ਪੌਸ਼ਟਿਕ ਸੁਰੱਖਿਆ ਤੇ ਟਿਕਾਊ ਖੇਤੀ ਲਈ ਹਾੜ੍ਹੀ ਦੀਆਂ ਦਾਲਾਂ ਦੀ ਕਾਸ਼ਤ
ਹਰਪ੍ਰੀਤ ਕੌਰ ਵਿਰਕ/ਗੁਰਇਕਬਾਲ ਸਿੰਘ
ਦਾਲਾਂ ਪ੍ਰੋਟੀਨ ਦਾ ਸਭ ਤੋਂ ਕਿਫ਼ਾਇਤੀ ਸਰੋਤ ਹਨ। ਦੇਸ਼ ਵਿੱਚ ਪੌਸ਼ਟਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਦਾਲਾਂ ਦਾ ਰਕਬਾ ਅਤੇ ਝਾੜ ਵਧਾਉਣ ਦੀ ਸਖ਼ਤ ਜ਼ਰੂਰਤ ਹੈ। ਝੋਨਾ-ਕਣਕ ਫ਼ਸਲੀ ਪ੍ਰਣਾਲੀ ਕਾਰਨ ਜ਼ਮੀਨ ਵਿੱਚ ਛੋਟੇ ਤੱਤਾਂ ਦੀ ਘਾਟ, ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਚਿੰਤਾਜਨਕ ਗਿਰਾਵਟ ਅਤੇ ਵਾਤਾਵਰਨ ਪ੍ਰਦੂਸ਼ਤ ਹੋ ਰਿਹਾ ਹੈ। ਇਸ ਲਈ, ਝੋਨਾ-ਕਣਕ ਫ਼ਸਲੀ ਪ੍ਰਣਾਲੀ ਨੂੰ ਤੋੜਨ ਦੀ ਜ਼ਰੂਰਤ ਹੈ ਅਤੇ ਅਨਾਜ ਆਧਾਰਤ ਫ਼ਸਲੀ ਪ੍ਰਣਾਲੀ ਵਿੱਚ ਦਾਲਾਂ ਨੂੰ ਸ਼ਾਮਲ ਕਰਨ ਦੀ ਸਖ਼ਤ ਲੋੜ ਹੈ। ਦਾਲਾਂ ਦੀ ਉਤਪਾਦਕਤਾ ਅਨਾਜ ਵਾਲੀਆਂ ਫ਼ਸਲਾਂ ਦੇ ਮੁਕਾਬਲੇ ਬਹੁਤ ਘੱਟ ਹੈ ਪਰ ਇਹ ਹਵਾ ਵਿੱਚੋਂ ਨਾਈਟ੍ਰੋਜਨ ਪ੍ਰਾਪਤ ਕਰਨ ਦੀ ਸਮਰੱਥਾ ਰੱਖਦੀਆਂ ਹਨ ਅਤੇ ਇਨ੍ਹਾਂ ਰਾਹੀਂ ਨਾਈਟ੍ਰੋਜਨ ਦਾ ਬਹੁਤਾ ਹਿੱਸਾ ਜ਼ਮੀਨ ਵਿੱਚ ਚਲਾ ਜਾਂਦਾ ਹੈ। ਜਿਸ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ। ਪਾਣੀ ਦੀ ਘੱਟ ਲੋੜ, ਫ਼ਸਲਾਂ ਦੀ ਉਤਪਾਦਕਤਾ ਨੂੰ ਕਾਇਮ ਰੱਖਣਾ ਅਤੇ ਵੱਧ ਪ੍ਰੋਟੀਨ ਹੋਣ ਕਰ ਕੇ ਇਨ੍ਹਾਂ ਫ਼ਸਲਾਂ ਦਾ ਬਹੁਤ ਮਹੱਤਵ ਹੈ।
ਦਾਲਾਂ ਦੀ ਪ੍ਰਤੀ ਵਿਅਕਤੀ ਉਪਲਬਧਤਾ ਸਿਰਫ 17.5 ਕਿਲੋ ਪ੍ਰਤੀ ਸਾਲ ਹੈ ਜਦੋਂ ਕਿ ਜ਼ਰੂਰਤ 22 ਕਿਲੋ ਪ੍ਰਤੀ ਸਾਲ ਹੈ। ਦਾਲਾਂ ਦੀ ਸਵੈ-ਨਿਰਭਰਤਾ ਤੱਕ ਪਹੁੰਚਣ ਲਈ, ਭਾਰਤ ਨੂੰ 2030 ਤੱਕ 32 ਮਿਲੀਅਨ ਟਨ ਦਾਲਾਂ ਪੈਦਾ ਕਰਨ ਦੀ ਜ਼ਰੂਰਤ ਹੈ ਜਦੋਂਕਿ ਸਾਡਾ ਮੌਜੂਦਾ ਉਤਪਾਦਨ ਸਿਰਫ਼ ਤਕਰੀਬਨ 23 ਮਿਲੀਅਨ ਟਨ ਹੈ। ਛੋਲੇ ਅਤੇ ਮਸਰ ਪੰਜਾਬ ਵਿੱਚ ਬੀਜੀਆਂ ਜਾਣ ਵਾਲੀਆਂ ਹਾੜ੍ਹੀ ਦੀਆਂ ਮਹੱਤਵਪੂਰਨ ਦਾਲਾਂ ਹਨ। ਹੇਠ ਲਿਖੀਆਂ ਸਿਫ਼ਾਰਸ਼ਾਂ ਨੂੰ ਅਪਣਾ ਕੇ ਦਾਲਾਂ ਦੀ ਉਤਪਾਦਕਤਾ ਵਧਾਉਣ ਦੀ ਤੁਰੰਤ ਲੋੜ ਹੈ:
ਉੱਨਤ ਕਿਸਮਾਂ: ਦਾਲਾਂ ਦਾ ਵੱਧ ਝਾੜ ਲੈਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਉੱਨਤ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਪੀ ਬੀ ਜੀ 10, ਪੀ ਬੀ ਜੀ 8, ਪੀ ਬੀ ਜੀ 7, ਪੀ ਬੀ ਜੀ 5, ਜੀ ਪੀ ਐਫ 2 ਅਤੇ ਪੀ ਡੀ ਜੀ 4 ਦੇਸੀ ਅਤੇ ਐਲ 552 ਕਾਬਲੀ ਛੋਲਿਆਂ ਦੀਆਂ ਸਿਫ਼ਾਰਸ਼ ਕਿਸਮਾਂ ਹਨ। ਪੀ ਬੀ ਜੀ 10 ਅਤੇ ਪੀ ਬੀ ਜੀ 7 ਕਿਸਮ ਪੂਰੇ ਪੰਜਾਬ ਭਰ ਵਿੱਚ, ਪੀ ਬੀ ਜੀ 5 ਸਿੱਲ੍ਹ ਵਾਲੇ ਇਲਾਕਿਆਂ (ਅੰਮ੍ਰਿਤਸਰ, ਗੁਰਦਾਸਪੁਰ, ਰੋਪੜ, ਹੁਸ਼ਿਆਰਪੁਰ, ਤਰਨ ਤਾਰਨ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ) ਅਤੇ ਐਲ 552, ਪੀ ਬੀ ਜੀ 8, ਜੀ ਪੀ ਐਫ 2 ਅਤੇ ਪੀ ਡੀ ਜੀ 4, ਸਿੱਲ੍ਹ ਵਾਲੇ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਸੂਬੇ ਵਿੱਚ ਬੀਜੀ ਜਾ ਸਕਦੀ ਹੈ। ਪੀ ਬੀ ਜੀ 8, ਪੀ ਬੀ ਜੀ 7, ਪੀ ਬੀ ਜੀ 5, ਜੀ ਪੀ ਐਫ 2 ਅਤੇ ਐਲ 552 ਦੀ ਬਿਜਾਈ ਸੇਂਜੂ ਹਾਲਤਾਂ ਵਿੱਚ ਅਤੇ ਪੀ ਡੀ ਜੀ 4 ਕਿਸਮ ਦੀ ਬਿਜਾਈ ਬਰਾਨੀ ਹਾਲਤਾਂ ਵਿੱਚ ਕਰਨੀ ਚਾਹੀਦੀ ਹੈ। ਛੋਲਿਆਂ ਦੀ ਕਿਸਮ ਐਲ 552 ਕਾਬਲੀ ਹੈ ਅਤੇ ਬਾਕੀ ਦੇਸੀ ਛੋਲਿਆਂ ਦੀਆਂ ਕਿਸਮਾਂ ਹਨ।
