ਪੰਜਾਬੀ ਯੂਨੀਵਰਸਿਟੀ ਵਿੱਚ ਸੱਭਿਆਚਾਰਕ ਪ੍ਰੋਗਰਾਮ
ਖੇਤਰੀ ਪ੍ਰਤੀਨਿਧ
ਪਟਿਆਲਾ, 19 ਨਵੰਬਰ
ਪੰਜਾਬੀ ਯੂਨੀਵਰਸਿਟੀ ਦੇ ਇੰਜਨੀਅਰਿੰਗ ਵਿਭਾਗਾਂ ਵੱਲੋਂ ‘ਕ੍ਰਿਸਪੋਲੇਸ਼ੀਆ’ ਨਾਮ ਹੇਠ ਦੋ ਰੋਜ਼ਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਕੁਮਾਰ ਤਿਵਾੜੀ ਵੱਲੋਂ ਕੀਤਾ ਗਿਆ| ਉਨ੍ਹਾਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੱਧ ਵੱਧ ਤੋਂ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਇੰਜਨੀਅਰਿੰਗ ਵਿਭਾਗਾਂ ਵੱਲੋਂ ਇਹ ਪ੍ਰੋਗਰਾਮ ਕਰਵਾਏ ਜਾਣ ਉੱਤੇ ਸ਼ਲਾਘਾ ਕੀਤੀ | ਪ੍ਰੋਗਰਾਮ ਕਨਵੀਨਰ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਦੇ ਪਹਿਲੇ ਦਿਨ ਟੈਲੇਂਟ ਸ਼ੋਅ, ਫਨ ਗੇਮਜ਼ ਆਦਿ ਗਤੀਵਿਧੀਆਂ ਖਿੱਚ ਦਾ ਕੇਂਦਰ ਰਹੀਆਂ ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਸੇ ਦਿਨ ਸ਼ਾਮ ਨੂੰ ਲਾਈਵ ਬੈਂਡ ਦੌਰਾਨ 2500 ਦੇ ਕਰੀਬ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ| ਪ੍ਰੋਗਰਾਮ ਦੇ ਦੂਜੇ ਦਿਨ 100 ਵਿਦਿਆਰਥੀਆਂ ਵੱਲੋਂ ਨ੍ਰਿਤ, ਸੰਗੀਤ , ਭੰਗੜਾ ਅਤੇ ਗਿੱਧਾ ਆਦਿ ਦੇ ਰੂਪ ਵਿੱਚ ਆਪਣਾ ਹੁਨਰ ਦਿਖਾਇਆ ਗਿਆ ਜਿਨ੍ਹਾਂ ਨੂੰ ਜੱਜਾਂ ਵੱਲੋਂ ਪੇਸ਼ਕਾਰੀ ਦੇ ਅਧਾਰ ’ਤੇ ਵੱਖ-ਵੱਖ ਇਨਾਮ ਦਿੱਤੇ ਗਏ। ਇਸ ਪ੍ਰੋਗਰਾਮ ਵਿੱਚ ਤਿੰਨ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਡੀਐੱਸਪੀ ਮੋਹਿਤ ਅਗਰਵਾਲ, ਜੋ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ, ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।
ਵਿੱਤ ਅਫ਼ਸਰ ਡਾ. ਪ੍ਰਮੋਦ ਅੱਗਰਵਾਲ ਨੇ ਵੀ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਕਨਵੀਨਰ ਡਾ. ਹਰਜਿੰਦਰ ਸਿੰਘ ਨੇ ਉਪ-ਕੁਲਪਤੀ ਪ੍ਰੋ. ਅਰਵਿੰਦ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਇਸ ਪ੍ਰੋਗਰਾਮ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਹ ਪ੍ਰੋਗਰਾਮ ਇੰਜਨੀਅਰਿੰਗ ਵਿਭਾਗਾਂ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਧਨੋਆ, ਪ੍ਰੋ. ਬਲਰਾਜ ਸੈਣੀ, ਪ੍ਰੋ. ਰਣਜੀਤ ਕੌਰ ਅਤੇ ਪ੍ਰੋ. ਹਿਮਾਂਸ਼ੂ ਅਗਰਵਾਲ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ।