ਭਾਰਤ ਅਤੇ ਮਾਲਦੀਵ ਵਿਚਾਲੇ ਕਰੰਸੀ ਅਦਲਾ-ਬਦਲੀ ਸਮਝੌਤਾ
ਨਵੀਂ ਦਿੱਲੀ, 7 ਅਕਤੂਬਰ
ਭਾਰਤ ਅਤੇ ਮਾਲਦੀਵ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਸੋਮਵਾਰ ਨੂੰ ਕਰੰਸੀ ਅਦਲਾ-ਬਦਲੀ ਨੂੰ ਲੈ ਕੇ ਸਮਝੌਤਾ ਕੀਤਾ ਅਤੇ ਵਿੱਤੀ ਸੰਕਟ ਨਾਲ ਜੂਝ ਰਹੇ ਮਾਲਦੀਵ ’ਚ ਬੰਦਰਗਾਹਾਂ, ਸੜਕ ਨੈੱਟਵਰਕ, ਸਕੂਲ ਅਤੇ ਹਾਊਸਿੰਗ ਪ੍ਰਾਜੈਕਟ ’ਚ ਸਹਿਯੋਗ ਦੇਣ ’ਤੇ ਭਾਰਤ ਨੇ ਸਹਿਮਤੀ ਜਤਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਨੂੰ 40 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਵਰਚੁਅਲੀ ਮਾਲਦੀਵ ’ਚ ਰੁਪੈ ਕਾਰਡ ਦਾ ਉਦਘਾਟਨ ਕੀਤਾ। ਕਰੰਸੀ ਅਦਲਾ-ਬਦਲੀ ਦੇ ਸਮਝੌਤੇ ਨਾਲ ਮਾਲਦੀਵ ਨੂੰ ਵਿਦੇਸ਼ੀ ਮੁਦਰਾ ਭੰਡਾਰ ਨਾਲ ਜੁੜੇ ਮੁੱਦਿਆਂ ਦੇ ਨਿਬੇੜੇ ’ਚ ਸਹਾਇਤਾ ਮਿਲੇਗੀ।
ਮੋਦੀ ਨੇ ਕਿਹਾ ਕਿ ਭਾਰਤ ਅਤੇ ਮਾਲਦੀਵ ਨੂੰ ਯੂਪੀਆਈ ਨਾਲ ਜੋੜਨ ’ਤੇ ਵੀ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਨੀਮਾਧੂ ਕੌਮਾਂਤਰੀ ਹਵਾਈ ਅੱਡੇ ’ਤੇ ਨਵੇਂ ਰਨਵੇਅ ਦਾ ਉਦਘਾਟਨ ਕੀਤਾ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਸਹਿਮਤੀ ਜਤਾਈ। ਚਾਰ ਰੋਜ਼ਾ ਸਰਕਾਰੀ ਦੌਰੇ ’ਤੇ ਆਏ ਮੁਇਜ਼ੂ ਨੇ ਇਥੇ ਹੈਦਰਾਬਾਦ ਹਾਊਸ ’ਚ ਪ੍ਰਧਾਨ ਮੰਤਰੀ ਨਾਲ ਮੀਟਿੰਗ ਕੀਤੀ। ਗੱਲਬਾਤ ਦੌਰਾਨ ਭਾਰਤ ਨੇ ਮਾਲਦੀਵ ਨੂੰ 700 ਰਿਹਾਇਸ਼ੀ ਇਕਾਈਆਂ ਵੀ ਸੌਂਪੀਆਂ। ਇਨ੍ਹਾਂ ਦਾ ਨਿਰਮਾਣ ਐਕਜ਼ਿਮ ਬੈਂਕ ਦੀ ਕਰਜ਼ ਸਹੂਲਤ ਤਹਿਤ ਕੀਤਾ ਗਿਆ ਹੈ। ਮੁਇਜ਼ੂ ਨਾਲ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਦੀ ਨੇ ਕਿਹਾ, ‘ਅੱਜ ਅਸੀਂ ਨਵੇਂ ਸਿਰੇ ਤੋਂ ਹਨੀਮਾਧੂ ਹਵਾਈ ਅੱਡੇ ਦਾ ਉਦਘਾਟਨ ਕੀਤਾ। ਹੁਣ ਗਰੇਟਰ ਮਾਲੇ ਸੰਪਰਕ ਪ੍ਰਾਜੈਕਟ ’ਚ ਵੀ ਤੇਜ਼ੀ ਲਿਆਂਦੀ ਜਾਵੇਗੀ। ਅਸੀਂ ਥਿਲਾਫੂਸ਼ੀ ’ਚ ਇਕ ਨਵੀਂ ਕਮਰਸ਼ੀਅਲ ਬੰਦਰਗਾਹ ਦੇ ਵਿਕਾਸ ’ਚ ਸਹਾਇਤਾ ਕਰਾਂਗੇ।’ ਇਸ ਤੋਂ ਪਹਿਲਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੁਇਜ਼ੂ ਦਾ ਰਾਸ਼ਟਰਪਤੀ ਭਵਨ ’ਚ ਰਸਮੀ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਸਾਜਿਦਾ ਮੁਹੰਮਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਾਜ਼ਰ ਸਨ। ਬਾਅਦ ’ਚ ਮੁਇਜ਼ੂ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ
ਸਮੁੰਦਰੀ ਸੁਰੱਖਿਆ ਮਜ਼ਬੂਤ ਕਰਨ ਲਈ ਦੋਵੇਂ ਮੁਲਕ ਸਹਿਮਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਦੁਵੱਲੀ ਵਾਰਤਾ ਦੌਰਾਨ ਸਮੁੰਦਰੀ ਸੁਰੱਖਿਆ ਬਾਰੇ ਵੀ ਚਰਚਾ ਕੀਤੀ। ਦੋਵੇਂ ਆਗੂਆਂ ਨੇ ਹਿੰਦ ਮਹਾਸਾਗਰ ਖ਼ਿੱਤੇ ’ਚ ਸਾਂਝੀਆਂ ਚੁਣੌਤੀਆਂ ਨੂੰ ਸਵੀਕਾਰਦਿਆਂ ਸਮੁੰਦਰੀ ਅਤੇ ਸੁਰੱਖਿਆ ਸਹਿਯੋਗ ਵਧਾਉਣ ਲਈ ਵਚਨਬੱਧਤਾ ਜਤਾਈ। ਭਾਰਤ ਲਈ ਇਸ ਮੁੱਦੇ ’ਤੇ ਗੱਲਬਾਤ ਅਹਿਮ ਹੈ ਕਿਉਂਕਿ ਮੁਇਜ਼ੂ ਦਾ ਝੁਕਾਅ ਚੀਨ ਵੱਲ ਹੈ ਅਤੇ ਉਨ੍ਹਾਂ ਰਾਸ਼ਟਰਪਤੀ ਬਣਦੇ ਸਾਰ ਮਾਲਦੀਵ ’ਚੋਂ ਭਾਰਤੀ ਫੌਜ ਹਟਾਉਣ ਦੇ ਹੁਕਮ ਸੁਣਾਏ ਸਨ। ਦੋਵੇਂ ਮੁਲਕ ਇਸ ਗੱਲ ’ਤੇ ਵੀ ਰਾਜ਼ੀ ਹੋਏ ਕਿ ਉਥੂਰੂ ਥਿਲਾ ਫਾਲਹੂ ’ਚ ਮਾਲਦੀਵ ਕੌਮੀ ਰੱਖਿਆ ਬਲ ਦੀ ‘ਏਕਾਥਾ’ ਬੰਦਰਗਾਹ ਪ੍ਰਾਜੈਕਟ ਨੂੰ ਸਮੇਂ ਸਿਰ ਪੂਰਾ ਕਰਨ ’ਚ ਭਾਰਤ ਸਹਾਇਤਾ ਕਰੇਗਾ। ਇਸ ਤੋਂ ਇਲਾਵਾ ਭਾਰਤ ਨੇ ਮਾਲੇ ’ਚ ਰੱਖਿਆ ਮੰਤਰਾਲੇ ਲਈ ਇਕ ਅਤਿ ਆਧੁਨਿਕ ਇਮਾਰਤ ਬਣਾਉਣ ’ਤੇ ਵੀ ਸਹਿਮਤੀ ਜਤਾਈ ਹੈ। ਭਾਰਤ ਤਕਨੀਕੀ ਅਤੇ ਆਰਥਿਕ ਸਹਿਯੋਗ ਪ੍ਰੋਗਰਾਮ ਤਹਿਤ ਮਾਲਦੀਵ ਕੌਮੀ ਰੱਖਿਆ ਬਲ, ਮਾਲਦੀਵ ਪੁਲੀਸ ਸੇਵਾ ਅਤੇ ਹੋਰ ਮਾਲਦੀਵ ਸੁਰੱਖਿਆ ਸੰਗਠਨਾਂ ਦੀ ਸਿਖਲਾਈ ਅਤੇ ਵਿਕਾਸ ਦੀ ਸਮਰੱਥਾ ਵੀ ਵਧਾਏਗਾ। -ਏਐੱਨਆਈ