ਮਸਰਾਂ ਵਿੱਚ ਐਲ ਐਲ 1373 ਅਤੇ ਐਲ ਐਲ 931 ਸਿਫ਼ਾਰਸ਼ ਕਿਸਮਾਂ ਹਨ। ਇਹ ਕਿਸਮਾਂ ਸਾਰੇ ਪੰਜਾਬ ਵਿੱਚ ਬੀਜੀਆਂ ਜਾ ਸਕਦੀਆਂ ਹਨ।
ਸਮੇਂ ਸਿਰ ਬਿਜਾਈ: ਸਿਫ਼ਾਰਸ਼ ਸਮੇਂ ਤੋਂ ਅਗੇਤੀ ਜਾਂ ਪਿਛੇਤੀ ਬਿਜਾਈ ਕਰਨ ਨਾਲ ਫ਼ਸਲ ਦਾ ਝਾੜ ਘਟ ਜਾਂਦਾ ਹੈ। ਇਸ ਲਈ ਬਿਜਾਈ ਹਮੇਸ਼ਾ ਸਮੇਂ ਸਿਰ ਕਰਨੀ ਚਾਹੀਦੀ ਹੈ। ਸੇਂਜੂ ਹਾਲਤਾਂ ਵਿੱਚ ਦੇਸੀ ਅਤੇ ਕਾਬਲੀ ਛੋਲੇ 25 ਅਕਤੂਬਰ ਤੋਂ 10 ਨਵੰਬਰ ਤੱਕ ਬੀਜ ਲੈਣੇ ਚਾਹੀਦੇ ਹਨ ਅਤੇ ਬਰਾਨੀ ਹਾਲਤਾਂ ਵਿੱਚ ਦੇਸੀ ਛੋਲਿਆਂ ਦੀ ਬਿਜਾਈ 10 ਤੋਂ 25 ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ। ਪੰਜਾਬ ਦੇ ਸਿੱਲ੍ਹ ਵਾਲੇ ਇਲਾਕਿਆਂ ਨੂੰ ਛੱੜ ਕੇ ਪੂਰੇ ਪੰਜਾਬ ਵਿੱਚ ਮਸਰਾਂ ਦੀ ਬਿਜਾਈ ਅਖ਼ੀਰ ਅਕਤੂਬਰ ਤੋਂ ਲੈ ਕੇ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਕਰ ਲੈਣੀ ਚਾਹੀਦੀ ਹੈ। ਸਿੱਲ੍ਹ ਵਾਲੇ ਇਲਾਕਿਆਂ ਵਿੱਚ ਇਹ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਬੀਜੇ ਜਾ ਸਕਦੇ ਹਨ।
ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਦੇਸੀ ਛੋਲਿਆਂ ਦੀ ਬਿਜਾਈ ਲਈ ਪੀ ਬੀ ਜੀ 10 ਕਿਸਮ ਦਾ 30 ਕਿਲੋ, ਪੀ ਬੀ ਜੀ 5 ਕਿਸਮ ਦਾ 24 ਕਿਲੋ ਅਤੇ ਬਾਕੀ ਕਿਸਮਾਂ ਦਾ 15-18 ਕਿਲੋ ਅਤੇ ਕਾਬਲੀ ਛੋਲਿਆਂ ਲਈ 37 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈੇ। ਦੇਸੀ ਛੋਲੇ (ਪੀ ਬੀ ਜੀ 5 ਨੂੰ ਛੱਡ ਕੇ ਬਾਕੀ ਸਾਰੀਆਂ ਕਿਸਮਾਂ) ਨਵੰਬਰ ਦੇ ਦੂਜੇ ਪੰਦਰਵਾੜੇ ਵਿੱਚ ਬੀਜਣ ਲਈ 27 ਕਿਲੋ ਅਤੇ ਦਸੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜਣ ਲਈ 36 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣਾ ਚਾਹੀਦਾ ਹੈ। ਜੇ ਬੀਜ ਦੀ ਮਾਤਰਾ ਪਿਛੇਤੀ ਬਿਜਾਈ ਸਮੇਂ ਨਹੀਂ ਵਧਾਵਾਂਗੇ ਤਾਂ ਬੂਟਿਆਂ ਦੀ ਗਿਣਤੀ, ਵਾਧਾ ਅਤੇ ਝਾੜ ’ਤੇ ਮਾੜਾ ਅਸਰ ਪਵੇਗਾ। ਮਸਰਾਂ ਦੀ ਬਿਜਾਈ ਲਈ ਐਲ ਐਲ 1373 ਕਿਸਮ ਲਈ 18 ਕਿਲੋ ਅਤੇ ਐਲ ਐਲ 931 ਲਈ 12-15 ਕਿਲੋ ਬੀਜ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ।
ਛੋਲਿਆਂ ਨੂੰ 30 ਸੈਂਟੀਮੀਟਰ ਅਤੇ ਮਸਰਾਂ ਨੂੰ 22.5 ਸੈਂਟੀਮੀਟਰ ਕਤਾਰ ਤੋਂ ਕਤਾਰ ਦੀ ਦੂਰੀ ’ਤੇ ਪੋਰੇ ਨਾਲ ਜਾਂ ਡਰਿੱਲ ਨਾਲ ਬਿਜਾਈ ਕਰਨੀ ਚਾਹੀਦੀ ਹੈ। ਛੋਲਿਆਂ ਨੂੰ ਤਕਰੀਬਨ 10-12.5 ਸੈਂਟੀਮੀਟਰ ਡੂੰਘਾ ਬੀਜਣਾ ਚਾਹੀਦਾ ਹੈ। ਇਸ ਤੋਂ ਘੱਟ ਡੂੰਘਾਈ ’ਤੇ ਬੀਜਣ ਨਾਲ ਉਖੇੜਾ ਰੋਗ ਹੋਣ ਦਾ ਡਰ ਹੁੰਦਾ ਹੈ। ਝੋਨੇ ਵਾਲੇ ਖੇਤਾਂ ਵਿੱਚ ਭਾਰੀਆਂ ਜ਼ਮੀਨਾਂ ਵਿੱਚ ਛੋਲਿਆਂ ਦੀ ਬਿਜਾਈ 67.5 ਸੈਂਟੀਮੀਟਰ ਚੌੜੇ ਬੈੱਡ (37.5 ਸੈਂਟੀਮੀਟਰ ਬੈੱਡ ਦਾ ਉਪਰਲਾ ਹਿੱਸਾ ਅਤੇ 30 ਸੈਂਟੀਮੀਟਰ ਖ਼ਾਲੀ) ’ਤੇ ਕਰੋ ਅਤੇ ਪ੍ਰਤੀ ਬੈੱਡ ਛੋਲਿਆਂ ਦੀਆਂ ਦੋ ਕਤਾਰਾਂ ਲਾਉਣੀਆਂ ਚਾਹੀਦੀਆਂ ਹਨ। ਬੈੱਡਾਂ ਉੱਤੇ ਬਿਜਾਈ ਕਰਨ ਨਾਲ ਫ਼ਸਲ ਨੂੰ ਸਿੰਜਾਈ/ਬਾਰਸ਼ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਝੋਨੇ ਤੋਂ ਬਾਅਦ, ਜਿੱਥੇ ਖੇਤ ਜ਼ਿਆਦਾ ਗਿੱਲਾ ਹੋਣ ਕਰ ਕੇ ਚੰਗੀ ਤਰ੍ਹਾਂ ਵਾਹਿਆ ਨਾ ਜਾ ਸਕੇ, ਮਸਰਾਂ ਦੀ ਬਿਜਾਈ ਛੱਟਾ ਦੇ ਕੇ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ। ਜੇ ਬਿਜਾਈ ਪਿਛੇਤੀ ਕਰਨੀ ਹੋਵੇ ਤਾਂ ਕਤਾਰ ਤੋਂ ਕਤਾਰ ਦਾ ਫ਼ਾਸਲਾ 22.5 ਸੈਂਟੀਮੀਟਰ ਤੋਂ ਘਟਾ ਕੇ 20 ਸੈਂਟੀਮੀਟਰ ਕੀਤਾ ਜਾ ਸਕਦਾ ਹੈ।
ਬੀਜ ਨੂੰ ਟੀਕਾ ਲਾਉਣਾ: ਬੀਜ ਬੀਜਣ ਤੋਂ ਪਹਿਲਾਂ ਢੁਕਵਾਂ ਟੀਕਾ ਲਾਉਣਾ ਚਾਹੀਦਾ ਹੈ। ਇਸ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ। ਛੋਲਿਆਂ ਦੇ ਬੀਜ ਨੂੰ ਮੀਜ਼ੋਰਾਈਜ਼ੋਬੀਅਮ (ਐੱਲ ਜੀ ਆਰ-33) ਅਤੇ ਰਾਈਜ਼ੋਬੈਕਟੀਰੀਅਮ (ਆਰ ਬੀ-1) ਦੇ ਟੀਕੇ ਦਾ ਇੱਕ-ਇੱਕ ਪੈਕੇਟ ਅਤੇ ਮਸਰਾਂ ਦੇ ਬੀਜ ਨੂੰ ਰਾਈਜ਼ੋਬੀਅਮ (ਐੱਲ ਐੱਲ ਆਰ-12) ਅਤੇ ਰਾਈਜ਼ੋਬੈਕਟੀਰੀਅਮ (ਆਰ ਬੀ-2) ਦੇ ਟੀਕੇ ਦਾ ਇੱਕ-ਇੱਕ ਪੈਕੇਟ ਇੱਕ ਏਕੜ ਦੇ ਬੀਜ ਨੂੰ ਲਾਉਣਾ ਚਾਹੀਦਾ ਹੈ।
ਖਾਦਾਂ: ਜ਼ਮੀਨ ਦੀ ਮਿੱਟੀ ਦੀ ਪਰਖ ਦੇ ਆਧਾਰ ’ਤੇ ਖਾਦਾਂ ਪਾਉਣੀਆਂ ਚਾਹੀਦੀਆਂ ਹਨ। ਦਰਮਿਆਨੀਆਂ ਉਪਜਾਊ ਜ਼ਮੀਨਾਂ ਵਿੱਚ ਬੂਟੇ ਦੇ ਵਿਕਾਸ ਲਈ ਦਾਲਾਂ ਵਿੱਚ ਖਾਦਾਂ ਹੇਠ ਲਿਖੇ ਅਨੁਸਾਰ ਪਾਉ। ਦੇਸੀ ਅਤੇ ਕਾਬਲੀ ਛੋਲਿਆਂ ਨੂੰ 13 ਕਿਲੋ ਯੂਰੀਆ ਅਤੇ ਮਸਰਾਂ ਨੂੰ 11 ਕਿਲੋ ਯੂਰੀਆ ਫ਼ਸਲ ਦੇ ਸ਼ੁਰੂਆਤੀ ਵਾਧੇ ਲਈ ਪਾਉਣੀ ਚਾਹੀਦੀ ਹੈ। ਦੇਸੀ ਛੋਲਿਆਂ ਨੂੰ 50 ਕਿਲੋ ਅਤੇ ਕਾਬਲੀ ਛੋਲਿਆਂ ਅਤੇ ਮਸਰਾਂ ਨੂੰ 100 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਵੇਲੇ ਪਾਉਣੀ ਚਾਹੀਦੀ ਹੈ। ਜੇਕਰ ਮਸਰਾਂ ਨੂੰ ਟੀਕੇ ਲਾਏ ਹਨ ਤਾਂ 50 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ।
ਵਧੇਰੇ ਝਾੜ ਲੈਣ ਵਾਸਤੇ, ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ, ਫ਼ਸਲ ਬੀਜਣ ਤੋਂ 90 ਅਤੇ 110 ਦਿਨਾਂ ਬਾਅਦ 2% ਯੂਰੀਆ (3 ਕਿਲੋ ਯੂਰੀਆ 150
ਲਿਟਰ ਪਾਣੀ ਵਿੱਚ ਪ੍ਰਤੀ ਏਕੜ) ਛਿੜਕਾਅ ਕਰਨਾ ਚਾਹੀਦਾ ਹੈ।