ਮਲਟੀਪਲੈਕਸ ਲਈ 50 ਸਾਲ ਪੁਰਾਣੇ ਦਰੱਖ਼ਤ ਵੱਢੇ
ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 16 ਸਤੰਬਰ
ਸ਼ਹਿਰ ਤੋਂ ਕਰੀਬ ਇਕ ਕਿਲੋਮੀਟਰ ਦੂਰ ਹੁਸ਼ਿਆਰਪੁਰ ਰੋਡ ’ਤੇ ਬਣ ਰਹੇ ਇਕ ਮਲਟੀਪਲੈਕਸ ਅੱਗੇ ਖੜ੍ਹੇ ਸਫੈਦੇ ਦੇ ਕਰੀਬ 50 ਸਾਲ ਪੁਰਾਣੇ ਪੰਜ ਦਰੱਖਤਾਂ ਨੂੰ ਵੱਢਣ ਤੋਂ ਇਕ ਹਫਤੇ ਬਾਅਦ ਮਲਟੀਪਲੈਕਸ ਅੱਗੇ ਖੜ੍ਹੇ ਬਾਕੀ ਸਫੈਦਿਆਂ ਦੀ ਪੂਰੀ ਕਤਾਰ ਵੱਢਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਜਦਕਿ ਇਸ ਸਬੰਧੀ ਜੰਗਲਾਤ ਵਿਭਾਗ ਅਤੇ ਫੋਰੈਸਟ ਕਾਰਪੋਰੇਸ਼ਨ ਦੇ ਅਧਿਕਾਰੀ ਕਾਰਵਾਈ ਕਰਨ ਦੀ ਥਾਂ ਇਕ ਦੂਜੇ ’ਤੇ ਮਾਮਲਾ ਸੁੱਟ ਰਹੇ ਹਨ।
ਜ਼ਿਕਰਯੋਗ ਹੁਸ਼ਿਆਰਪੁਰ ਰੋਡ ’ਤੇ ਬਣ ਰਹੇ ਇਸ ਮਲਟੀਪਲੈਕਸ ਦੇ ਸਾਹਮਣੇ ਜਗ੍ਹਾ ਨੂੰ ਆਪਣੀ ਵਪਾਰਕ ਵਰਤੋਂ ਲਈ ਖੁੱਲ੍ਹਾ ਕਰਨ ਦੇ ਮੰਤਵ ਨਾਲ ਇੱਥੇ ਸਫੈਦਿਆਂ ਨੂੰ ਪਿਛਲੇ ਸ਼ਨੀਵਾਰ ਵੱਟਣਾ ਸ਼ੁਰੂ ਕੀਤਾ ਗਿਆ ਸੀ ਜਿਸ ਦੌਰਾਨ ਉਕਤ ਦਰੱਖਤਾਂ ਨੂੰ ਕੱਟ ਕੇ ਸੜਕ ਕਿਨਾਰੇ ਪੁੱਟੇ ਖੱਡੇ ਵੀ ਤੁਰੰਤ ਪੂਰ ਦਿੱਤੇ ਗਏ ਸਨ। ਅੱਜ ਇਕ ਹਫਤੇ ਬਾਅਦ ਸਫੈਦਿਆਂ ਦੇ ਦਰੱਖਤਾਂ ਦੀ ਕਤਾਰ ਨੂੰ ਕੱਟਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਜਿਸ ਤਹਿਤ ਸੁੱਕੇ ਦਰੱਖਤਾਂ ਨੂੰ ਵੀ ਕੱਟ ਕੇ ਲਾਂਭੇ ਕਰ ਦਿਤਾ ਗਿਆ। ਸੂਤਰਾਂ ਅਨੁਸਾਰ ਮਲਟੀਪਲੈਕਸ ਦੇ ਅੱਗੇ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਦੇ ਅਖਤਿਆਰੀ ਫੰਡ ਨਾਲ ਬਣੇ ਬੱਸ ਸਟੈਂਡ ਦੇ ਸ਼ੈੱਲਟਰ ਨੂੰ ਵੀ ਇੱਥੋਂ ਹਟਾਉਣ ਦੀ ਯੋਜਨਾ ਹੈ। ਇਸ ਬਾਰੇ ਪੰਜਾਬ ਕਿਸਾਨ ਸਭਾ ਦੇ ਸਕੱਤਰ ਗੁਰਨੇਕ ਭੱਜਲ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਵਪਾਰ ਨੂੰ ਵਧਾਉਣ ਲਈ ਵਾਤਾਵਰਨ ਦੀ ਬਲੀ ਦਿੱਤੀ ਜਾ ਰਹੀ ਹੈ।
ਡੀਐੱਫੳ ਹਰਭਜਨ ਸਿੰਘ ਨੇ ਕਿਹਾ ਕਿ ਸਿਰਫ ਤਿੰਨ ਦਰੱਖਤਾਂ ਨੂੰ ਵੱਢਣ ਦੀ ਮਨਜ਼ੂਰੀ ਦਿਤੀ ਗਈ ਸੀ ਜੇਕਰ ਇਸ ਤੋਂ ਵੱਧ ਦਰੱਖਤ ਕੱਟੇ ਗਏ ਤਾਂ ਫੋਰੈਸਟ ਕਾਰਪੋਰੇਸ਼ਨ ਜਵਾਬਦੇਹ ਹੈ।
ਫੋਰੈਸਟ ਕਾਰਪੋਰੇਸ਼ਨ ਦੇ ਸਬੰਧਤ ਅਧਿਕਾਰੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਜੰਗਲਾਤ ਵਿਭਾਗ ਹੀ ਇਸ ਬਾਰੇ ਜਾਣਕਾਰੀ ਦੇ ਸਕਦਾ ਹੈ ਜਿਸ ਵਲੋਂ ਉਨ੍ਹਾਂ ਨੂੰ ਦਰੱਖਤ ਵੱਢਣ ਦੇ ਨਿਰਦੇਸ਼ ਦਿੱਤੇ ਜਾਂਦੇ ਹਨ।