ਸੱਭਿਆਚਾਰਕ ਰੋਲ਼-ਘਚੋਲਾ
ਜਸਵਿੰਦਰ ਸਿੰਘ ਰੁਪਾਲ
ਅੱਜ ਅਸੀਂ ਸਾਰੇ ਕਈ ਤਰ੍ਹਾਂ ਦੇ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ ਜਿਵੇਂ ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ, ਭੂਮੀ ਪ੍ਰਦੂਸ਼ਣ ਅਤੇ ਸ਼ੋਰ ਪ੍ਰਦੂਸ਼ਣ ਆਦਿ ਪਰ ਅੱਜ ਅਸੀਂ ਜਿਸ ਪ੍ਰਦੂਸ਼ਣ ਦੀ ਗੱਲ ਕਰਨ ਜਾ ਰਹੇ ਹਾਂ, ਉਹ ਇਨ੍ਹਾਂ ਪ੍ਰਦੂਸ਼ਣਾਂ ਨਾਲੋਂ ਅਲੱਗ ਤਰ੍ਹਾਂ ਦਾ ਹੈ। ਇਸ ਦੇ ਵੀ ਸਿੱਟੇ ਬਹੁਤ ਖ਼ਤਰਨਾਕ ਹਨ। ਇਹ ਹੈ ਸੱਭਿਆਚਾਰਕ ਪ੍ਰਦੂਸ਼ਣ।
ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ ਸੱਭਿਆਚਾਰਕ ਪ੍ਰਦੂਸ਼ਣ ਹੈ ਕੀ? ‘ਸੱਭਿਆਚਾਰ’ ਤੋਂ ਭਾਵ ਕਿਸੇ ਖ਼ਾਸ ਸਮੂਹ ਜਾਂ ਵਰਗ ਦਾ ਖਾਣ-ਪੀਣ, ਪਹਿਰਾਵਾ, ਰਹਿਣ-ਸਹਿਣ, ਬੋਲੀ, ਧਰਮ, ਖੇਡਾਂ, ਗੀਤ-ਸੰਗੀਤ, ਕਲਾਵਾਂ ਅਤੇ ਰਸਮਾਂ ਆਦਿ ਤੋਂ ਹੈ। ਇਸ ਦਾ ਦਾਇਰਾ ਕਾਫ਼ੀ ਵਿਸ਼ਾਲ ਹੈ। ਪ੍ਰਦੂਸ਼ਣ ਤੋਂ ਭਾਵ ਕਿਸੇ ਚੀਜ਼ ਦਾ ਦੂਸ਼ਿਤ ਹੋ ਜਾਣਾ, ਗੰਦਾ ਹੋ ਜਾਣਾ, ਅਸਲੀ ਰੂਪ ਗੁਆ ਦੇਣਾ ਅਤੇ ਕੁਝ ਅਜਿਹਾ ਆ ਜੁੜਨਾ ਜੋ ਉਸ ਦਾ ਕੁਦਰਤੀ ਸਰੂਪ ਲੁਕੋਂਦਾ ਹੋਵੇ। ਇਸ ਤਰ੍ਹਾਂ ਸੱਭਿਆਚਾਰਕ ਪ੍ਰਦੂਸ਼ਣ ਦਾ ਭਾਵ ਹੋਇਆ-ਸਾਡੇ ਖਾਣ ਪੀਣ, ਪਹਿਰਾਵੇ, ਬੋਲੀ, ਖੇਡਾਂ, ਗੀਤ ਸੰਗੀਤ ਤੇ ਕਲਾਵਾਂ ਆਦਿ ਵਿੱਚ ਅਣਚਾਹੇ ਅੰਸ਼ਾਂ ਦਾ ਆ ਜਾਣਾ।
ਸਭ ਤੋਂ ਪਹਿਲਾਂ ਖਾਣ ਪੀਣ ਦੀ ਗੱਲ ਕਰੀਏ। ਕਿੱਥੇ ਗਏ ਸਾਡੇ ਦੁੱਧ, ਮਲਾਈਆਂ, ਮੱਖਣ, ਘਿਓ, ਸਾਗ, ਸੇਵੀਆਂ, ਚੂਰੀਆਂ, ਲੱਡੂ, ਜਲੇਬੀਆਂ, ਖੀਰ, ਗੁਲਗੁਲੇ, ਕੜਾਹ ਆਦਿ? ਗਵਾਚ ਗਿਆ ਸਾਡਾ ਗੰਨੇ ਚੂਪਣਾ, ਭੱਠੀ ਵਿੱਚ ਦਾਣੇ ਭੁਨਾਉਣੇ, ਘੁਲਾੜੀ ਦਾ ਗਰਮਾ ਗਰਮ ਗੁੜ ਖਾਣਾ ਆਦਿ। ਹੁਣ ਤਾਂ ‘ਫਾਸਟ ਫੂਡ’, ‘ਹੀਟ ਐਂਡ ਈਟ’, ‘ਪੈਕੇਡ ਭੋਜਨ’ ਨੇ ਥਾਂ ਲੈ ਲਈ ਹੈ। ਭਾਂਤ ਭਾਂਤ ਦੇ ਫਾਸਟ ਫੂਡ, ਹੌਟ ਡੌਗ, ਬਰਗਰ, ਪੀਜ਼ਾ, ਪੈਟੀਆਂ, ਪੇਸਟਰੀਆਂ, ਰੰਗ-ਬਿਰੰਗੀਆਂ ਮਠਿਆਈਆਂ, ਚਾਈਨੀਜ਼ ਫੂਡ ਅਤੇ ਹੋਰ ਬਾਹਰਲੇ ਖਾਣੇ ਅਤੇ ਹੋਰ ਕਿੰਨਾ ਨਿੱਕ ਸੁੱਕ। ਇਨ੍ਹਾਂ ਵਿੱਚ ਬਣਾਉਟੀਪਣ, ਤੇਜ਼ ਮਸਾਲੇ ਅਤੇ ਪਕਾਏ ਜਾਣ ਵਾਲੇ ਖਾਣੇ ਹਨ ਜੋ ਕਿਸੇ ਪੱਖ ਤੋਂ ਵੀ ਪੌਸ਼ਟਿਕ ਨਾ ਹੋਣ ਕਰਕੇ ਸਰੀਰ ਨੂੰ ਤੰਦਰੁਸਤੀ ਨਹੀਂ ਦਿੰਦੇ ਅਤੇ ਆਧੁਨਿਕ ਮਨੁੱਖ ਭਾਂਤ ਭਾਂਤ ਦੀਆਂ ਨਵੀਆਂ ਨਵੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਅਸੀਂ ਕੁਦਰਤੀ ਅਤੇ ਸਾਦਾ ਖਾਣਾ ਛੱਡ ਦਿੱਤਾ ਹੈ।
