For the best experience, open
https://m.punjabitribuneonline.com
on your mobile browser.
Advertisement

ਮਾੜੇ ਮੰਡੀਕਰਨ ਪ੍ਰਬੰਧਾਂ ਦੀ ਭੇਟ ਚੜ੍ਹੀ ਸਬਜ਼ੀਆਂ ਦੀ ਕਾਸ਼ਤ

08:08 AM Mar 14, 2024 IST
ਮਾੜੇ ਮੰਡੀਕਰਨ ਪ੍ਰਬੰਧਾਂ ਦੀ ਭੇਟ ਚੜ੍ਹੀ ਸਬਜ਼ੀਆਂ ਦੀ ਕਾਸ਼ਤ
ਭੈਣੀਬਾਘਾ ਦੇ ਇੱਕ ਖੇਤ ਵਿੱਚ ਸਬਜ਼ੀ ਦੀ ਤੁੜਾਈ ਕਰਦੀਆਂ ਹੋਈਆਂ ਔਰਤਾਂ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 13 ਮਾਰਚ
ਮਾਲਵਾ ਪੱਟੀ ਵਿੱਚ ਸਬਜ਼ੀਆਂ ਦੀ ਕਾਸ਼ਤ ਆਸਰੇ ਤੋਰੀ-ਫੁਲਕਾ ਚਲਾਉਣ ਦਾ ਕੰਮ ਮਾੜੇ ਮੰਡੀਕਰਨ ਪ੍ਰਬੰਧਾਂ ਦੀ ਭੇਟ ਚੜ੍ਹ ਰਿਹਾ ਹੈ। ਸਬਜ਼ੀਆਂ ਦੀ ਕਾਸ਼ਤ ਕਰ ਕੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨਾ ਹੁਣ ਭਲੇ ਵੇਲੇ ਦੀਆਂ ਗੱਲਾਂ ਜਾਪਣ ਲੱਗੀਆਂ ਹਨ। ਗੋਭੀ, ਗਾਜਰਾਂ, ਮਟਰ ਅਤੇ ਹੋਰ ਸਬਜ਼ੀਆਂ ਦੇ ਭਾਅ ਨਾ ਮਿਲਣ ਕਾਰਨ ਇਹ ਮੰਡੀਆਂ ਵਿੱਚ ਰੁਲ ਰਹੀਆਂ ਹਨ। ਖੇਤੀ ਵਿਭਿੰਨਤਾ ਵਾਲਿਆਂ ਨੂੰ ਬਦਲੀਆਂ ਸਰਕਾਰਾਂ ਵੀ ਰਾਸ ਨਹੀਂ ਆਈਆਂ। ਸਬਜ਼ੀਆਂ ਦੇ ਮੰਡੀਕਰਨ ਦਾ ਮਾੜਾ ਹਾਲ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਿੱਚ ਜਿਉਂ ਦਾ ਤਿਉਂ ਬਰਕਰਾਰ ਹੈ।
ਜ਼ਮੀਨਾਂ ਦੇ ਆਕਾਰ ਘਟਣ ਕਰਕੇ ਸੈਂਕੜੇ ਕਿਸਾਨਾਂ ਨੇ ਹਾੜ੍ਹੀ-ਸਾਉਣੀ ਦੀ ਰਵਾਇਤੀ ਖੇਤੀ ਤੋਂ ਖਹਿੜਾ ਛੁਡਾ ਕੇ ਸਬਜ਼ੀਆਂ ਦੀ ਕਾਸ਼ਤ ਦਾ ਕੰਮ ਸ਼ੁਰੂ ਕੀਤਾ ਹੈ। ਇਹ ਧੰਦਾ ਵੀ ਹੁਣ ਘਾਟੇ ਦਾ ਸ਼ਿਕਾਰ ਹੋਣ ਕਾਰਨ ਕਾਸ਼ਤਕਾਰ ਪ੍ਰੇਸ਼ਾਨ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਮੰਡੀਕਰਨ ਦਾ ਢੁਕਵਾਂ ਬੰਦੋਬਸਤ ਨਾ ਹੋਣ ਕਾਰਨ ਕਾਸ਼ਤਕਾਰ ਖੁਦ ਸਿੱਧੀ ਸਬਜ਼ੀ ਵੇਚਣ ਲੱਗ ਪਏ ਹਨ। ਮਾਨਸਾ ਸ਼ਹਿਰ ਵਿਚ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਪਿਆਰਾ ਸਿੰਘ, ਮੱਖਣ ਸਿੰਘ ਅਤੇ ਬੋਘਾ ਸਿੰਘ ਨੇ ਦੁੱਖੜੇ ਫਰੋਲਦਿਆਂ ਦੱਸਿਆ ਕਿ ਮੰਡੀ ਵਿੱਚ ਹੁਣ ਗੋਭੀ ਤੇ ਗਾਜਰਾਂ ਨੂੰ ਕੋਈ ਨਹੀਂ ਪੁੱਛਦਾ। ਉਨ੍ਹਾਂ ਕਿਹਾ ਕਿ ਅੱਜ ਮੰਡੀ ਵਿਚ ਗੋਭੀ ਦਾ ਭਾਅ ਤਿੰਨ ਰੁਪਏ ਪ੍ਰਤੀ ਕਿਲੋ ਅਤੇ ਗਾਜਰਾਂ ਦਾ ਪੰਜ ਰੁਪਏ ਪ੍ਰਤੀ ਕਿਲੋ ਹੈ। ਉਨ੍ਹਾਂ ਕਿਹਾ ਕਿ ਸਬਜ਼ੀ ਵੇਚਣ ਨਾਲ ਹੁਣ ਪਰਿਵਾਰ ਨਹੀਂ ਪਲ਼ਦਾ। ਉਨ੍ਹਾਂ ਕਿਹਾ ਕਿ ਕਿਸਾਨਾਂ ਤੋਂ ਸਸਤੇ ਭਾਅ ਸਬਜ਼ੀਆਂ ਲੈ ਕੇ ਅੱਗੇ ਲੋਕਾਂ ਨੂੰ ਮਹਿੰਗੇ ਭਾਅ ਵੇਚ ਕੇ ਚੌਗਣਾ ਮੁਨਾਫ਼ਾ ਕਮਾਇਆ ਜਾ ਰਿਹਾ ਹੈ। ਇਲਾਕੇ ਦੇ ਤਾਮਕੋਟ, ਰੱਲਾ, ਮਾਨਸਾ ਖੁਰਦ, ਖਿਆਲਾ ਕਲਾਂ, ਖਿਆਲਾ ਖੁਰਦ, ਕੋਟੜਾ, ਕੋਟਲੱਲੂ, ਨੰਗਲ, ਘਰਾਂਗਣਾ, ਮੂਸਾ, ਚੁਕੇਰੀਆ, ਜਵਾਹਰਕੇ, ਭੈਣੀਬਾਘਾ ਆਦਿ ਪਿੰਡਾਂ ਵਿੱਚ ਫੁੱਲ ਗੋਭੀ, ਬੰਦ ਗੋਭੀ, ਮਟਰ ਅਤੇ ਗਾਜਰਾਂ ਦੀ ਕਾਸ਼ਤ ਹੁੰਦੀ ਹੈ। ਭਾਅ ਨਾ ਮਿਲਣ ਕਾਰਨ ਮਾੜਾ ਹਾਲ ਹੈ। ਉਧਰ, ਸਬਜ਼ੀ ਮੰਡੀ ਦੇ ਆੜ੍ਹਤੀਏ ਲੱਕੀ ਮਿੱਤਲ ਤੇ ਰਾਜ ਚੁੱਘ ਕਿਹਾ ਕਿ ਉਹ ਸਿਰਫ਼ ਆੜ੍ਹਤ ਹੀ ਲੈਂਦੇ ਹਨ, ਜਦੋਂਕਿ ਬਾਕੀ ਸਾਰਾ ਕੰਮ ਦੁਕਾਨਦਾਰਾਂ ਦਾ ਹੀ ਹੁੰਦਾ ਹੈ। ਇੱਕ ਆੜ੍ਹਤੀਏ ਨੇ ਦੱਸਿਆ ਹਿਮਾਚਲ ਪ੍ਰਦੇਸ਼ ਦੀ ਸਬਜ਼ੀ ਵੱਡੇ ਸ਼ਹਿਰਾਂ ਵਿੱਚ ਸਪਲਾਈ ਹੋਣ ਕਾਰਨ ਲੋਕਲ ਸਬਜ਼ੀ ਨੂੰ ਕੋਈ ਨਹੀਂ ਪੁੱਛਦਾ।

Advertisement

Advertisement
Author Image

sukhwinder singh

View all posts

Advertisement
Advertisement
×