CWC Meeting: ਕਾਂਗਰਸ ਵੱਲੋਂ ਸੰਵਿਧਾਨ ’ਤੇ ਹਮਲੇ ਖ਼ਿਲਾਫ਼ ਅੰਦੋਲਨ ਦਾ ਐਲਾਨ
* ਮੀਟਿੰਗ ’ਚ ਦੋ ਮਤੇ ਪਾਸ
* ਅੰਬੇਡਕਰ ਦੇ ‘ਅਪਮਾਨ’ ਬਾਰੇ ਗਲਤੀ ਮੰਨਣ ਲਈ ਤਿਆਰ ਨਹੀਂ ਮੋਦੀ: ਖੜਗੇ
ਬੇਲਗਾਵੀ, 26 ਦਸੰਬਰ
ਕਾਂਗਰਸ ਨੇ ਸੰਵਿਧਾਨ ’ਤੇ ਕਥਿਤ ਹਮਲੇ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਜਿਹੇ ਮੁੱਦਿਆਂ ’ਤੇ ਪਦਯਾਤਰਾ ਸਮੇਤ 13 ਮਹੀਨਿਆਂ ਦੇ ਸਿਆਸੀ ਅੰਦੋਲਨ ਦਾ ਐਲਾਨ ਕੀਤਾ ਹੈ। ਇਥੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ‘ਨਵ ਸੱਤਿਆਗ੍ਰਹਿ ਬੈਠਕ’ ਦੌਰਾਨ ਇਹ ਫ਼ੈਸਲੇ ਲਏ ਗਏ। ਬੇਲਗਾਮ ਸੈਸ਼ਨ ’ਚ ਮਹਾਤਮਾ ਗਾਂਧੀ ਦੇ ਕਾਂਗਰਸ ਦਾ ਪ੍ਰਧਾਨ ਬਣਨ ਦੇ 100 ਸਾਲ ਪੂਰੇ ਹੋਣ ’ਤੇ ਪਾਰਟੀ ਨੇ ਅੱਜ ਵਿਸ਼ੇਸ਼ ਮੀਟਿੰਗ ਕੀਤੀ।
ਸੀਡਬਲਿਊਸੀ ਵੱਲੋਂ ਮਹਾਤਮਾ ਗਾਂਧੀ ਅਤੇ ਸਿਆਸਤ ਬਾਰੇ ਦੋ ਮਤੇ ਪਾਸ ਕੀਤੇ ਗਏ। ਬੇਲਗਾਵੀ ’ਚ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਜੈਰਾਮ ਰਮੇਸ਼, ਕੇਸੀ ਵੇਣੂਗੋਪਾਲ ਅਤੇ ਹੋਰ ਆਗੂ ਹਾਜ਼ਰ ਸਨ। ਕਾਂਗਰਸ ਨੇ ਸੰਗਠਨ ਦੀ ਨੁਹਾਰ ਬਦਲਣ ਦਾ ਵੀ ਐਲਾਨ ਕੀਤਾ ਹੈ। ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਕਾਰਨ ਭਲਕੇ ਤੋਂ ਸ਼ੁਰੂ ਹੋਣ ਵਾਲੇ ਤਜਵੀਜ਼ਤ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਹੁਣ ‘ਜੈ ਬਾਪੂ, ਜੈ ਭੀਮ ਅਤੇ ਜੈ ਸੰਵਿਧਾਨ ਅਭਿਆਨ’ ਸਣੇ ਹੋਰ ਪ੍ਰੋਗਰਾਮ 3 ਜਨਵਰੀ ਤੋਂ ਸ਼ੁਰੂ ਹੋਣਗੇ। ਅੰਦੋਲਨ 26 ਜਨਵਰੀ, 2026 ਤੱਕ ਚਲਾਇਆ ਜਾਵੇਗਾ ਜਿਸ ਤਹਿਤ ਪਿੰਡ, ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਰੈਲੀਆਂ ਅਤੇ ਪਦਯਾਤਰਾਵਾਂ ਕੀਤੀਆਂ ਜਾਣਗੀਆਂ। ਸਿਆਸੀ ਮਤੇ ਤਹਿਤ ਕਾਂਗਰਸ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਕਥਿਤ ਅਪਮਾਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਅਤੇ ਉਨ੍ਹਾਂ ਵੱਲੋਂ ਦੇਸ਼ ਤੋਂ ਮੁਆਫ਼ੀ ਦੀ ਮੰਗ ਦੁਹਰਾਈ। ਕਾਂਗਰਸ ਵੱਲੋਂ ਅਗਲੇ ਸਾਲ ਅਪਰੈਲ ’ਚ ਗੁਜਰਾਤ ਵਿੱਚ ਏਆਈਸੀਸੀ ਸੈਸ਼ਨ ਕਰਵਾਇਆ ਜਾਵੇਗਾ। ਉਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਬੀਆਰ ਅੰਬੇਡਕਰ ਬਾਰੇ ‘ਅਪਮਾਨਜਨਕ ਟਿੱਪਣੀਆਂ’ ਕਰਨ ਦੀ ਗਲਤੀ ਮੰਨਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨਹਿਰੂ-ਗਾਂਧੀ ਦੀ ਵਿਚਾਰਧਾਰਾ ਅਤੇ ਬਾਬਾ ਸਾਹਿਬ ਦੇ ਸਨਮਾਨ ਲਈ ਆਖਰੀ ਦਮ ਤੱਕ ਲੜੇਗੀ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਦੇ ਬਚਾਅ ’ਚ ਪ੍ਰਧਾਨ ਮੰਤਰੀ ਨੇ ਬਿਆਨ ਜਾਰੀ ਕੀਤਾ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖ਼ਿਲਾਫ਼ ਝੂਠਾ ਕੇਸ ਦਰਜ ਕਰਵਾਇਆ। ਕਾਂਗਰਸ ਵਰਕਿੰਗ ਕਮੇਟੀ ਦੀ ‘ਨਵ ਸੱਤਿਆਗ੍ਰਹਿ ਬੈਠਕ’ ਦੀ ਸ਼ੁਰੂਆਤ ਮੌਕੇ ਖੜਗੇ ਨੇ ਚੋਣ ਕਮਿਸ਼ਨ ਦੀ ਮਿਸਾਲ ਦਿੰਦਿਆਂ ਦੋਸ਼ ਲਾਇਆ ਕਿ ਸੰਵਿਧਾਨਕ ਅਦਾਰਿਆਂ ’ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਚੋਣ ਅਮਲ ’ਚ ਲੋਕਾਂ ਦਾ ਭਰੋਸਾ ਹੌਲੀ-ਹੌਲੀ ਘਟਦਾ ਜਾ ਰਿਹਾ ਹੈ ਕਿਉਂਕਿ ਚੋਣ ਕਮਿਸ਼ਨ ਦੀ ਨਿਰਪੱਖਤਾ ’ਤੇ ਸਵਾਲ ਚੁੱਕੇ ਜਾਣ ਲੱਗ ਪਏ ਹਨ। ਸਰਕਾਰ ਨੇ ਕੁਝ ਦਿਨ ਪਹਿਲਾਂ ਚੋਣ ਨਿਯਮਾਂ ’ਚ ਬਦਲਾਅ ਕਰ ਦਿੱਤਾ ਤਾਂ ਜੋ ਅਦਾਲਤ ਵੱਲੋਂ ਮੰਗੀ ਗਈ ਜਾਣਕਾਰੀ ਸਾਂਝੀ ਨਾ ਕੀਤੀ ਜਾ ਸਕੇ। ਉਹ ਕੀ ਛਿਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।’’