ਪਹਿਰਾਵੇ ਵਿੱਚ ਸਾਡਾ ਸੱਭਿਆਚਾਰ ਦਸਤਾਰਾਂ, ਦੁਪੱਟੇ, ਚਾਦਰੇ, ਕੁੜਤਾ ਪਜਾਮਾ, ਫੁਲਕਾਰੀ, ਸਲਵਾਰ ਸੂਟ, ਲਹਿੰਗੇ ਦੀ ਬਾਤ ਪਾਉਂਦਾ ਹੈ ਪਰ ਪੰਜਾਬੀਆਂ ਦੇ ਤਨ ’ਤੇ ਪੈਂਟ ਸ਼ਰਟਾਂ ਤੋਂ ਬਿਨਾਂ ਜੀਨਜ਼, ਸ਼ੌਰਟਸ, ਕੈਪਰੀ ਅਤੇ ਅਧ ਨੰਗੇ ਸਰੀਰਾਂ ਵਾਲੇ ਕੱਪੜੇ ਪਾਏ ਦੇਖਣ ਨੂੰ ਮਿਲਦੇ ਹਨ। ਚੀਰੇ ਅਤੇ ਦੁਪੱਟੇ ਯਾਨੀ ਪੱਗਾਂ ਅਤੇ ਚੁੰਨੀਆਂ ਲੋਪ ਹੋ ਰਹੇ ਹਨ। ਸਿਰਾਂ ਤੋਂ ਕੇਸ ਵੀ ਕਤਲ ਕਰਵਾਏ ਜਾ ਰਹੇ ਹਨ। ਹੁਣ ਉਸ ਤੋਂ ਅਗਲਾ ਕਦਮ ਕੀ ਹੋਵੇਗਾ? ਇਹ ਸਮਝ ਤੋਂ ਬਾਹਰ ਹੈ।
ਮਿੱਠੀ ਬੋਲੀ ਜਿਸ ਵਿੱਚ ਬਾਬਾ ਫ਼ਰੀਦ, ਸਾਈਂ ਬੁੱਲੇ ਸ਼ਾਹ ਅਤੇ ਬਾਬਾ ਨਾਨਕ ਜਿਹੇ ਕਿੰਨੇ ਹੀ ਮਹਾਪੁਰਸ਼ਾਂ ਨੇ ਅੰਮ੍ਰਿਤ ਰਸ ਘੋਲ ਕੇ ਸਾਨੂੰ ਜੀਵਨ ਜਾਚ ਸਿਖਾਈ ਸੀ, ਉਹ ਪੰਜਾਬੀ ਵੀ ਸੁਰੱਖਿਅਤ ਨਹੀਂ ਰਹੀ। ਪੰਜਾਬੀ ਬੋਲਣਾ ਅਤੇ ਲਿਖਣਾ ‘ਘਟੀਆਪਣ ਅਤੇ ਪੱਛੜੇਪਣ’ ਦਾ ਸੂਚਕ ਸਮਝਿਆ ਜਾਣ ਲੱਗਾ ਹੈ। ਜਿੰਨਾ ਕੋਈ ਵੱਧ ਪੜ੍ਹਿਆ ਲਿਖਿਆ ਹੈ ਜਾਂ ਧਨਵਾਨ ਹੈ ਜਾਂ ਉੱਚੇ ਅਹੁਦੇ ’ਤੇ ਬਿਰਾਜਮਾਨ ਹੈ, ਉਹ ਓਨਾ ਹੀ ਪੰਜਾਬੀ ਤੋਂ ਦੂਰੀ ਬਣਾਈ ਰੱਖਣ ਵਿੱਚ ਸ਼ਾਨ ਸਮਝਦਾ ਹੈ। ਕਿਸੇ ਵੀ ਸੱਭਿਆਚਾਰ ਦੀਆਂ ਜੜ੍ਹਾਂ ਉਸ ਖਿੱਤੇ ਦੀ ਬੋਲੀ ਵਿੱਚ ਹੁੰਦੀਆਂ ਹਨ ਪਰ ਇੱਥੇ ਤਾਂ ਹਿੰਦੀ ਅਤੇ ਅੰਗਰੇਜ਼ੀ ਨੂੰ ਪੰਜਾਬੀ ਵਿੱਚ ਇਸ ਤਰ੍ਹਾਂ ਮਿਲਾਇਆ ਜਾ ਰਿਹਾ ਹੈ ਜਿਵੇਂ ਕਈ ਗਾਇਕਾਂ ਦੇ ਗੀਤ ਅਤੇ ਸੰਗੀਤ ਮਿਲਾ ਕੇ ਨਵਾਂ ਗੀਤ ਪੇਸ਼ ਕਰ ਦਿੱਤਾ ਜਾਂਦਾ ਹੈ।
ਅਸਲੀ ਬੋਲੀ ਕਿੱਥੇ ਹੈ? ਅਸੀਂ ਸਿਰਫ਼ ‘ਕਿਰਿਆ’ ਪੰਜਾਬੀ ਦੀ ਵਰਤਦੇ ਹਾਂ, ਬਾਕੀ ‘ਨਾਂਵ’ ਤੇ ‘ਵਿਸ਼ੇਸ਼ਣ’ ਆਦਿ ਬਹੁਤੇ ਸ਼ਬਦ ਹਿੰਦੀ ਜਾਂ ਅੰਗਰੇਜ਼ੀ ਦੇ ਵਰਤਦੇ ਹਾਂ। ਸਵੇਰ ਤੋਂ ਸ਼ਾਮ ਤੱਕ ਬੋਲੇ ਗਏ ਆਪਣੇ ਹੀ ਬੋਲ ਰਿਕਾਰਡ ਕਰ ਲਈਏ ਤਾਂ ਹੈਰਾਨ ਰਹਿ ਜਾਵਾਂਗੇ। ਸਾਡੇ ਗੀਤ ਅਤੇ ਸੰਗੀਤ ਵੀ ਪੱਛਮ ਦੇ ਪਦਾਰਥਵਾਦ ਅਤੇ ਨੰਗੇਜ਼ ਦੀ ਮਾਰ ਹੇਠ ਆ ਚੁੱਕੇ ਹਨ। ਕਿੱਥੇ ਤਾਂ ਸਾਡੇ ਗੀਤਾਂ ਵਿੱਚ ਰਿਸ਼ਤਿਆਂ ਦਾ ਨਿੱਘ ਸੀ, ਪ੍ਰੇਮੀਆਂ ਦੇ ਦਿਲਾਂ ਨੂੰ ਧੂਹ ਪਾਉਣ ਵਾਲੇ ਵਿਛੋੜੇ ਅਤੇ ਮੇਲ ਦੇ ਜਜ਼ਬਾਤ ਸਨ, ਸੂਰਬੀਰਾਂ ਦੀ ਬਹਾਦਰੀ ਅਤੇ ਅਣਖ ਦੇ ਕਿੱਸੇ ਅਤੇ ਕੁਰਬਾਨੀ ਦੇ ਜਜ਼ਬੇ ਪਰੋਏ ਹੁੰਦੇ ਸਨ। ਪਰ ਅੱਜ ਦੇ ਗੀਤਾਂ ਨੂੰ ਦੇਖੋ ਜ਼ਰਾ-ਘਟੀਆ, ਅਧ-ਨੰਗੇ ਸਰੀਰਾਂ ਨਾਲ ਘਟੀਆ ਅੰਦਾਜ਼ ਵਿੱਚ ਡੱਡੂ ਛੜੱਪੇ ਮਾਰਦੇ ਨੌਜਵਾਨ ਲੜਕੇ-ਲੜਕੀਆਂ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਹਨ ? ਅੱਜ ਗੀਤ ਸੁਣੇ ਨਹੀਂ ਜਾਂਦੇ, ਦੇਖੇ ਜਾਂਦੇ ਹਨ। ਗੀਤ ਗਾਏ ਨਹੀਂ ਜਾਂਦੇ ਸਗੋਂ ਸਰੀਰਾਂ ਨੂੰ ਨੱਚ ਟੱਪ ਕੇ ਦਿਖਾਇਆ ਜਾਂਦਾ ਹੈ। ਵਿਸ਼ੇ ਦੀ ਗੱਲ ਕਰੀਏ ਤਾਂ ਦਾਰੂ, ਔਰਤ ਦੇ ਜਿਸਮ, ਹਿੰਸਾ, ਪਦਾਰਥਾਂ ਦੀ ਗੱਲ ਹੁੰਦੀ ਹੈ, ਸਮਝ ਨਹੀਂ ਲੱਗਦੀ ਕਿ ਇਹ ਕਿਸ ਸੱਭਿਆਚਾਰ ਦੀ ਗੱਲ ਹੋ ਰਹੀ ਹੈ? ਅਸ਼ਲੀਲਤਾ, ਨੰਗੇਜ਼ ਅਤੇ ਨਸ਼ੇ ਤਾਂ ਪੱਛਮੀ ਸੱਭਿਆਚਾਰ ਦੀ ਰੀਸ ਕਰ ਕੇ ਲੈ ਲਏ, ਪਰ ਹਿੰਸਾ? ਰਫਲਾਂ, ਹਥਿਆਰਾਂ ਦੀ ਗੱਲ ਕਿੱਥੋਂ ਉਧਾਰ ਲਈ ਹੈ? ਕਦੇ ਜ਼ੁਲਮ ਦੇ ਵਿਰੁੱਧ ਹਥਿਆਰ ਚੁੱਕਦੇ ਸਾਂ, ਅੱਜ ‘ਕਥਿਤ’ ਪ੍ਰੇਮਿਕਾ ਨੂੰ ਖ਼ੁਸ਼ ਕਰਨ ਲਈ ਜਿਸ ਨੂੰ ਮਰਵਾਉਣਾ ਹੈ, ਉਸ ਲਈ ਹਥਿਆਰ ਚੁੱਕੇ ਜਾਂਦੇ ਹਨ। ਕੱਲ੍ਹ ਇੱਜ਼ਤਾਂ ਦੀ ਰਾਖੀ ਲਈ ਹਥਿਆਰ ਚੁੱਕੇ ਸਨ ਤੇ ਅੱਜ? ਕੀ ਇਸੇ ਦਾ ਨਾਂ ਤਰੱਕੀ ਹੈ?
ਸਾਡੀ ਆਪਣੀ ਮਿੱਟੀ ਦੀਆਂ ਖੇਡਾਂ ਫੁੱਟਬਾਲ, ਹਾਕੀ, ਕਬੱਡੀ, ਖਿੱਦੋ, ਖਿੱਦੋ ਖੂੰਡੀ ਨੂੰ ਭੁੱਲ ਕੇ ਅਸੀਂ ਕ੍ਰਿਕਟ ਦੇ ਮਗਰ ਪੈ ਗਏ ਹਾਂ। ਉਸ ਵਿੱਚ ਵੀ ਖੇਡਣ ਨਾਲੋਂ ਦੇਖਣ ਵਿੱਚ ਜ਼ਿਆਦਾ ਸਮਾਂ ਖ਼ਰਾਬ ਕਰਦੇ ਹਾਂ। ਅਜੋਕੇ ਮੈਚ ਸਿਰਫ਼ ਜਿੱਤੇ ਜਾਣ ਲਈ ਅਤੇ ਇਨਾਮ ਲੈਣ ਲਈ ਹੀ ਖੇਡੇ ਜਾਂਦੇ ਹਨ। ਅਰਬਾਂ ਖਰਬਾਂ ਰੁਪਏ ਵਹਾਏ ਜਾ ਰਹੇ ਹਨ ਪਰ ਖੇਡ ਭਾਵਨਾ ਖ਼ਤਮ ਹੋ ਗਈ ਹੈ, ਜਿਸ ਵਿੱਚ ਕੁਦਰਤੀ ਮਨੋਰੰਜਨ ਵੀ ਸੀ, ਭਾਈਚਾਰਾ ਅਤੇ ਪ੍ਰੇਮ ਵੀ ਸੀ ਪਰ ਗਲ਼ ਘੋਟੂ ਮੁਕਾਬਲਾ ਨਹੀਂ ਸੀ। ਹਾਰ ਜਿੱਤ ਨਾਲ ਬਹੁਤਾ ਫ਼ਰਕ ਨਹੀਂ ਸੀ ਪੈਂਦਾ ਪਰ ਅੱਜ ਹਾਰ ਨੂੰ ਬਰਦਾਸ਼ਤ ਕਰਨਾ ਔਖਾ ਹੈ ਅਤੇ ਜਿੱਤ ਦੇ ਜਸ਼ਨ ਮਨਾਏ ਜਾਂਦੇ ਹਨ। ਭੁੱਲ ਚੁੱਕੇ ਹਾਂ ਕਿ ਸਿਰਫ਼ ਖੇਡ ਭਾਵਨਾ ਨਾਲ ਖੇਡਣ ’ਤੇ ਤਨ ਅਤੇ ਮਨ ਦੋਵੇਂ ਤੰਦਰੁਸਤ ਰਹਿਣਗੇ।
