ਕੰਢੀ ਖੇਤਰ ਵਿੱਚ ਕਣਕ ਦੀ ਕਾਸ਼ਤ
ਬਲਵਿੰਦਰ ਸਿੰਘ ਢਿੱਲੋਂ/ਮਨਮੋਹਨਜੀਤ ਸਿੰਘ/ਪਰਮਿੰਦਰ ਸਿੰਘ ਸੰਧੂ*
ਪੰਜਾਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ 10-20 ਕਿਲੋਮੀਟਰ ਦੀ ਚੌੜੀ ਪੱਟੀ ਦੇ ਰੂਪ ਵਿੱਚ ਬਰਾਨੀ ਇਲਾਕਾ ਫੈਲਿਆ ਹੋਇਆ ਹੈ, ਜਿਸ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਰੋਪੜ, ਰੂਪਨਗਰ ਅਤੇ ਸਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਿਆਂ ਦਾ ਕੁਝ ਰਕਬਾ ਆਉਂਦਾ ਹੈ। ਇਸ ਇਲਾਕੇ ਵਿੱਚ ਮੀਂਹ ਦੇ ਪਾਣੀ ਨੂੰ ਸੰਭਾਲ ਕੇ ਸਿੰਜਾਈ ਦੇ ਰੂਪ ਵਿੱਚ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਸੁਚੱਜੀ ਕਾਸ਼ਤ ਹੇਠ ਲਿਖੇ ਅਨੁਸਾਰ ਕਰ ਸਕਦੇ ਹਾਂ:
ਨਮੀ ਦੀ ਸੰਭਾਲ:
ਕਣਕ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਹਲਕੀਆਂ ਜ਼ਮੀਨਾਂ ਜਿਨ੍ਹਾਂ ਦੀ ਪਾਣੀ ਨੂੰ ਸੰਭਾਲਣ ਦੀ ਸ਼ਕਤੀ ਘੱਟ ਹੁੰਦੀ ਹੈ, ਇਨ੍ਹਾਂ ਵਿੱਚ ਸਾਉਣੀ ਦੀ ਰੁੱਤ ਵਿੱਚ ਰਵਾਂਹ ਜਾਂ ਸਣ ਨੂੰ ਬੀਜ ਕੇ ਜ਼ਮੀਨ ਵਿੱਚ ਹਰੀ ਖਾਦ ਦੇ ਰੂਪ ਵਿੱਚ ਵਾਹਿਆ ਜਾਵੇ ਅਤੇ ਹਾੜ੍ਹੀ ਦੀ ਰੁੱਤ ਵਿੱਚ ਕਣਕ, ਕਣਕ+ਛੋਲੇ (ਬੇਰੜਾ) ਅਤੇ ਕਣਕ+ਰਾਇਆ ਦੀਆਂ ਕਤਾਰਾਂ ਬੀਜੋ। ਖੇਤ ਵਿੱਚੋਂ ਸਾਉਣੀ ਦੀ ਫ਼ਸਲ ਕੱਟਣ ਤੋਂ ਤੁਰੰਤ ਬਾਅਦ ਖੇਤ ਨੂੰ ਸ਼ਾਮ ਵੇਲੇ ਵਾਹ ਕੇ ਸਵੇਰੇ ਸੁਹਾਗਾ ਮਾਰ ਕੇ ਰੱਖਿਆ ਜਾਵੇ।
ਕਿਸਮਾਂ ਅਤੇ ਬੀਜ ਦੀ ਮਾਤਰਾ:
ਬਰਾਨੀ ਹਾਲਤਾਂ ਲਈ ਕਣਕ ਦੀਆਂ ਕਿਸਮਾਂ ਪੀਬੀਡਬਲਯੂ 660 ਦਾ 40 ਕਿਲੋ ਸੋਧਿਆ ਹੋਇਆ ਬੀਜ ਪ੍ਰਤੀ ਏਕੜ ਵਰਤਿਆ ਜਾਵੇ। ਇਸ ਤੋਂ ਇਲਾਵਾ ਕਣਕ ਦੀਆਂ ਹੋਰ ਕਿਸਮਾਂ ਜਿਵੇਂ ਕਿ ਪੀਬੀਡਬਲਯੂੂ 826, ਪੀਬੀਡਬਲਯੂ ਜ਼ਿੰਕ 2, ਪੀਬੀਡਬਲਯੂਆਰਐਸ 1, ਸੁਨਹਿਰੀ (ਪੀਬੀਡਬਲਯੂ 766), ਉੱਨਤ ਪੀਬੀਡਬਲਯੂ 550 ਅਤੇ ਪੀਬੀਡਬਲਯੂ 725 ਦੀ ਵੀ ਕਾਸ਼ਤ ਕੀਤੀ ਜਾ ਸਕਦੀ ਹੈ।
ਬੀਜ ਦੀ ਸੋਧ: ਬਰਾਨੀ ਇਲਾਕਿਆਂ ਵਿੱਚ ਸਿਉਂਕ ਬੂਟਿਆਂ ਦਾ ਬਹੁਤ ਨੁਕਸਾਨ ਕਰਦੀ ਹੈ। ਇਸ ਦੀ ਰੋਕਥਾਮ ਲਈ 40 ਗ੍ਰਾਮ ਕਰੂਜ਼ਰ (ਥਾਇਆਮੀਥੋਕਸਮ) ਜਾਂ 160 ਮਿਲੀਲਿਟਰ ਡਰਸਬਾਨ/ਰੂਬਾਨ/ਡਰਮਟ 20 ਈਸੀ (ਕਲੋਰਪਾਈਰੀਫ਼ਾਸ) ਜਾਂ 80 ਮਿਲੀਲਿਟਰ ਨਿਉਨਿਕਸ 20 ਐਫਐਸ (ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ) ਲੈ ਕੇ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਦੀ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ’ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰ ਕੇ ਬੀਜ ਨੂੰ ਸੋਧੋ। ਨਿਉਨਿਕਸ ਨਾਲ ਸੋਧੇ ਬੀਜ ਨੂੰ ਫ਼ਸਲ ਨੂੰ ਕਾਂਗਿਆਰੀ ਤੋਂ ਵੀ ਬਚਾ ਸਕਦੇ ਹਾਂ।
ਬੀਜ ਨੂੰ ਜੀਵਾਣੂੰ ਖਾਦ ਦਾ ਟੀਕਾ ਲਾਉਣਾ: ਕੀਟਨਾਸ਼ਕਾਂ ਦੀ ਵਰਤੋਂ ਤੋਂ 6 ਘੰਟੇ ਬਾਅਦ ਕਣਕ ਦੇ ਬੀਜ ਨੂੰ ਕਨਸ਼ੋਰਸ਼ੀਅਮ ਜੀਵਾਣੂੰ ਖਾਦ ਵੀ ਲਗਾਉਣੀ ਚਾਹੀਦੀ ਹੈ। ਪਹਿਲਾ 500 ਗ੍ਰਾਮ ਕਨਸ਼ੋਰਸ਼ੀਅਮ ਜੀਵਾਣੂੰ ਖਾਦ ਨੂੰ ਇਕ ਲਿਟਰ ਪਾਣੀ ਵਿੱਚ ਮਿਲਾ ਕੇ ਕਣਕ ਦੇ ਪ੍ਰਤੀ ਏਕੜ ਬੀਜ ਨਾਲ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਫਿਰ ਸੋਧੇ ਬੀਜ ਨੂੰ ਪੱਕੇ ਫ਼ਰਸ਼ ’ਤੇ ਖਿਲਾਰ ਕੇ ਛਾਵੇਂ ਸੁਕਾ ਲਵੋ। ਫਿਰ ਸੋਧੇ ਬੀਜ ਨਾਲ ਬਿਜਾਈ ਕਰ ਦਿਉ। ਬੀਜ ਨੂੰ ਜੀਵਾਣੂੰ ਟੀਕਾ ਲਾਉਣ ਨਾਲ ਫ਼ਸਲ ਦਾ ਝਾੜ ਵਧਣ ਦੇ ਨਾਲ-ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ। ਕਿਸਾਨ ਵੀਰ ਜੀਵਾਣੂੰ ਖਾਦਾਂ ਦੇ ਇਹ ਟੀਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਗੇਟ ਨੰਬਰ 1 ’ਤੇ ਬੀਜਾਂ ਦੀ ਦੁਕਾਨ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ/ਫਾਰਮ ਸਲਾਹਕਾਰ ਕੇਂਦਰਾਂ ਤੋਂ ਲੈ ਸਕਦੇ ਹਨ।
ਬਿਜਾਈ ਦਾ ਸਮਾਂ ਅਤੇ ਢੰਗ:
ਬਿਜਾਈ ਅਕਤੂਬਰ ਦੇ ਆਖਰੀ ਹਫ਼ਤੇ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਕਰ ਦੇਣੀ ਚਾਹੀਦੀ ਹੈ। ਬਿਜਾਈ ਖਾਦ-ਬੀਜ ਡਰਿੱਲ ਨਾਲ ਕਤਾਰਾਂ ਵਿਚਕਾਰ ਫ਼ਾਸਲਾ 22-25 ਸੈਂਟੀਮੀਟਰ ਰੱਖ ਕੇ ਕੀਤੀ ਜਾਵੇ। ਬਿਜਾਈ ਸਮੇਂ ਜੇ ਨਮੀ ਘੱਟ ਲੱਗੇ ਤਾਂ ਬੀਜ ਕੁਝ ਡੂੰਘਾ (8-10 ਸੈਂਟੀਮੀਟਰ) ਬੀਜੋ ਅਤੇ ਕਤਾਰਾਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਕਰ ਲਵੋ। ਜੇ ਕਣਕ ਦਾ ਜੰਮ ਮਾੜਾ ਲੱਗੇ (50 ਪ੍ਰਤੀਸ਼ਤ ਤੋਂ ਘੱਟ) ਅਤੇ ਬਾਰਸ਼ਾਂ 15 ਦਸੰਬਰ ਤੋਂ ਪਹਿਲਾਂ ਹੋ ਜਾਣ ਤਾਂ ਬਿਜਾਈ ਦੁਬਾਰਾ ਕਰ ਲਵੋ।
ਖਾਦਾਂ ਪਾਉਣ ਦਾ ਸਮਾਂ ਅਤੇ ਢੰਗ:
ਜੇ ਨਮੀ ਦੀ ਪੂਰੀ ਸੰਭਾਲ ਕੀਤੀ ਜਾਵੇ ਤਾਂ ਬਰਾਨੀ ਹਾਲਤਾਂ ਵਿੱਚ ਖਾਦਾਂ ਦੀ ਵਰਤੋਂ ਬਹੁਤ ਲਾਹੇਵੰਦ ਰਹਿੰਦੀ ਹੈ। ਕਣਕ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਰੇਤਲੀਆਂ ਅਤੇ ਚੀਕਣੀਆਂ ਭਲ ਵਾਲੀਆਂ ਜ਼ਮੀਨਾਂ (ਕਾਫ਼ੀ ਨਮੀ ਸੰਭਾਲ ਸਕਣ ਵਾਲੀਆਂ) ਵਿੱਚ 32 ਕਿਲੋ ਨਾਈਟ੍ਰੋਜਨ (70 ਕਿਲੋ ਯੂਰੀਆ) ਅਤੇ 16 ਕਿਲੋ ਫ਼ਾਸਫ਼ੋਰਸ (100 ਕਿਲੋ ਸਿੰਗਲ ਸੁਪਰਫਾਸਫੇਟ) ਅਤੇ ਭਲ ਵਾਲੀ ਰੇਤਲੀ ਤੋਂ ਰੇਤਲੀਆਂ ਜ਼ਮੀਨਾਂ (ਘੱਟ ਨਮੀ ਸੰਭਾਲ ਸਕਣ ਵਾਲੀਆਂ) ਵਿੱਚ 16 ਕਿਲੋ ਨਾਈਟ੍ਰੋਜਨ (35 ਕਿਲੋ ਯੂਰੀਆ) ਅਤੇ 8 ਕਿਲੋ ਫ਼ਾਸਫ਼ੋਰਸ (50 ਕਿਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਪਾਓ। ਰੇਤਲੀਆਂ ਭਲ ਵਾਲੀਆਂ ਅਤੇ ਚੀਕਣੀਆਂ ਭਲ ਵਾਲੀਆਂ ਜ਼ਮੀਨਾਂ ਵਿੱਚ ਅੱਧੀ ਨਾਈਟ੍ਰੋਜਨ ਅਤੇ ਪੂਰੀ ਫ਼ਾਸਫ਼ੋਰਸ ਖਾਦਾਂ ਬਿਜਾਈ ਸਮੇਂ ਡਰਿੱਲ ਕਰੋ ਅਤੇ ਬਾਕੀ ਦੀ ਅੱਧੀ ਨਾਈਟ੍ਰੋਜਨ ਵਾਲੀ ਖਾਦ ਦਾ ਸਰਦੀਆਂ ਦੀਆਂ ਬਾਰਸ਼ਾਂ ਵੇਲੇ ਛੱਟਾ ਦੇ ਦਿਓ ਜਦੋਂਕਿ ਭਲ ਵਾਲੀ ਰੇਤਲੀ ਤੋਂ ਰੇਤਲੀਆਂ ਜ਼ਮੀਨਾਂ ਵਿੱਚ ਸਾਰੀਆਂ ਖਾਦਾਂ ਬਿਜਾਈ ਸਮੇਂ ਡਰਿੱਲ ਕਰੋ।
ਨਦੀਨਾਂ ਦੀ ਰੋਕਥਾਮ:
ਕਣਕ ਵਿੱਚ ਨਦੀਨਾਂ ਦੀ ਰੋਕਥਾਮ ਦੋ ਗੋਡੀਆਂ ਨਾਲ ਕਰ ਸਕਦੇ ਹਨ। ਇਸ ਨਾਲ ਨਦੀਨਾਂ ਦਾ ਖਾਤਮਾ ਵੀ ਹੋਵੇਗਾ ਅਤੇ ਨਾਲ ਹੀ ਜ਼ਮੀਨ ਦੀ ਉਪਰਲੀ ਸਤ੍ਵਾ ਤੋਂ ਪਾਣੀ ਦਾ ਉੱਡਣਾ ਵੀ ਘਟੇਗਾ। ਇਸ ਨਾਲ ਜ਼ਮੀਨ ਵਿੱਚ ਨਮੀ ਬਰਕਰਾਰ ਰਹੇਗੀ। ਇਸ ਤੋਂ ਇਲਾਵਾ ਚੌੜੇ ਪੱਤੇ ਵਾਲੇ ਨਦੀਨਾਂ ਜਿਵੇਂ ਬਾਥੂ, ਬਿੱਲੀ ਬੂਟੀ, ਜੰਗਲੀ ਹਾਲੋਂ, ਪਿਤਪਾਪਰਾ, ਜੰਗਲੀ ਸੇਂਜੀ, ਮੈਣਾ, ਮੈਣੀ, ਜੰਗਲੀ ਪਾਲਕ ਦੀ ਰੋਕਥਾਮ ਲਈ 2,4-ਡੀ ਸੋਡੀਅਮ ਸਾਲਟ 80 ਡਬਲਯੂਪੀ ਦਾ ਛਿੜਕਾਅ 250 ਗ੍ਰਾਮ ਮਾਤਰਾ ਪ੍ਰਤੀ ਏਕੜ ਦੇ ਹਿਸਾਬ ਨਾਲ ਸਮੇਂ ਸਿਰ ਬੀਜੀ ਕਣਕ ਵਿੱਚ 35 ਤੋਂ 45 ਦਿਨਾਂ ਵਿੱਚ ਅਤੇ ਪਿਛੇਤੀ (ਦਸੰਬਰ ਵਿੱਚ) ਬੀਜੀ ਫ਼ਸਲ ਲਈ 45 ਤੋਂ 55 ਦਿਨਾਂ ਵਿੱਚ 150 ਲਿਟਰ ਪਾਣੀ ਵਿੱਚ ਘੋਲ ਕੇ ਕੀਤਾ ਜਾਵੇ। ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਇਕੱਠੀ ਰੋਕਥਾਮ ਲਈ ਐਟਲਾਂਟਿਸ 3.6 ਡਬਲਯੂਡੀਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) ਦਾ ਛਿੜਕਾਅ 500 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 30-35 ਦਿਨਾਂ ਦੇ ਅੰਦਰ 150 ਲਿਟਰ ਪਾਣੀ ਵਿੱਚ ਘੋਲ ਕੇ ਕਰੋ।