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਾਲ 2025 ਪਾਰਟੀ ਸੰਗਠਨ ਦੀ ਤਾਕਤ ਦਾ ਵਰ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਸੰਗਠਨ ’ਚ ਸਾਰੇ ਖਾਲੀ ਅਹੁਦੇ ਭਰੇ ਜਾਦਗੇ ਅਤੇ ਉਦੈਪੁਰ ਐਲਾਨਨਾਮੇ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿਚਾਰਾਂ ਨਾਲ ਮੇਲ ਖਾਣ ਵਾਲੇ ਆਗੂਆਂ ਨੂੰ ਪਾਰਟੀ ’ਚ ਅੱਗੇ ਲਿਆਂਦਾ ਜਾਵੇਗਾ। -ਪੀਟੀਆਈ
ਸੋਰੋਸ ਵਰਗੀਆਂ ਤਾਕਤਾਂ ਦੇ ਇਸ਼ਾਰੇ ’ਤੇ ਚੱਲ ਰਹੀ ਹੈ ਕਾਂਗਰਸ: ਭਾਜਪਾ
ਨਵੀਂ ਦਿੱਲੀ:
ਭਾਜਪਾ ਨੇ ਦੋਸ਼ ਲਾਇਆ ਕਿ ਕਾਂਗਰਸ ਅਮਰੀਕਾ ਸਥਿਤ ਅਰਬਪਤੀ ਨਿਵੇਸ਼ਕ ਜੌਰਜ ਸੋਰੋਸ ਵਰਗੀਆਂ ਭਾਰਤ ਵਿਰੋਧੀ ਤਾਕਤਾਂ ਦੇ ‘ਇਸ਼ਾਰੇ’ ’ਤੇ ਚੱਲ ਰਹੀ ਹੈ। ਭਾਜਪਾ ਦੇ ਕੌਮੀ ਤਰਜਮਾਨ ਸੁਧਾਂਸ਼ੂ ਤ੍ਰਿਵੇਦੀ ਨੇ ਇਥੇ ਪਾਰਟੀ ਦਫ਼ਤਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਰਗਸ ਨੇ ਭਾਰਤ ਦਾ ਗਲਤ ਨਕਸ਼ਾ ਵਰਤਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਦੇਸ਼ ਦਾ ਗਲਤ ਨਕਸ਼ਾ ਵਰਤਣ ਨਾਲ ਭਾਰਤ ਨੂੰ ਵੰਡਣ ਦਾ ਸੁਪਨਾ ਦੇਖਣ ਵਾਲੀਆਂ ਅਜਿਹੀਆਂ ਤਾਕਤਾਂ ਨਾਲ ਪਾਰਟੀ ਦੀ ਗੰਢ-ਤੁੱਪ ਹੁਣ ਬਿਲਕੁਲ ਸਪੱਸ਼ਟ ਹੋ ਗਈ ਹੈ। -ਪੀਟੀਆਈ
ਮਹਾਤਮਾ ਗਾਂਧੀ ਦੀ ਵਿਰਾਸਤ ਨੂੰ ਦਿੱਲੀ ਦੀ ਸੱਤਾ ਵਿੱਚ ਬੈਠੇ ਲੋਕਾਂ ਤੋਂ ਖ਼ਤਰਾ: ਸੋਨੀਆ
ਬੇਲਗਾਵੀ:
ਕਾਂਗਰਸ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਦਿੱਲੀ ਦੀ ਸੱਤਾ ’ਚ ਬੈਠੇ ਲੋਕਾਂ ਤੋਂ ਮਹਾਤਮਾ ਗਾਂਧੀ ਦੀ ਵਿਰਾਸਤ ਨੂੰ ਖ਼ਤਰਾ ਹੈ। ਉਨ੍ਹਾਂ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਨੂੰ ਭੇਜੇ ਪੱਤਰ ’ਚ ਇਨ੍ਹਾਂ ਤਾਕਤਾਂ ਦਾ ਡਟ ਕੇ ਮੁਕਾਬਲਾ ਕਰਨ ਦਾ ਸੱਦਾ ਦਿੱਤਾ। ਮੀਟਿੰਗ ’ਚੋਂ ਗ਼ੈਰਹਾਜ਼ਰ ਰਹੀ ਸੋਨੀਆ ਦਾ ਸੁਨੇਹਾ ਸੀਡਬਲਿਊਸੀ ਦੀ ਮੀਟਿੰਗ ’ਚ ਪੜ੍ਹ ਕੇ ਸੁਣਾਇਆ ਗਿਆ ਜਿਸ ’ਚ ਉਨ੍ਹਾਂ ਮੋਦੀ ਸਰਕਾਰ ਅਤੇ ਆਰਐੱਸਐੱਸ ’ਤੇ ਵਰ੍ਹਦਿਆਂ ਕਿਹਾ ਕਿ ਮਹਾਤਮਾ ਗਾਂਧੀ ਦੀ ਹੱਤਿਆ ਮਗਰੋਂ ਦੇਸ਼ ਦਾ ਮਾਹੌਲ ਵਿਗਾੜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਇਥੇ ਕਾਂਗਰਸ ਪ੍ਰਧਾਨ ਬਣਨ ਨਾਲ ਆਜ਼ਾਦੀ ਦੇ ਅੰਦੋਲਨ ਅਤੇ ਪਾਰਟੀ ’ਚ ਅਹਿਮ ਮੋੜ ਆਇਆ ਸੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਸਾਰਿਆਂ ਲਈ ਪ੍ਰੇਰਣਾ ਦੇ ਸਰੋਤ ਬਣੇ ਰਹਿਣਗੇ। ਕਾਂਗਰਸ ਦੀ ਸਾਬਕਾ ਪ੍ਰਧਾਨ ਨੇ ਕਿਹਾ ਕਿ ਵੱਖ ਵੱਖ ਥਾਵਾਂ ’ਤੇ ਗਾਂਧੀਵਾਦੀ ਅਦਾਰਿਆਂ ’ਤੇ ਹਮਲੇ ਹੋ ਰਹੇ ਹਨ ਅਤੇ ਸੀਡਬਲਿਊਸੀ ਦੀ ਮੀਟਿੰਗ ਨੂੰ ‘ਨਵ ਸੱਤਿਆਗ੍ਰਹਿ ਬੈਠਕ’ ਦਾ ਨਾਮ ਦੇਣਾ ਸਹੀ ਹੈ। -ਪੀਟੀਆਈ
ਮੀਟਿੰਗ ਦੌਰਾਨ ‘ਭਾਰਤ ਦੇ ਗਲਤ ਨਕਸ਼ੇ’ ’ਤੇ ਵਿਵਾਦ
ਬੇਲਗਾਵੀ:
ਕਰਨਾਟਕ ਦੇ ਬੇਲਗਾਵੀ ’ਚ 1924 ਦੇ ਕਾਂਗਰਸ ਸੈਸ਼ਨ ਦਾ ਸ਼ਤਾਬਦੀ ਵਰ੍ਹਾ ਮਨਾਉਣ ਲਈ ਕਾਂਗਰਸ ਵੱਲੋਂ ਲਾਏ ਪੋਸਟਰ ’ਤੇ ਭਾਰਤ ਦੇ ਨਕਸ਼ੇ ਨੂੰ ਕਥਿਤ ਤੌਰ ’ਤੇ ਗਲਤ ਢੰਗ ਨਾਲ ਪ੍ਰਦਰਸ਼ਿਤ ਕੀਤੇ ਜਾਣ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਭਾਜਪਾ ਨੇ ਇਸ ਨੂੰ ਕਾਂਗਰਸ ਦੀ ‘ਵੋਟ ਬੈਂਕ’ ਦੀ ਸਿਆਸਤ ਕਰਾਰ ਦਿੱਤਾ ਹੈ। ਭਾਜਪਾ ਅਤੇ ਕਰਨਾਟਕ ’ਚ ਉਸ ਦੀ ਭਾਈਵਾਲ ਜਨਤਾ ਦਲ (ਐੱਸ) ਮੁਤਾਬਕ ਪੋਸਟਰ ’ਤੇ ਪ੍ਰਦਰਸ਼ਿਤ ਭਾਰਤ ਦੇ ਨਕਸ਼ੇ ’ਚ ਮਕਬੂਜ਼ਾ ਕਸ਼ਮੀਰ ਦੇ ਗਿਲਗਿਟ ਖ਼ਿੱਤੇ ਦੇ ਨਾਲ ਨਾਲ ਅਕਸਾਈ ਚਿਨ ਖ਼ਿੱਤੇ ਨੂੰ ਵੀ ਹਟਾ ਦਿੱਤਾ ਗਿਆ ਹੈ ਜੋ ਜੰਮੂ ਕਸ਼ਮੀਰ ਦਾ ਅਟੁੱਟ ਹਿੱਸਾ ਹਨ। ਵਿਵਾਦ ਖੜ੍ਹਾ ਹੋਣ ਮਗਰੋਂ ਉਪ ਮੁੱਖ ਮੰਤਰੀ ਅਤੇ ਕਾਂਗਰਸ ਦੀ ਕਰਨਾਟਕ ਇਕਾਈ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਜੇ ਕੋਈ ਗਲਤੀ ਹੋਈ ਹੈ ਤਾਂ ਪੋਸਟਰ ਹਟਾ ਦਿੱਤੇ ਜਾਣਗੇ। ਭਾਜਪਾ ਦੀ ਕੌਮੀ ਇਕਾਈ ਨੇ ਨਕਸ਼ੇ ਨੂੰ ਲੈ ਕੇ ਕਾਂਗਰਸ ਦੀ ਸਖ਼ਤ ਆਲੋਚਨਾ ਕੀਤੀ। ਭਾਜਪਾ ਨੇ ‘ਐਕਸ’ ’ਤੇ ਪੋਸਟ ’ਚ ਦੋਸ਼ ਲਾਇਆ, ‘‘ਰਾਗਾ (ਰਾਹੁਲ ਗਾਂਧੀ) ਦੀ ਮੁਹੱਬਤ ਦੀ ਦੁਕਾਨ ਹਮੇਸ਼ਾ ਚੀਨ ਲਈ ਖੁੱਲ੍ਹੀ ਰਹਿੰਦੀ ਹੈ। ਉਹ (ਕਾਂਗਰਸ) ਦੇਸ਼ ਨੂੰ ਤੋੜ ਦੇਣਗੇ। ਉਨ੍ਹਾਂ ਪਹਿਲਾਂ ਵੀ ਇਕ ਵਾਰ ਇੰਜ ਕੀਤਾ ਹੈ। ਉਹ ਦੁਬਾਰ ਅਜਿਹਾ ਕਰਨਗੇ।’’ ਭਾਜਪਾ ਦੇ ਵਿਧਾਇਕ ਬਾਸਨਗੌੜਾ ਪਾਟਿਲ ਯਤਨਾਲ ਨੇ ਮੰਗ ਕੀਤੀ ਕਿ ਪ੍ਰਬੰਧਕਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰੇ। ਜਨਤਾ ਦਲ (ਐੱਸ) ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਇਤਾਲਵੀ ਕਾਂਗਰਸ ਨੇ ਬੇਲਗਾਵੀ ’ਚ ‘ਗਾਂਧੀ ਭਾਰਤ’ ਨਾਮ ਨਾਲ ਬਣਾਏ ਗਏ ਭਾਰਤ ਦੇ ਨਕਸ਼ੇ ਤੋਂ ਕਸ਼ਮੀਰ ਦੇ ਖ਼ਿੱਤੇ ਨੂੰ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ਧ੍ਰੋਹ ਜਿਹਾ ਗੰਭੀਰ ਅਪਰਾਧ ਹੈ। -ਪੀਟੀਆਈ
‘ਆਪ’ ਨੇ ਕਾਂਗਰਸ ’ਤੇ ਭਾਜਪਾ ਨਾਲ ਮਿਲੀਭੁਗਤ ਦਾ ਦੋਸ਼ ਲਾਇਆ
* ‘ਇੰਡੀਆ’ ਗੱਠਜੋੜ ਤੋਂ ਕਾਂਗਰਸ ਨੂੰ ਬਾਹਰ ਕਰਵਾਉਣ ਦੀ ਧਮਕੀ
ਨਵੀਂ ਦਿੱਲੀ, 26 ਦਸੰਬਰ
ਆਮ ਆਦਮੀ ਪਾਰਟੀ (ਆਪ) ਨੇ ਅੱਜ ਕਾਂਗਰਸ ’ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਉਹ ਆਗਾਮੀ ਦਿੱਲੀ ਵਿਧਾਨ ਸਭਾ ਚੋਣਾਂ ’ਚ ‘ਆਪ’ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣ ਲਈ ਭਾਜਪਾ ਨਾਲ ਮਿਲ ਕੇ ਕੰਮ ਕਰ ਰਹੀ ਹੈ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਕਾਂਗਰਸ ਦੀਆਂ ਹਰਕਤਾਂ ਕਾਰਨ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਗੱਠਜੋੜ ਦੀ ਏਕਤਾ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਧਮਕੀ ਦਿੱਤੀ ਕਿ ਉਹ ‘ਇੰਡੀਆ’ ਗੱਠਜੋੜ ਤੋਂ ਕਾਂਗਰਸ ਨੂੰ ਬਾਹਰ ਕੱਢਣ ਲਈ ਦਬਾਅ ਬਣਾਏਗੀ। ਸੰਜੈ ਸਿੰਘ ਨੇ ਕਿਹਾ, “ਅਸੀਂ ਹਰਿਆਣਾ ਚੋਣਾਂ ਦੌਰਾਨ ਕਾਂਗਰਸ ਖ਼ਿਲਾਫ਼ ਇੱਕ ਵੀ ਸ਼ਬਦ ਨਹੀਂ ਬੋਲਿਆ। ਕਾਂਗਰਸ ਫਿਰ ਵੀ ਭਾਜਪਾ ਵਾਂਗ ਕੰਮ ਕਰ ਰਹੀ ਹੈ। ਕਾਂਗਰਸ ਦੇ ਉਮੀਦਵਾਰਾਂ ਦੀ (ਪਹਿਲੇ ਸਫੇ ਤੋਂ) ਸੂਚੀ ’ਤੇ ਨਜ਼ਰ ਮਾਰੀਏ ਤਾਂ ਜਾਪਦਾ ਹੈ ਜਿਵੇਂ ਇਹ ਭਾਜਪਾ ਦਫ਼ਤਰ ’ਚ ਹੀ ਤਿਆਰ ਕੀਤੀ ਗਈ ਹੋਵੇ।’’ ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਆਗੂ ਅਜੈ ਮਾਕਨ ਅਤੇ ਸੰਦੀਪ ਦੀਕਸ਼ਿਤ ਭਾਜਪਾ ’ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ‘ਆਪ’ ਨੂੰ ਨਿਸ਼ਾਨਾ ਬਣਾ ਰਹੇ ਹਨ। ਸੰਜੈ ਸਿੰਘ ਨੇ ਕਿਹਾ, ‘‘ਅਸੀਂ ਗੱਠਜੋੜ ਵਿੱਚ ਸ਼ਾਮਲ ਹੋਰ ਪਾਰਟੀਆਂ ਨੂੰ ਕਾਂਗਰਸ ਨੂੰ ਬਾਹਰ ਕਰਨ ਲਈ ਬੇਨਤੀ ਕਰਾਂਗੇ।’’ ਦਿੱਲੀ ਵਿੱਚ ਫਰਵਰੀ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਆਤਿਸ਼ੀ ਨੇ ਵੀ ਇਸੇ ਤਰ੍ਹਾਂ ਗੱਲਾਂ ਕਰਦਿਆਂ ਦਾਅਵਾ ਕੀਤਾ ਕਿ ਕਾਂਗਰਸ ‘ਆਪ’ ਨੂੰ ਕਮਜ਼ੋਰ ਕਰਨ ’ਤੇ ਤੁਲੀ ਹੋਈ ਹੈ। -ਪੀਟੀਆਈ
ਅਜੈ ਮਾਕਨ ਤੇ ਹੋਰ ਕਾਂਗਰਸੀ ਆਗੂਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਸੰਜੈ ਸਿੰਘ ਨੇ ਕਿਹਾ, ‘’ਅਜੈ ਮਾਕਨ ਨੇ ਅਰਵਿੰਦ ਕੇਜਰੀਵਾਲ ਨੂੰ ਦੇਸ਼ ਵਿਰੋਧੀ ਕਹਿ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਪਿਛਲੇ ਸਮੇਂ ਦੌਰਾਨ ਕਾਂਗਰਸ ਲਈ ਪ੍ਰਚਾਰ ਕਰਨ ਦੇ ਬਾਵਜੂਦ ਹੁਣ ਕੇਜਰੀਵਾਲ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਗਈ ਹੈ ਜਦੋਂਕਿ ਕਾਂਗਰਸ ਨੇ ਕਿਸੇ ਵੀ ਭਾਜਪਾ ਨੇਤਾ ਖ਼ਿਲਾਫ਼ ਇੱਕ ਵੀ ਐੱਫਆਈਆਰ ਇੱਕ ਦਰਜ ਨਹੀਂ ਕਰਵਾਈ।’’ ‘ਆਪ’ ਨੇ ਮਾਕਨ ਅਤੇ ਕਾਂਗਰਸ ਦੇ ਹੋਰ ਆਗੂਆਂ ਖ਼ਿਲਾਫ਼ 24 ਘੰਟਿਆਂ ਦੇ ਅੰਦਰ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ‘ਇੰਡੀਆ’ ਗੱਠਜੋੜ ਤੋਂ ਕਾਂਗਰਸ ਨੂੰ ਬਾਹਰ ਕੱਢਣ ਲਈ ਦਬਾਅ ਬਣਾਏਗੀ।