ਗੱਲ ਇੱਕ ਨੁਕਤੇ ’ਤੇ ਖ਼ਤਮ ਕਰੀਏ ਤਾਂ ਇਹ ਹੈ ਕਿ ਪਦਾਰਥਵਾਦ ਦੀ ਹਨੇਰੀ ਨੇ ਸਾਡੇ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲੈ ਆਂਦਾ ਹੈ। ਅੱਜ ਸਾਡੀਆਂ ਕਦਰਾਂ ਕੀਮਤਾਂ ਖ਼ਤਮ ਹੋਣ ਦੇ ਕਿਨਾਰੇ ਹਨ। ਮਾਇਆ, ਚੌਧਰ, ਸਵਾਰਥ, ਦਿਖਾਵਾ, ਰੀਸ, ਫੋਕੇ ਰੁਤਬੇ ਅਤੇ ਨਿੱਜੀ ਫਾਇਦੇ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਾਂ। ਜਿਹੜੇ ਪੰਜਾਬੀਆਂ ਨੇ ਆਪਣੀ ਕਿਰਤ ਅਤੇ ਸੁੰਦਰਤਾ ਨੂੰ ਵਿਦੇਸ਼ੀ ਜਰਵਾਣਿਆਂ ਕੋਲੋਂ ਲੜਾਈ ਕਰ ਕੇ ਰੱਖਿਆ ਕੀਤੀ ਸੀ। ਅੱਜ ਓਹੀ ਪੰਜਾਬੀ ਆਪਣੀਆਂ ਲੜਕੀਆਂ ਨੂੰ ਸੁੰਦਰਤਾ ਮੁਕਾਬਲਿਆਂ ਵਿੱਚ ਰੱਖ ਕੇ ਉਨ੍ਹਾਂ ਨੂੰ ਬਾਜ਼ਾਰ ਦੀ ਵਸਤ ਬਣਾਉਣ ਲੱਗੇ ਹਨ। ਆਪਣੀ ਕਿਰਤ ਨੂੰ ਬਾਬਿਆਂ, ਜੋਤਸ਼ੀਆਂ, ਟਰੈਵਲ ਏਜੰਟਾਂ ਕੋਲ ਲੁਟਾ ਰਹੇ ਹਨ। ਬਾਹਰਲੇ ਦੇਸ਼ ਵਿੱਚ ਆਪਣੇ ਪੁੱਤ ਜਾਂ ਧੀ ਦਾ ਸਾਕ ਕਰਨ ਲਈ ਪੌਂਡ ਜਾਂ ਡਾਲਰਾਂ ਦੀ ਚਕਾਚੌਂਧ ਤੋਂ ਪ੍ਰਭਾਵਿਤ ਹੋ ਕੇ ਧਰਮ ਅਤੇ ਸੱਭਿਆਚਾਰ ਦੀ ਬਲੀ ਦੇਣ ਲਈ ਤਿਆਰ ਹੋ ਜਾਂਦੇ ਹਾਂ।
