Cyber Fraud: Digital Arrest ਕਰਕੇ ਖਾਤੇ ਚੋਂ ਉਡਾਏ 10 ਕਰੋੜ
ਨਵੀਂ ਦਿੱਲੀ, 15 ਨਵੰਬਰ
Cyber Fraud: ਦੇਸ਼ ਵਿੱਚ ਬੀਤੇ ਸਮੇਂ ਤੋਂ ਡੀਜੀਟਲ ਅਰੈਸਟ Digital Arrest ਕਰਕੇ ਧੋਖਾਧੜੀ ਦੀਆਂ ਖਬਰਾਂ ਸਾਮਣੇ ਆ ਰਹੀਆਂ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ Digital Arrest ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਆਪਣੇ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਇਸ ਬਾਰੇ ਜਾਗਰੂਕ ਕੀਤਾ ਗਿਆ ਸੀ।
ਇਸੇ ਸਬੰਧਤ ਦਿੱਲੀ ਦੇ ਰੋਹਿਣੀ ਵਿਚ ਇੱਕ ਸੇਵਾਮੁਕਤ 70 ਸਾਲਾ ਇੰਜੀਨੀਅਰ ਨੂੰ ਸਾਈਬਰ ਧੋਖਾਧੜੀ ਵਿੱਚ ਫਸਾ ਕੇ 10 ਕਰੋੜ 30 ਲੱਖ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੀੜਤ ਕਈ ਕੰਪਨੀਆਂ ਵਿੱਚ ਉੱਚ ਅਹੁਦਿਆਂ ’ਤੇ ਚੁੱਕਿਆ ਹੈ। ਉਸ ਦੇ ਨਾਮ ’ਤੇ ਇੱਕ ਕੋਰੀਅਰ ਹੋਣ ਦੇ ਬਾਰੇ ਵਿੱਚ ਠੱਗਾਂ ਵੱਲੋਂ ਇੱਕ ਫੋਨ ਆਇਆ ਸੀ। ਜਿਵੇਂ ਹੀ ਪੀੜਤ ਨੇ ਕਾਲ ਅਟੈਂਡ ਕੀਤੀ ਉਨ੍ਹਾਂ ਵੱਲੋਂ ਨਿੱਜੀ ਜਾਣਕਾਰੀ ਪੁੱਛਣ ਤੋਂ ਬਾਅਦ ਉਸਨੂੰ ਧਮਕੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਤਾਈਵਾਨ ਤੋਂ ਪਾਬੰਦੀਸ਼ੁਦਾ ਦਵਾਈਆਂ ਦਾ ਇੱਕ ਪਾਰਸਲ ਉਸਦੇ ਨਾਮ ’ਤੇ ਪਹੁੰਚਿਆ ਹੈ, ਜਿਸ ਸਬੰਧੀ ਉਸ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ।
ਇਸ ਤੋਂ ਇਲਾਵਾ ਠੱਗਾਂ ਨੇ ਪੀੜਤ ਨੂੰ ਧਮਕਾਉਂਦਿਆਂ ਉਸਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਮੋਬਾਈਲ ਜਾਂ ਲੈਪਟਾਪ ਦੇ ਕੈਮਰੇ ਦੇ ਸਾਹਮਣੇ ਬੈਠਣ ਲਈ ਕਿਹਾ। ਠੱਗ ਨੇ ਆਪਣੇ ਆਪ ਨੂੰ ਮੁੰਬਈ ਪੁਲੀਸ ਦੇ ਅਧਿਕਾਰੀ ਵਜੋਂ ਦਰਸਾਉਂਦੇ ਹੋਏ ਪੀੜਤ ਨਾਲ ਗੱਲ ਕੀਤੀ ਅਤੇ ਉਸਦੀ ਮਦਦ ਕਰਨ ਦੇ ਨਾਮ ’ਤੇ ਪੀੜਤ ਦੇ ਬੈਂਕ ਖਾਤੇ ਵਿੱਚੋਂ 10 ਕਰੋੜ 30 ਲੱਖ ਰੁਪਏ ਜਮ੍ਹਾ ਕਰਵਾਏ, ਜੋ ਕਿ ਠੱਗਾਂ ਨੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ।
ਜਿਸ ਉਪਰੰਤ ਵੱਡੀ ਧੋਖਾਧੜੀ ਦਾ ਅਹਿਸਾਸ ਹੋਣ ’ਤੇ ਪੀੜਤ ਨੇ ਮਦਦ ਲਈ ਪੁਲੀਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਮਾਮਲਾ ਸਾਈਬਰ ਟੀਮ ਨੂੰ ਸੌਂਪ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸਾਈਬਰ ਟੀਮ ਨੇ ਹੁਣ ਤੱਕ 60 ਲੱਖ ਰੁਪਏ ਦੀ ਰਕਮ ਫਰੀਜ਼ ਕਰ ਲਈ ਹੈ, ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਏਐੱਨਆਈ