ਵਧੇਰੇ ਆਮਦਨ ਲਈ ਲਸਣ ਦੀ ਕਾਸ਼ਤ
ਅਜੈ ਕੁਮਾਰ*
ਸਬਜ਼ੀਆਂ ਦਾ ਮਨੁੱਖੀ ਖ਼ੁਰਾਕ ਵਿੱਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੈ ਕਿਉਂਕਿ ਫਲਾਂ ਨੂੰ ਛੱਡ ਕੇ ਇਨ੍ਹਾਂ ਵਿੱਚ ਕਈ ਤਰ੍ਹਾਂ ਦੇ ਉਹ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ਜੋ ਹੋਰ ਖਾਣ ਵਾਲੇ ਸਾਰੇ ਪਦਾਰਥਾਂ ਵਿੱਚ ਨਹੀਂ ਮਿਲਦੇ।
ਇਨ੍ਹਾਂ ਵਿੱਚੋਂ ਹੀ ਇੱਕ ਫਸਲ ਹੈ ਲਸਣ। ਲਸਣ ਠੰਢੇ ਮੌਸਮ ਦੀ ਫ਼ਸਲ ਹੈ। ਇਸ ਵਿੱਚ ਖ਼ੁਰਾਕੀ ਤੱਤ ਜਿਵੇਂ ਕਿ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਲਸਣ ਖੂਨ ਵਿਚ ਕੋਲੈਸਟਰੋਲ ਘਟਾਉਣ ਵਾਸਤੇ ਲਾਹੇਵੰਦ ਹੈ। ਲਸਣ ਕੈਲਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਹੁੰਦਾ ਹੈ। ਲਸਣ ਵਿੱਚ ਮੌਜੂਦ ਐਲਿਸਨ ਖੂਨ ਵਿੱਚ ਕੋਲੈਸਟਰੋਲ ਨੂੰ ਘੱਟ ਕਰਦਾ ਹੈ ਜਦੋਂਕਿ ਲਸਣ ਦੀਆਂ ਗੋਲੀਆਂ ਅਤੇ ਕੈਪਸੂਲ ਦੀ ਵਰਤੋਂ ਦਵਾਈ ਦੇ ਤੌਰ ’ਤੇ ਵੀ ਕੀਤੀ ਜਾਂਦੀ ਹੈ। ਲਸਣ ਦੇ ਐਬਸਟਰੈਕਟ ਨੂੰ ਕੰਨ ਦੇ ਦਰਦ ਨੂੰ ਠੀਕ ਕਰਨ ਲਈ ਕੰਨ ਡਰੌਪ ਵਜੋਂ ਵਰਤਿਆ ਜਾਂਦਾ ਹੈ। ਲਸਣ ਦੀ ਫ਼ਸਲ ਦਰਮਿਆਨੀ ਗਰਮੀ ਅਤੇ ਸਰਦੀ ਵਿੱਚ ਚੰਗੀ ਤਰ੍ਹਾਂ ਵਧਦੀ ਫੁੱਲਦੀ ਹੈ। ਛੋਟੇ ਦਿਨਾਂ ਵਿੱਚ ਲਸਣ ਦੇ ਗੰਢੇ ਮੋਟੇ ਬਣਦੇ ਹਨ। ਰੇਤਲੀ ਮੈਰਾ ਜ਼ਮੀਨ ਇਸ ਫ਼ਸਲ ਦੀ ਕਾਸ਼ਤ ਲਈ ਢੁਕਵੀਂ ਹੈ।
ਉੱਨਤ ਕਿਸਮਾਂ
ਪੀ.ਜੀ.-18: ਇਸ ਕਿਸਮ ਵਿੱਚ ਬੂਟੇ ਤੋਂ ਨਾੜ ਨਹੀਂ ਨਿਕਲਦੀ ਅਤੇ ਇਸ ਦੇ ਪੱਤੇ ਹਰੇ ਰੰਗ ਦੇ ਹੁੰਦੇ ਹਨ। ਗੰਢੇ ਮੋਟੇ (4.55 ਸੈਂਟੀਮੀਟਰ ਵਿਆਸ) ਅਤੇ ਦਿਲ ਖਿਚਵੇਂ ਹੁੰਦੇ ਹਨ। ਇੱਕ ਗੰਢੇ ਦਾ ਭਾਰ ਲਗਪਗ 28.4 ਗ੍ਰਾਮ ਅਤੇ ਇਸ ਵਿੱਚ 26 ਤੁਰੀਆਂ ਹੁੰਦੀਆਂ ਹਨ। ਤੁਰੀਆਂ ਦਰਮਿਆਨੀਆਂ ਮੋਟੀਆਂ ਅਤੇ ਚਿੱਟੇ ਰੰਗ ਦੀਆਂ ਹੁੰਦੀਆਂ ਹਨ। ਇਸ ਕਿਸਮ ਵਿੱਚ 38 ਫ਼ੀਸਦੀ ਸੁੱਕਾ ਮਾਦਾ ਅਤੇ 1.15 ਫ਼ੀਸਦੀ ਐਲਿਸਨ ਦੀ ਮਾਤਰਾ ਹੁੰਦੀ ਹੈ। ਇਸ ਦਾ ਝਾੜ 51 ਕੁਇੰਟਲ ਪ੍ਰਤੀ ਏਕੜ ਹੈ।