ਸਾਡੇ ਰਸਮੋ ਰਿਵਾਜ, ਜਿਨ੍ਹਾਂ ਵਿੱਚ ਵੱਡਿਆਂ ਦਾ ਸਤਿਕਾਰ ਝਲਕਦਾ ਸੀ, ਆਪਸੀ ਪਿਆਰ ਇਤਫਾਕ ਡੁੱਲ੍ਹ ਡੁੱਲ੍ਹ ਪੈਂਦਾ ਸੀ, ਰਿਸ਼ਤਿਆਂ ਦਾ ਨਿੱਘ ਸੀ, ਉਹ ਸਭ ਲੋਪ ਹੋ ਰਹੇ ਹਨ। ਕੁਝ ਰਸਮਾਂ ਖਾਨਾਪੂਰਤੀ ਲਈ ਸੰਭਾਲੀਆਂ ਹਨ ਪਰ ਉਨ੍ਹਾਂ ਵਿੱਚ ਭਾਵਨਾ ਨਹੀਂ। ਮੈਰਿਜ ਪੈਲੇਸਾਂ ਵਿੱਚ ਡੀ.ਜੇ., ਆਰਕੈਸਟਰਾ, ਭਾਂਤ ਭਾਂਤ ਦੇ ਖਾਣਿਆਂ ਅਤੇ ਵਰਤਾਈਆਂ ਜਾ ਰਹੀਆਂ ਸ਼ਰੇਆਮ ਸ਼ਰਾਬਾਂ ਜਾਂ ਵਿਸਕੀਆਂ, ਪੰਜਾਬੀ ਸੱਭਿਆਚਾਰ ਦਾ ਮੂੰਹ ਚਿੜਾ ਰਹੀਆਂ ਹਨ। ਹੱਥੀਂ ਹਲਕਾ ਜਿਹਾ ਕੰਮ ਵੀ ਮੁਸ਼ਕਿਲ ਲੱਗਦਾ ਹੈ। ਵਿਆਹ ਦੀ ਸਾਹੇ ਚਿੱਠੀ ਵੀ ਰੈਡੀਮੇਡ, ਲੜਕੀ ਦਾ ਸ਼ਿੰਗਾਰ ਵੀ ਰੈਡੀਮੇਡ-ਬਿਊਟੀ ਪਾਰਲਰਾਂ ’ਚੋਂ, ਜਾਗੋ ਵੀ ਰੈਡੀਮੇਡ, ਲਾੜੇ ਦੇ ਹੱਥ ’ਚ ਫੜੀ ਸ਼ਮਸ਼ੀਰ ਲਾੜੇ ਵੱਲ ਦੇਖ ਕੇ ਸ਼ਰਮਾ ਰਹੀ ਹੁੰਦੀ ਹੈ। ਸਾਡੀ ਮਹਿਮਾਨ-ਨਿਵਾਜ਼ੀ, ਖੁੱਲ੍ਹ-ਦਿਲੀ, ਸਾਡਾ ਪਵਿੱਤਰ ਇਸ਼ਕ, ਸਾਡੀ ਅਣਖ ਤੇ ਗੈਰਤ, ਨਰੋਏ ਸਰੀਰ, ਜਾਗਦੀ ਜਮੀਰ, ਸੇਵਾ ਤੇ ਉਪਕਾਰ, ਦੂਜੇ ਲਈ ਮਰ ਮਿਟਣ ਦਾ ਚਾਅ ਇਨ੍ਹਾਂ ਸਭ ਗੁਣਾਂ ਨੂੰ ਗ੍ਰਹਿਣ ਲੱਗ ਚੁੱਕਾ ਹੈ। ਇਸ ਵਿੱਚ ਆ ਰਲਿਆ ਹੈ-ਨਸ਼ਿਆਂ ਦੀ ਭਰਮਾਰ, ਨੰਗੇਜ਼ ਤੇ ਅਸ਼ਲੀਲਤਾ, ਚੌਧਰ ਤੇ ਸੁਆਰਥ, ਲੁੱਟਮਾਰ ਤੇ ਹਿੰਸਾ। ਪ੍ਰਦੂਸ਼ਣ ਇੱਕ ਦੋ ਹੋਣ ਤਾਂ ਗਿਣੀਏ। ਦਾਲ ਵਿੱਚ ਕੁਝ ਕਾਲਾ ਨਹੀਂ ਸਗੋਂ ਦਾਲ ਹੀ ਕਾਲੀ ਹੈ। ਆਟੇ ਵਿੱਚ ਲੂਣ ਤਾਂ ਬਰਦਾਸ਼ਤ ਕਰ ਲਈਏ ਪਰ ਲੂਣ ਵਿੱਚ ਆਟੇ ਨੂੰ ਕਿਵੇਂ ਬਰਦਾਸ਼ਤ ਕਰੀਏ?
ਆਓ! ਇਸ ਪ੍ਰਦੂਸ਼ਣ ਨੂੰ ਰੋਕਣ ਲਈ ਕੋਈ ਲਹਿਰ ਚਲਾਈਏ। ਵਾਤਾਵਰਨ ਪ੍ਰਦੂਸ਼ਣ ਲਈ ਜਾਗਰੂਕਤਾ ਲਿਆਉਣ ਲਈ ਯਤਨ ਸ਼ਲਾਘਾਯੋਗ ਹਨ। ਸੱਭਿਆਚਾਰਕ ਪ੍ਰਦੂਸ਼ਣ ਤੋਂ ਬਚਣ ਲਈ ਅਸੀਂ ਕੀ ਕਰ ਰਹੇ ਹਾਂ? ਉਸਾਰੂ, ਸਾਰਥਿਕ ਅਤੇ ਚੰਗੀਆਂ ਕਦਰਾਂ ਕੀਮਤਾਂ ਵਾਲੇ ਗੀਤ ਲਿਆਉਣ ਦੀ ਜ਼ਰੂਰਤ ਹੈ। ਅਸੀਂ ਪਿੱਛੇ ਨੂੰ ਨਹੀਂ ਜਾਣਾ ਚਾਹੁੰਦੇ ਪਰ ਚੰਗੀਆਂ ਕਦਰਾਂ ਕੀਮਤਾਂ, ਚੰਗੀਆਂ ਨੀਤੀਆਂ, ਸਾਡੀ ਪਹਿਚਾਣ ਬਣੀ ਆਪਣੀ ਬੋਲੀ ਅਤੇ ਪੰਜਾਬੀਅਤ ਕਿਉਂ ਛੱਡੀਏ? ਸਰਕਾਰੀ, ਗ਼ੈਰ ਸਰਕਾਰੀ ਸੰਸਥਾਵਾਂ, ਬੁੱਧੀਜੀਵੀ, ਲੇਖਕਾਂ, ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਜੇ ਹੁਣੇ ਨਾ ਸੰਭਲੇ ਤਾਂ ਇਤਿਹਾਸ ਨੇ ਸਾਨੂੰ ਮੁਆਫ਼ ਨਹੀਂ ਕਰਨਾ। ਕਿਤੇ ਉਹ ਦਿਨ ਨਾ ਦੇਖਣੇ ਪੈ ਜਾਣ ਜਿਸ ਬਾਰੇ ਕਿਹਾ ਗਿਆ ਏ “ਤੁਮਹਾਰੀ ਦਾਸਤਾਂ ਤੱਕ ਵੀ ਨਾ ਹੋਗੀ ਦਾਸਤਾਨੋਂ ਮੇਂ।” ਜਾਗੋ! ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਨੌਜਵਾਨਾਂ ਨੂੰ ਅਹਿਸਾਸ ਕਰਵਾਉਣ ਦੀ ਲੋੜ ਹੈ, ਤੁਰਨਾ ਉਹ ਖ਼ੂਬ ਜਾਣਦੇ ਹਨ, ਰਸਤਾ ਤੁਸੀਂ ਦਿਖਾਉਂਦੇ ਰਹੋ।
ਸੰਪਰਕ: 981471-45796