ਦਾਣੇ ਭਰਨ ਸਮੇਂ ਵਧਦੇ ਤਾਪਮਾਨ ਤੋਂ ਬਚਾਅ ਲਈ ਪੋਟਾਸ਼ੀਅਮ ਨਾਈਟ੍ਰੇਟ ਜਾਂ ਸੈਲੀਸਿਲਕ ਐਸਿਡ ਦਾ ਛਿੜਕਾਅ: ਕਣਕ ਨੂੰ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਉਣ ਲਈ ਅਤੇ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟ੍ਰੇਟ (13:0:45) (4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ) ਦੇ ਦੋ ਛਿੜਕਾਅ (ਗੋਭ ਵਾਲਾ ਪੱਤਾ ਨਿੱਕਲਣ ਅਤੇ ਬੂਰ ਪੈਣ ਸਮੇਂ) ਕਰੋ ਜਾਂ ਸੈਲੀਸਿਲਕ ਐਸਿਡ 15 ਗ੍ਰਾਮ 450 ਮਿਲੀਲਿਟਰ ਈਥਾਈਲ ਅਲਕੋਹਲ ਵਿੱਚ ਘੋਲਣ ਉਪਰੰਤ 200 ਲਿਟਰ ਪਾਣੀ ਵਿੱਚ ਘੋਲ ਕੇ ਦੋ ਛਿੜਕਾਅ (ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਸਿੱਟੇ ਵਿੱਚ ਦੁੱਧ ਪੈਣ ਸਮੇਂ) ਕਰੋ।
ਉਪਰੋਕਤ ਦੱਸੇ ਗਏ ਢੰਗ/ਤਰੀਕਿਆਂ ਨਾਲ ਪੰਜਾਬ ਦੇ ਬਰਾਨੀ ਇਲਾਕਿਆਂ ਵਿੱਚ ਕਿਸਾਨ ਨਮੀ ਦੀ ਸੰਭਾਲ ਕਰ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਬਰਾਨੀ ਹਾਲਤਾਂ (ਜਿੱਥੇ ਕਿ ਫ਼ਸਲਾਂ ਪੂਰੀ ਤਰ੍ਹਾਂ ਨਾਲ ਵਰਖਾ ’ਤੇ ਨਿਰਭਰ ਹੁੰਦੀਆਂ ਹਨ) ਵਿੱਚ ਕਣਕ ਦੀਆਂ ਪ੍ਰਮਾਣਿਤ ਕਿਸਮਾਂ ਦੀ ਸਮੇਂ-ਸਿਰ, ਸਹੀ ਢੰਗ ਨਾਲ ਬਿਜਾਈ ਕਰ ਕੇ, ਖਾਦਾਂ ਦੀ ਸੁਚੱਜੀ ਵਰਤੋਂ ਕਰ ਕੇ ਅਤੇ ਨਮੀ ਨੂੰ ਮਿੱਟੀ ਵਿੱਚ ਬਰਕਰਾਰ ਰੱਖ ਕੇ ਸੁਚੱਜੀ ਕਾਸ਼ਤ ਕਰ ਸਕਦੇ ਹਨ।
*ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ।
ਸੰਪਰਕ: 94654-20097