CWC meeting: ਨਹਿਰੂ ਤੇ ਗਾਂਧੀ ਦੀ ਵਿਚਾਰਧਾਰਾ, ਬਾਬਾਸਾਹਿਬ ਦੇ ਸਨਮਾਨ ਲਈ ਆਖ਼ਰੀ ਸਾਹ ਤੱਕ ਲੜਾਂਗੇ: ਖੜਗੇ
ਬੈਲਗਾਵੀ (ਕਰਨਾਟਕ), 26 ਦਸੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਾਬਾਸਾਹਿਬ ਭੀਮ ਰਾਓ ਅੰਬੇਡਕਰ ਦੇ ਕਥਿਤ ਅਪਮਾਨ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਮੁੜ ਤੋਂ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਹਾਤਮਾ ਗਾਂਧੀ, ਪੰਡਤ ਜਵਾਹਰ ਲਾਲ ਨਹਿਰੂ ਦੀ ਵਿਚਾਰਧਾਰਾ ਅਤੇ ਬਾਬਾਸਾਹਿਬ ਦੇ ਸਨਮਾਨ ਲਈ ਆਖ਼ਰੀ ਸਾਹ ਤੱਕ ਲੜੇਗੀ।
ਉਨ੍ਹਾਂ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਵਿੱਚ ਇਹ ਵੀ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਲੋਕਾਂ ਦਾ ਭਰੋਸਾ ਹੌਲੀ-ਹੌਲੀ ਘੱਟ ਹੁੰਦਾ ਜਾ ਰਿਹਾ ਹੈ ਕਿਉਂਕਿ ਚੋਣ ਕਮਿਸ਼ਨ ਦੀ ਨਿਰਪੱਖਤਾ ’ਤੇ ਸਵਾਲ ਉੱਠਣ ਲੱਗੇ ਹਨ। ਕਾਂਗਰਸ ਪ੍ਰਧਾਨ ਦਾ ਇਹ ਵੀ ਕਹਿਣਾ ਸੀ ਕਿ ਸਾਲ 2025 ਕਾਂਗਰਸ ਦੇ ਸੰਗਠਨ ਦੇ ਸ਼ਕਤੀਕਰਨ ਦਾ ਸਾਲ ਹੋਵੇਗਾ ਅਤੇ ਸਾਰੇ ਖਾਲੀ ਪਏ ਅਹੁਦਿਆਂ ਨੂੰ ਭਰਿਆ ਜਾਵੇਗਾ ਤੇ ‘ਉਦੈਪੁਰ’ ਦੇ ਸੰਕਲਪ ਨੂੰ ਪੂਰੀ ਤਰ੍ਹਾਂ ਤੋਂ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਰਾਜ ਸਭਾ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਣ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਅਸੀਂ ਸੰਸਦ ਦੇ ਇਜਲਾਸ ਵਿੱਚ ਸੰਵਿਧਾਨ ’ਤੇ ਚਰਚਾ ਦੌਰਾਨ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਬਾਰੇ ਗ੍ਰਹਿ ਮੰਤਰੀ ਦਾ ਘੋਰ ਅਪਮਾਨਜਨਕ ਬਿਆਨ ਸੁਣਿਆ। ਅਸੀਂ ਇਤਰਾਜ਼ ਦਾਇਰ ਕੀਤਾ, ਵਿਰੋਧ ਜਤਾਇਆ, ਪ੍ਰਦਰਸ਼ਨ ਕੀਤਾ। ਹੁਣ ਤਾਂ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਹੋ ਰਹੇ ਹਨ।’’
ਖੜਗੇ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੀ ਸਰਕਾਰ ਗ਼ਲਤੀ ਮੰਨਣ ਨੂੰ ਤਿਆਰ ਨਹੀਂ ਹੈ ਅਤੇ ਅਮਿਤ ਸ਼ਾਹ ਤੋਂ ਮੁਆਫ਼ੀ ਤੇ ਅਸਤੀਫਾ ਲੈਣ ਤਾਂ ਦੂਰ, ਸਗੋਂ ਇਤਰਾਜ਼ਯੋਗ ਬਿਆਨ ਦਾ ਸਮਰਥਨ ਕੀਤਾ। ਉਨ੍ਹਾਂ ਰਾਹੁਲ ਗਾਂਧੀ ’ਤੇ ਝੂਠਾ ਕੇਸ ਦਰਜ ਕਰਨ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਕਿਹਾ, ‘‘ਅਸੀਂ ਨਹਿਰੂ-ਗਾਂਧੀ ਦੀ ਵਿਚਾਰਧਾਰਾ ਅਤੇ ਬਾਬਾਸਾਹਿਬ ਦੇ ਸਨਮਾਨ ਲਈ ਆਖ਼ਰੀ ਸਾਹ ਤੱਕ ਲੜਾਂਗੇ।’’
ਇਸੇ ਦੌਰਾਨ ਕਾਂਗਰਸ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ ਨੇ ਦੋਸ਼ ਲਗਾਇਆ ਕਿ ਦੇਸ਼ ਦੀ ਸੱਤਾ ਵਿੱਚ ਬੈਠੇ ਲੋਕਾਂ ਤੋਂ ਮਹਾਤਮਾ ਗਾਂਧੀ ਦੀ ਵਿਰਾਸਤ ਨੂੰ ਖ਼ਤਰਾ ਹੈ। ਉਨ੍ਹਾਂ ਸੀਡਬਲਿਊਸੀ ਨੂੰ ਭੇਜੇ ਪੱਤਰ ਵਿੱਚ ਇਨ੍ਹਾਂ ਤਾਕਤਾਂ ਦਾ ਮੁਕਾਬਲਾ ਕਰਨ ਲਈ ਆਪਣੇ ਸੰਕਲਪ ਨੂੰ ਮੁੜ ਤੋਂ ਦੁਹਰਾਉਣ ਦੀ ਅਪੀਲ ਵੀ ਕੀਤੀ।
ਕਾਂਗਰਸ ਦੀ ਸਾਬਕਾ ਪ੍ਰਧਾਨ ਮੀਟਿੰਗ ਵਿੱਚ ਹਾਜ਼ਰ ਨਹੀਂ ਹੋ ਸਕੀ ਅਤੇ ਉਨ੍ਹਾਂ ਨੇ ਪੱਤਰ ਵਿੱਚ ਇਸ ’ਤੇ ਅਫ਼ਸੋਸ ਜ਼ਾਹਿਰ ਕੀਤਾ। -ਪੀਟੀਆਈ