਖ ਰੁਪਏ ਦੀ ਸਾਈਬਰ ਠੱਗੀ ਦੇ ਮਾਮਲੇ ਵਿੱਚ ਪੰਚਕੂਲਾ ਪੁਲੀਸ ਨੇ ਮੁਕਤਸਰ ਤੋਂ ਇੱਕ ਔਰਤ ਤੇ ਇਕ ਪੁਰਸ਼ ਨੂੰ ਕਾਬੂ ਕੀਤਾ ਹੈ। ਮੁਕਤਸਰ ਪੁੱਜੇ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦਾ ਮਾਸਟਰ ਮਾਈਂਡ ਮੁਕਤਸਰ ਦਾ ਰਹਿਣ ਵਾਲਾ ਕਾਰਤਿਕ ਜੋ ਹਾਲ ਦੀ ਘੜੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਕਈ ਬੈਂਕਾਂ ਦੇ ਮੈਨੇਜਰਾਂ ਦੀ ਭੂਮਿਕਾ ਨੂੰ ਵੀ ਸ਼ੱਕ ਦੇ ਘੇਰੇ ਵਿਚ ਹੈ। ਉਨ੍ਹਾਂ ਦੱਸਿਆ ਕਿ ਇਹ ਠੱਗ ਗਰੋਹ ਨਕਲੀ ਸੀਬੀਆਈ ਅਧਿਕਾਰੀ ਬਣ ਕੇ ‘ਸ਼ਿਕਾਰ’ ਨੂੰ ਫਸਾਉਂਦੇ ਸਨ ਫਿਰ ਉਨ੍ਹਾਂ ਪਾਸੋਂ ਮੁੰਬਈ ਤੇ ਹੋਰ ਸ਼ਹਿਰਾਂ ਦੀਆਂ ਬੈਂਕਾਂ ’ਚ ਪੈਮੇਂਟ ਕਰਵਾਉਂਦੇ ਸਨ, ਫਿਰ ਉਕਤ ਪੈਮੇਂਟ ਨੂੰ ਮੁਕਤਸਰ ਲਾਗਲੀਆਂ ਬੈਂਕਾਂ ’ਚ ਮੰਗਵਾ ਕੇ ਕਢਵਾ ਲੈਂਦੇ ਸਨ। ਬੈਂਕਾਂ ’ਚ ਆਮ ਲੋਕਾਂ ਨੂੰ ਪੰਜ-ਦਸ ਹਜ਼ਾਰ ਦਾ ਲਾਲਚ ਦੇ ਕੇ ਖਾਤੇ ਖੁੱਲ੍ਹਵਾਏ ਜਾਂਦੇ ਸਨ। ਪੁਲੀਸ ਤਫਤੀਸ਼ ਅਨੁਸਾਰ ਠੱਗਾਂ ਨੇ ਮੁਕਤਸਰ ਤੋਂ ਇੱਕੋ ਦਿਨ ’ਚ 8 ਮੋਬਾਈਲ ਸਿੰਮ ਖਰੀਦੇ ਸਨ। ਇਨ੍ਹਾਂ ਫੋਨ ਨੰਬਰਾਂ ਤੋਂ ਹੀ ਵਰਡਜ਼ਐਪ ਕਾਲ ਕਰ ਕੇ ਠੱਗੀ ਮਾਰੀ ਸੀ। ਇਸ ਤਰ੍ਹਾਂ ਦੀਆਂ ਭਾਰਤ ’ਚ ਅੱਠ ਸ਼ਿਕਾਇਤਾਂ ਹਨ। ਗ੍ਰਿਫਤਾਰ ਕੀਤੀ ਸੁਮਨ ਨਾਮ ਦੀ ਔਰਤ ਦੇ ਨਾਮ ’ਤੇ ਲਾਗਲੇ ਪਿੰਡ ਰੁਪਾਣਾ ਦੇ ਬੈਂਕ ’ਚ ਖਾਤਾ ਸੀ ਜਿਸ ਵਿੱਚੋਂ ਮੁਕੇਸ਼ ਕੁਮਾਰ ਪੈਸੇ ਕਢਵਾਉਂਦਾ ਸੀ। ਇਹ ਦੋਵੇਂ ਗ੍ਰਿਫਤਾਰ ਕਰ ਲਏ ਹਨ। ਇਨ੍ਹੀ ਭਾਰੀ ਰਕਮ ਸਧਾਰਨ ਚੈੱਕਾਂ ਰਾਹੀਂ ਨਕਦ ਅਦਾ ਕਰਨ ਦੇ ਮਾਮਲੇ ’ਚ ਕਈ ਬੈਂਕਾਂ ਦੇ ਮੈਨੇਜਰ ਪੁਲੀਸ ਦੀ ਰਾਡਾਰ ’ਤੇ ਹਨ।