ਸੁਰਜੀਤ ਬਿੰਦਰਖੀਆ ਦੀ ਯਾਦ ’ਚ ਸੱਭਿਆਚਾਰਕ ਪ੍ਰੋਗਰਾਮ
ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 21 ਨਵੰਬਰ
ਈਕੋ ਸਿਟੀ-1 ਨਿਊ ਚੰਡੀਗੜ੍ਹ ਵਿੱਚ ਗਾਇਕ ਮਰਹੂਮ ਸੁਰਜੀਤ ਬਿੰਦਰਖੀਆ ਦੀ ਯਾਦ ਨੂੰ ਸਮਰਪਿਤ ‘ਜੱਗ ਜਿਉਂਦਿਆਂ ਦੇ ਮੇਲੇ’ ਬੈਨਰ ਹੇਠ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਦੇ ਚੇਅਰਮੈਨ ਜਸਪ੍ਰੀਤ ਸਿੰਘ ਰੰਧਾਵਾ, ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਗਾਇਕ ਪਰਮਦੀਪ ਸਿੰਘ ਭਬਾਤ, ਦਵਿੰਦਰ ਸਿੰਘ, ਬਲਜਿੰਦਰ ਸਿੰਘ ਬੱਲੀ, ਭੁਪਿੰਦਰ ਸਿੰਘ ਝੱਜ ਨੇ ਇਸ ਪ੍ਰੋਗਰਾਮ ਵਿੱਚ ਰਚਨਾਵਾਂ ਰਾਹੀਂ ਬਿੰਦਰਖੀਆ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਪਿੰਡ ਮੁੱਲਾਂਪੁਰ ਗ਼ਰੀਬਦਾਸ ਦੇ ਸਰਪੰਚ ਜਤਿੰਦਰ ਸਿੰਘ ਧਾਲੀਵਾਲ ਸਣੇ ਪੰਚਾਇਤ ਮੈਂਬਰ, ‘ਆਪ’ ਦੇ ਬਲਾਕ ਪ੍ਰਧਾਨ ਜਸਪਾਲ ਸਿੰਘ ਪਾਲਾ, ਨੰਬਰਦਾਰ ਚਰਨਜੀਤ ਸਿੰਘ ਧਾਲੀਵਾਲ, ਰਵਿੰਦਰ ਪਾਲ ਕੌਰ ਸਣੇ ਪਿੰਡ ਦੇ ਪਤਵੰਤੇ ਵਿਸ਼ੇਸ਼ ਮਹਿਮਾਨਾਂ ਵਿੱਚ ਹਾਜ਼ਰ ਸਨ। ਇਸੇ ਦੌਰਾਨ ਅਦਾਕਾਰ ਦਰਸ਼ਨ ਔਲਖ, ਗਾਇਕ ਦਲਵਿੰਦਰ ਬਾਰਨ, ਕਰਮਜੀਤ ਬੱਗਾ, ਮੁੱਲਾਂਪੁਰੀਆ ਸੁੱਖਾ ਤੂੰਬੀ ਵਾਲਾ, ਮਨਦੀਪ ਸਿੰਘ ਮਟੌਰ ਨੇ ਸ੍ਰੀ ਬਿੰਦਰਖੀਆ ਨਾਲ ਬਿਤਾਏ ਪਲਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਉਹ ਇਕ ਨੇਕ ਦਿਲ ਇਨਸਾਨ ਸੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਕਲਾਕਾਰਾਂ ਤੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ।