ਤੀਆਂ ਨੂੰ ਸਮਰਪਿਤ ਵੱਖ ਵੱਖ ਥਾਈਂ ਸੱਭਿਆਚਾਰਕ ਸਮਾਗਮ
ਪੱਤਰ ਪ੍ਰੇਰਕ
ਬੰਗਾ, 26 ਜੁਲਾਈ
ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਵਿਹੜੇ ਨਵਜੋਤ ਸਾਹਿਤ ਸੰਸਥਾ ‘ਤੀਆਂ ਦਾ ਤਿਉਹਾਰ’ ਮਨਾਇਆ ਗਿਆ। ਇਸ ਦੀ ਉਦਘਾਟਨੀ ਰਸਮ ਸਹਾਇਕ ਸਕੱਤਰ ਡਾ. ਅੰਬੇਡਕਰ ਫਾਊਂਡੇਸ਼ਨ ਮਨਿਸਟਰੀ ਆਫ਼ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਭਾਰਤ ਸਰਕਾਰ ਮਨਜੀਤ ਬਾਲੀ ਨੇੇ ਨਿਭਾਈ। ਉਨ੍ਹਾਂ ਕੁੜੀਆਂ ਨੂੰ ਸਵੈ-ਮਾਣ ਦੇ ਰਾਹ ਤੁਰਦਿਆਂ ਹਿੰਮਤ ਅਤੇੇ ਮਿਹਨਤ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।
ਉਪਰੰਤ ਤੀਆਂ ਦੇ ਤਿਉਹਾਰ ਦੀ ਸਾਂਝ ਪਾਉਂਦਿਆਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀਆਂ ਵਿਦਿਆਰਥਣਾਂ ਰੇਨੂਕਾ, ਰਾਧਿਕਾ ਤੇ ਸਿਮਰਨ, ਗੁਰੂ ਨਾਨਕ ਮਿਸ਼ਨ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਦੀਆਂ ਵਿਦਿਆਰਥਣਾਂ ਇੰਦਰਪ੍ਰੀਤ ਕੌਰ, ਦੀਆ ਤੇ ਮਨਿੰਦਰ ਮਹਿੰਮੀ, ਗੁਰੂ ਨਾਨਕ ਨਰਸਿੰਗ ਕਾਲਜ ਢਾਹਾਂ ਕਲੇੇਰਾਂ ਦੀਆਂ ਵਿਦਿਆਰਥਣਾਂ ਹਰਲੀਨ ਕੌਰ ਤੇ ਕਿਰਨ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਕਲ ਸਟਾਫ ਤੋਂ ਮਨਪ੍ਰੀਤ ਕੌਰ ਅਤੇ ਹਰਦੀਪ ਕੌਰ ਨੇ ਲੋਕ ਬੋਲੀਆਂ ਨਾਲ ਪੇਸ਼ਕਾਰੀਆਂ ਰਾਹੀਂ ਖੂਬ ਰੰਗ ਬੰਨ੍ਹਿਆ। ਆਖ਼ਰ ਵਿੱਚ ਗੁਰੂ ਨਾਨਕ ਮਿਸ਼ਨ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀਆਂ ਵਿਦਿਆਰਥਣਾਂ ਨੇ ਗਿੱਧੇ ਦੀ ਧਮਾਲ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਗੁਰੂ ਨਾਨਕ ਮਿਸ਼ਨ ਟਰੱਸਟ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਅਤੇ ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਰਜਨੀ ਸ਼ਰਮਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬੰਗਾ ਦੇ ਉਪ ਮੰਡਲ ਮਜਿਸਟ੍ਰੇਟ ਮਨਰੀਤ ਰਾਣਾ ਨੇ ਸਾਰੇ ਪ੍ਰਤੀਯੋਗੀਆਂ ਦਾ ਸਨਮਾਨ ਕੀਤਾ। ਸਟੇਜ ਦਾ ਸੰਚਾਲਨ ਸਿਮਰਨਜੀਤ ਸ਼ੇਰਗਿੱਲ, ਕਵਿਤਾ ਨੇ ਸਾਂਝੇ ਤੌਰ ’ਤੇ ਕੀਤਾ।