ਧੀਆਂ ਦੀ ਲੋਹੜੀ ਦੇ ਮੱਦੇਨਜ਼ਰ ਸੱਭਿਆਚਾਰਕ ਸਮਾਗਮ
ਕੁਲਦੀਪ ਸਿੰਘ
ਨਵੀਂ ਦਿੱਲੀ, 12 ਜਨਵਰੀ
ਲੋਹੜੀ ਦੇ ਤਿਉਹਾਰ ਨੂੰ ਸਮਰਪਿਤ ਹੁੰਦੇ ਹੋਏ ਸੁਨੱਖੀ ਪੰਜਾਬਣ ਅਤੇ ਓਮੈਕਸ ਚੌਕ ਵਲੋਂ ਮਿਲ ਕੇ ‘ਧੀਆਂ ਦੀ ਲੋਹੜੀ’ ਸਬੰਧੀ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਉਦੇਸ਼ ਧੀਆਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣਾ ਅਤੇ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਪਛਾਣਨਾ ਸੀ। ਓਮੈਕਸ ਚੌਕ, ਗਾਂਧੀ ਮੈਦਾਨ ਪਾਰਕਿੰਗ ਚਾਂਦਨੀ ਚੌਕ, ਦਿੱਲੀ ਵਿਖੇ ਹੋਏ ਇਸ ਵਿਸ਼ੇਸ਼ ਪ੍ਰੋਗਰਾਮ ਨੇ ਰਵਾਇਤੀ ਲੋਹੜੀ ਦੀ ਖੁਸ਼ੀ ਨੂੰ ਮਹਿਲਾ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਦੇ ਸੰਦੇਸ਼ ਨਾਲ ਜੋੜਨ ਦੀ ਭੂਮਿਕਾ ਵੀ ਅਦਾ ਕੀਤੀ। ਇਸ ਮੌਕੇ ਸੱਭਿਆਚਾਰਕ ਪੇਸ਼ਕਾਰੀਆਂ ਤਹਿਤ ਰਵਾਇਤੀ ਪੰਜਾਬੀ ਲੋਕਨਾਚ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇੰਟਰਐਕਟਿਵ ਸੈਸ਼ਨ ਦੌਰਾਨ ਜਿੱਥੇ ਔਰਤਾਂ ਦੇ ਸਸ਼ਕਤੀਕਰਨ, ਸਿੱਖਿਆ ਅਤੇ ਧੀਆਂ ਦੇ ਅਧਿਕਾਰਾਂ ’ਤੇ ਗੱਲਬਾਤ ਕੀਤੀ ਗਈ ਉਥੇ ਨਾਟਕ, ਕਵਿਤਾ ਪਾਠ ਅਤੇ ਲੋਕ ਗੀਤਾਂ ਦਾ ਕਲਾਤਮਕ ਪ੍ਰਦਰਸ਼ਨ ਵੀ ਕੀਤਾ ਗਿਆ। 82 ਸਾਲਾ ਸੀਨੀਅਰ ਕਲਾਕਾਰ ਸਣੇ ਚਾਰ ਪੀੜ੍ਹੀਆਂ ਦੀਆਂ ਔਰਤਾਂ ਵੱਲੋਂ ਆਪਣੀ ਕਲਾ ਅਤੇ ਪਰੰਪਰਾ ਦਾ ਪ੍ਰਦਰਸ਼ਨ ਕਰਨਾ ਇਸ ਪ੍ਰੋਗਰਾਮ ਦੀ ਖਾਸ ਖਿੱਚ ਸੀ। ਹਵਾ ਪ੍ਰਦੂਸ਼ਣ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੋਗਰਾਮ ਵਿਚ ਈਕੋ-ਫਰੈਂਡਲੀ ਲੋਹੜੀ ਦੀ ਵਰਤੋਂ ਕੀਤੀ ਗਈ। ਸੁਨੱਖੀ ਪੰਜਾਬਣ ਦੀ ਸੰਸਥਾਪਕ ਡਾ. ਅਵਨੀਤ ਕੌਰ ਭਾਟੀਆ ਨੇ ਇਸ ਮੌਕੇ ਕਿਹਾ ਕਿ ਲੋਹੜੀ ਧੀਆਂ ਦਾ ਤਿਉਹਾਰ ਵੀ ਹੈ। ਇਸ ਤਿਉਹਾਰ ਦਾ ਉਦੇਸ਼ ਸਮਾਜ ਵਿੰਚ ਧੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਨਾ ਅਤੇ ਉਨ੍ਹਾਂ ਲਈ ਬਰਾਬਰ ਦੇ ਮੌਕੇ ਯਕੀਨੀ ਬਣਾਉਣਾ ਹੈ। ਪ੍ਰੋਗਰਾਮ ਦੀ ਸਮਾਪਤੀ ਮੌਕੇ ਤਿਲ, ਗੁੜ, ਮੂੰਗਫਲੀ, ਗਜਕ ਅਤੇ ਰਿਉੜੀਆਂ ਵੀ ਵੰਡੀਆਂ ਗਈਆਂ।