For the best experience, open
https://m.punjabitribuneonline.com
on your mobile browser.
Advertisement

ਸਾਈਬਰ ਧੋਖਾਧੜੀ ਕਰਨ ਵਾਲੇ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ

06:36 AM Aug 22, 2024 IST
ਸਾਈਬਰ ਧੋਖਾਧੜੀ ਕਰਨ ਵਾਲੇ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ
Advertisement

ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 21 ਅਗਸਤ
ਪੰਜਾਬ ਪੁਲੀਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਸਾਈਬਰ ਵਿੱਤੀ ਧੋਖਾਧੜੀ ਕਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਦਿਆਂ ਪੱਛਮੀ ਬੰਗਾਲ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤਿੰਨ ਸਾਈਬਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਈਬਰ ਕ੍ਰਾਈਮ ਵਿੰਗ ਦੇ ਏਡੀਜੀਪੀ ਵੀ. ਨੀਰਜਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸ਼ੋਵਨ ਸਾਹਾ, ਅਭਿਸ਼ੇਕ ਕੁਮਾਰ ਸਿੰਘ ਅਤੇ ਪ੍ਰਵੀਨ ਕੁਮਾਰ ਰਾਏ ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਤਿੰਨ ਮੋਬਾਈਲ ਫੋਨ, ਇੱਕ ਲੈਪਟਾਪ ਅਤੇ 30,900 ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਹੈ। ਇਸ ਸਬੰਧੀ ਇੱਕ ਅਗਸਤ ਨੂੰ ਸਾਈਬਰ ਕ੍ਰਾਈਮ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ ਸਾਈਬਰ ਕ੍ਰਾਈਮ ਡਿਵੀਜ਼ਨ ਨੂੰ 49.60 ਲੱਖ ਦੀ ਸਾਈਬਰ ਧੋਖਾਧੜੀ ਬਾਰੇ ਸ਼ਿਕਾਇਤ ਮਿਲੀ ਸੀ। ਧੋਖਾਧੜੀ ਕਰਨ ਵਾਲੇ ਨੇ ਕੰਪਨੀ ਦੇ ਖ਼ਜ਼ਾਨਚੀ ਨੂੰ ਉਸ ਦੇ ਮਾਲਕ ਦੀ ਡਿਸਪਲੇਅ ਪਿਕਚਰ ਦੀ ਵਰਤੋਂ ਕਰ ਕੇ ਇੱਕ ਵਟਸਐਪ ਮੈਸੇਜ ਭੇਜਿਆ ਸੀ। ਉਸ ਵਕਤ ਕੰਪਨੀ ਦਾ ਮਾਲਕ ਕਿਸੇ ਮੀਟਿੰਗ ਵਿੱਚ ਸੀ ਇਸ ਲਈ ਸੰਦੇਸ਼ ਦੀ ਸਚਾਈ ਦੀ ਪੁਸ਼ਟੀ ਨਹੀਂ ਸੀ ਹੋ ਸਕਦੀ। ਇਸ ਕਰ ਕੇ ਕਰਮਚਾਰੀ ਨੇ ਇਹ ਮੰਨ ਲਿਆ ਕਿ ਸੰਦੇਸ਼ ਕੰਪਨੀ ਦੇ ਮਾਲਕ ਦਾ ਹੀ ਹੈ ਤੇ ਉਸ ਨੇ ਦਿੱਤੇ ਬੈਂਕ ਖਾਤੇ ਵਿੱਚ ਪੈਸੇ ਟਰਾਂਸਫਰ ਕਰ ਦਿੱਤੇ।
ਏਡੀਜੀਪੀ ਵੀ. ਨੀਰਜਾ ਨੇ ਦੱਸਿਆ ਕਿ ਮੁਲਜ਼ਮਾਂ ’ਚੋਂ ਦੋ ਫਲਿੱਪਕਾਰਟ ਦੇ ਕਰਮਚਾਰੀ ਹਨ। ਉਨ੍ਹਾਂ ਨੇ ਕਮਿਸ਼ਨ ਲਈ ਆਪਣੇ ਬੈਂਕ ਖਾਤੇ ਸਾਈਬਰ ਧੋਖਾਧੜੀ ਕਰਨ ਵਾਲਿਆਂ ਨੂੰ ਕਿਰਾਏ ’ਤੇ ਦਿੱਤੇ ਹੋਏ ਸਨ। ਉਨ੍ਹਾਂ ਦੱਸਿਆ ਕਿ ਮੁਹੰਮਦ ਦਿਲੋਵਰ ਗਾਜ਼ੀ ਵਜੋਂ ਪਛਾਣੇ ਇੱਕ ਹੋਰ ਸ਼ੱਕੀ ਦਾ ਵੀ ਪਤਾ ਲਗਾਇਆ ਗਿਆ ਸੀ ਜੋ ਬਾਅਦ ਵਿੱਚ ਜਾਂਚ ਵਿੱਚ ਸ਼ਾਮਲ ਹੋਇਆ। ਏਡੀਜੀਪੀ ਨੇ ਦੱਸਿਆ ਕਿ ਹੈਲਪਲਾਈਨ 1930 ਟੀਮ ਦੇ ਯਤਨਾਂ ਸਦਕਾ 44 ਵੱਖ-ਵੱਖ ਬੈਂਕ ਖਾਤਿਆਂ ਵਿੱਚ ਤੀਜੀ ਤੋਂ ਨੌਵੀਂ ਪਰਤ ਤੱਕ 5,22,700 ਰੁਪਏ ਦੀ ਰਕਮ ਫਰੀਜ਼ ਕਰ ਦਿੱਤੀ ਹੈ।
ਸਾਈਬਰ ਕ੍ਰਾਈਮ ਵਿੰਗ ਦੇ ਐਸਪੀ ਜਸ਼ਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ 12 ਘੰਟੇ ਬਾਅਦ ਸਟੇਟ ਸਾਈਬਰ ਕ੍ਰਾਈਮ ਨੂੰ ਦਿੱਤੀ ਗਈ ਸੀ। ਐਨਸੀਆਰ ਪੋਰਟਲ ’ਤੇ ਰਿਪੋਰਟ ਕਰਨ ਉਪਰੰਤ, ਸਾਈਬਰ ਕ੍ਰਾਈਮ ਡਿਵੀਜ਼ਨ ਮੁਹਾਲੀ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਜਾਂਚ ਵਿੱਚ ਇਹ ਪਾਇਆ ਗਿਆ ਕਿ ਪਹਿਲੀ ਅਤੇ ਦੂਜੀ ਪਰਤ ਵਿੱਚ ਰਕਮ ਪੱਛਮੀ ਬੰਗਾਲ ਦੇ ਬੈਂਕ ਖਾਤਾ ਧਾਰਕਾਂ ਨੂੰ ਟਰਾਂਸਫਰ ਕੀਤੀ ਗਈ ਸੀ। ਇੰਸਪੈਕਟਰ ਗਗਨਪ੍ਰੀਤ ਸਿੰਘ ਅਤੇ ਇੰਸਪੈਕਟਰ ਦੀਪਕ ਭਾਟੀਆ ਦੀ ਅਗਵਾਈ ਵਾਲੀ ਟੀਮ ਤੁਰੰਤ ਕੋਲਕਾਤਾ ਗਈ। ਉਨ੍ਹਾਂ ਦੱਸਿਆ ਕਿ ਮਲਟੀਪਲ ਓਪਨ ਸੋਰਸ ਇੰਟੈਲੀਜੈਂਸ (ਓਐਸਆਈਐਨਟੀ) ਤਕਨੀਕਾਂ ਦੀ ਮਦਦ ਤੇ ਬੈਂਕ ਦੇ ਨੋਡਲ ਅਫ਼ਸਰਾਂ ਦੀ ਮਦਦ ਨਾਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

Advertisement

Advertisement
Advertisement
Author Image

Advertisement