ਪਿਆਰਾ ਪੰਛੀ ਬੱਗੀ ਚਰਚਰੀ
ਗੁਰਮੀਤ ਸਿੰਘ*
ਬੰਗੀ ਚਰਚਰੀ ਥੋੜ੍ਹੀ ਜਿਹੀ ਲੰਮੀ ਪੂਛ ਅਤੇ ਲੰਬੀ ਚੂੰਜ ਵਾਲਾ ਪੰਛੀ ਹੁੰਦਾ ਹੈ। ਇਸ ਨੂੰ ਪੰਜਾਬੀ ਵਿੱਚ ਬੱਗੀ ਚਰਚਰੀ, ਅੰਗਰੇਜ਼ੀ ਵਿੱਚ ਟੌਨੀ ਪਿਪਿੱਟ (Tawny Pipit) ਅਤੇ ਹਿੰਦੀ ਵਿੱਚ ਚੀਲੂ ਕਹਿੰਦੇ ਹਨ। ਇਹ ਉੱਤਰੀ ਪੱਛਮੀ ਭਾਰਤ ਵਿੱਚ ਸਰਦੀਆਂ ਵਿੱਚ ਪਰਵਾਸ ਕਰਦੇ ਹਨ। ਇਹ ਰੇਤਲੇ ਟਿੱਬਿਆਂ, ਸੁੱਕੇ ਘਾਹ ਦੇ ਮੈਦਾਨਾਂ ਅਤੇ ਸਾਫ਼-ਸੁਥਰੇ ਖੇਤਰਾਂ ਤੋਂ ਲੈ ਕੇ ਬਜਰੀ ਵਾਲੀਆਂ ਥਾਵਾਂ ਅਤੇ ਅਰਧ-ਮਾਰੂਥਲ ਥਾਵਾਂ ਵਿੱਚ ਮਿਲਦੇ ਹਨ।
ਇਹ ਇੱਕ ਦਰਮਿਆਨੇ ਆਕਾਰ ਦਾ ਪੰਛੀ ਹੈ ਜੋ ਬਹੁਤ ਸਾਰੇ ਦੇਸ਼ਾਂ ਜਿਵੇਂ ਕਿ ਯੂਰਪ, ਏਸ਼ੀਆ ਅਤੇ ਉੱਤਰ-ਪੱਛਮੀ ਅਫ਼ਰੀਕਾ ਵਿੱਚ ਪੈਦਾ ਹੁੰਦਾ ਹੈ। ਇਹ ਸਰਦੀਆਂ ਵਿੱਚ ਗਰਮ ਖੰਡੀ ਅਫ਼ਰੀਕਾ ਅਤੇ ਭਾਰਤੀ ਉਪ ਮਹਾਂਦੀਪ ਵਿੱਚ ਪਰਵਾਸ ਕਰਨ ਵਾਲਾ ਪਰਵਾਸੀ ਪੰਛੀ ਹੈ। ਇਸ ਦੇ ਹੇਠਲੇ ਹਿੱਸੇ ’ਤੇ ਹਲਕੀਆਂ ਧਾਰੀਆਂ ਹੁੰਦੀਆਂ ਹਨ। ਛਾਤੀ ’ਤੇ ਵੀ ਹਲਕੇ ਰੇਤਲੇ-ਪੀਲੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਇਸ ਦੀ ਚੁੰਜ ਪਤਲੀ ਨਹੀਂ ਬਲਕਿ ਦਰਮਿਆਨੇ ਆਕਾਰ ਦੀ ਹੁੰਦੀ ਹੈ। ਇਨ੍ਹਾਂ ਦਾ ਪਿਛਲਾ ਪੰਜਾ ਪੈਰ ਦੇ ਅੰਗੂਠੇ ਦੀ ਲੰਬਾਈ ਤੋਂ ਥੋੜ੍ਹਾ ਜਿਹਾ ਲੰਬਾ ਹੁੰਦਾ ਹੈ। ਪੂਛ ਕਾਲੀ-ਭੂਰੀ ਹੁੰਦੀ ਹੈ। ਨਰ ਤੇ ਮਾਦਾ ਦੋਵੇਂ ਇੱਕੋ ਜਿਹੇ ਹੁੰਦੇ ਹਨ। ਇਸ ਦੀ ਲੰਬਾਈ 16.5 ਤੋਂ 17 ਸੈਂਟੀਮੀਟਰ ਅਤੇ ਭਾਰ 17 ਤੋਂ 32 ਗ੍ਰਾਮ ਦੇ ਲਗਭਗ ਹੁੰਦਾ ਹੈ।
ਇਹ ਕੀੜੇ-ਮਕੌੜੇ, ਰੀੜ੍ਹਹੀਣ ਜੀਵ, ਛੋਟੀ ਰੀੜ੍ਹ ਦੀ ਹੱਡੀ ਦੇ ਜੀਵ ਅਤੇ ਬੀਜ ਖੁਰਾਕ ਵਜੋਂ ਖਾਂਦੇ ਹਨ। ਇਨ੍ਹਾਂ ਦੇ ਸ਼ਿਕਾਰ ਵਿੱਚ ਟਿੱਡੀਆਂ, ਸਿਉਂਕ, ਪਤੰਗੇ, ਵੱਡੇ ਖੰਭਾਂਵਾਲੀ ਭੰਬੀਰੀ, ਤਿਤਲੀਆਂ, ਮੱਖੀਆਂ, ਕੀੜੀਆਂ, ਘੋਗੇ ਅਤੇ ਮੱਕੜੀਆਂ ਸ਼ਾਮਲ ਹਨ। ਇਹ ਮੁੱਖ ਤੌਰ ’ਤੇ ਜ਼ਮੀਨ ’ਤੇ ਦੌੜ ਕੇ ਸ਼ਿਕਾਰ ਨੂੰ ਕਾਬੂ ਕਰਦੇ ਹਨ। ਇਹ ਕਈ ਵਾਰੀ ਸ਼ਿਕਾਰ ਜਾਂ ਉਸ ਨੂੰ ਲੱਭਣ ਲਈ ਉਨ੍ਹਾਂ ਉੱਪਰ ਘੁੰਮਦੇ ਹਨ। ਇਹ ਵੱਡੇ ਕੀੜਿਆਂ ਜਿਸ ਤਰ੍ਹਾਂ ਕਿ ਟਿੱਡੇ ’ਤੇ ਖੜ੍ਹੇ ਹੋ ਜਾਂਦੇ ਹਨ ਅਤੇ ਚੁੰਜ ਨਾਲ ਹਥੌੜੇ ਦੀ ਤਰ੍ਹਾਂ ਇਨ੍ਹਾਂ ਨੂੰ ਤੋੜ ਕੇ ਮਾਰਦੇ ਹਨ। ਇਹ ਉੱਤਰੀ ਅਫ਼ਰੀਕਾ ਵਿੱਚ ਅਪਰੈਲ ਤੋਂ ਅਗਸਤ, ਸਵੀਡਨ ਵਿੱਚ ਜੂਨ ਅਤੇ ਮੱਧ ਯੂਰਪ ਵਿੱਚ ਮਈ ਤੋਂ ਜੁਲਾਈ ਤੱਕ ਪ੍ਰਜਣਨ ਕਰਦੇ ਹਨ।
ਬੱਗੀ ਚਰਚਰੀ ਦੇ ਖੁੱਲ੍ਹੇ ਨਿਵਾਸ ਸਥਾਨਾਂ ਦਾ ਹੌਲੀ-ਹੌਲੀ ਘਟਣਾ, ਸ਼ਹਿਰੀ ਵਿਕਾਸ ਕਾਰਨ ਕੁਦਰਤੀ ਨਿਵਾਸ ਸਥਾਨਾਂ ਦਾ ਵਿਨਾਸ਼, ਕੀਟਨਾਸ਼ਕ ਦਵਾਈਆਂ ਦੀ ਜ਼ਿਆਦਾ ਵਰਤੋਂ ਕਰਕੇ ਇਨ੍ਹਾਂ ਪੰਛੀਆਂ ਦਾ ਜੀਵਨ ਖ਼ਤਰੇ ਵਿੱਚ ਹੈ। ਹਰ ਪਾਸੇ ਵਧ ਰਹੇ ਮਨੁੱਖੀ ਦਖਲ ਕਾਰਨ ਇਨ੍ਹਾਂ ਦੇ ਰਿਹਾਇਸ਼ੀ ਠਿਕਾਣੇ ਵੀ ਖਤਰੇ ਵਿੱਚ ਹਨ। ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਨੇ ਇਸ ਪੰਛੀ ਨੂੰ ਸਭ ਤੋਂ ਘੱਟ ਚਿੰਤਾ ਵਜੋਂ ਸੂਚੀਬੱਧ ਕੀਤਾ ਹੈ। ਭਾਰਤ ਸਰਕਾਰ ਨੇ ਜੰਗਲੀ ਜੀਵ ਸੁਰੱਖਿਆ ਐਕਟ, 1972 ਅਤੇ ਸੋਧ ਐਕਟ 2022 ਨਾਲ ਬੱਗੀ ਚਰਚਰੀ ਨੂੰ ਐਕਟ ਦੇ ਸ਼ਡਿਊਲ-II ਵਿੱਚ ਰੱਖ ਕੇ ਸੁਰੱਖਿਆ ਦਿੱਤੀ ਹੈ। ਇਸ ਦੇ ਨਾਲ ਹੀ ਸਾਨੂੰ ਵੀ ਵਾਤਾਵਰਨ ਅਤੇ ਜੀਵ-ਜੰਤੂਆਂ ਦੀ ਸੁਰੱਖਿਆ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਲੋੜ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910