ਪੀ.ਜੀ.-17: ਇਸ ਦੇ ਪੱਤੇ ਗੂੜ੍ਹੇ ਹਰੇ ਅਤੇ ਤੁਰੀਆਂ ਚਿੱਟੀਆਂ ਤੇ ਦਿਲ ਖਿੱਚਵੀਆਂ ਹੁੰਦੀਆਂ ਹਨ। ਗੰਢੇ ਇਕਸਾਰ ਵੱਡੇ ਤੇ ਚਿੱਟੇ ਰੰਗ ਦੇ ਹੁੰਦੇ ਹਨ। ਇਕ ਗੰਢੇ ਵਿੱਚ 25-30 ਤੁਰੀਆਂ ਹੁੰਦੀਆਂ ਹਨ। ਇਹ ਕਿਸਮ ਪੱਕਣ ਵਾਸਤੇ 165-170 ਦਿਨ ਲੈਂਦੀ ਹੈ। ਇਸ ਦਾ ਝਾੜ 50 ਕੁਇੰਟਲ ਪ੍ਰਤੀ ਏਕੜ ਹੈ।
ਕਾਸ਼ਤ ਦੇ ਢੰਗ: ਲਸਣ ਦੀ ਬਿਜਾਈ ਵਾਸਤੇ ਇੱਕ ਏਕੜ ਦੀ ਬਿਜਾਈ ਲਈ 225-250 ਕਿਲੋ ਨਰੋਈਆਂ ਤੁਰੀਆਂ ਦੀ ਲੋੜ ਹੈ। ਘਰੇਲੂ ਬਗੀਚੀ ਵਿੱਚ ਜਾਂ ਛੋਟੀ ਪੱਧਰ ’ਤੇ ਚੋਕੇ ਨਾਲ ਬਿਜਾਈ ਕਰੋ, ਪਰ ਜੇ ਵਧੇਰੇ ਰਕਬੇ ਵਿੱਚ ਬਿਜਾਈ ਕਰਨੀ ਹੋਵੇ ਤਾਂ ਕੇਰੇ ਨਾਲ ਕਰੋ। ਬਿਜਾਈ 3-5 ਸੈਂਟੀਮੀਟਰ ਡੂੰਘੀ ਕਰੋ। ਲਸਣ ਦੀ ਬਿਜਾਈ ਹੱਥ ਨਾਲ ਚੱਲਣ ਵਾਲੇ ਪਲਾਂਟਰ ਨਾਲ ਵੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਕਰਨ ਵੇਲੇ ਬੀਜ ਇਕ ਇੰਚ ਡੂੰਘਾ ਬੀਜੋ। ਪਲਾਂਟਰ ਨਾਲ 2-3 ਬੰਦੇ ਇਕ ਦਿਨ ਵਿੱਚ ਅੱਧੇ ਏਕੜ ਦੀ ਬਿਜਾਈ ਕਰ ਸਕਦੇ ਹਨ। ਵਧੇਰੇ ਝਾੜ ਪ੍ਰਾਪਤ ਕਰਨ ਲਈ ਕਤਾਰ ਤੋਂ ਕਤਾਰ 15 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ 7.5 ਸੈਂਟੀਮੀਟਰ ਫ਼ਾਸਲਾ ਰੱਖੋ। 20 ਟਨ ਗਲੀ-ਸੜੀ ਰੂੜੀ, 110 ਕਿਲੋ ਯੂਰੀਆ ਅਤੇ 155 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਸਾਰੀ ਰੂੜੀ ਅਤੇ ਫ਼ਾਸਫ਼ੋਰਸ ਬਿਜਾਈ ਤੋਂ ਪਹਿਲਾਂ ਪਾਉ ਅਤੇ ਨਾਈਟ੍ਰੋਜਨ ਖਾਦ ਨੂੰ ਤਿੰਨ ਹਿੱਸਿਆਂ ਵਿੱਚ, ਪਹਿਲਾ ਹਿੱਸਾ ਬਿਜਾਈ ਤੋਂ ਇੱਕ ਮਹੀਨਾ, ਦੂਸਰਾ ਡੇਢ ਮਹੀਨਾ ਅਤੇ ਤੀਸਰਾ 2 ਮਹੀਨੇ ਪਿੱਛੋਂ ਪਾਉ। ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਪਿੱਛੋਂ ਅਤੇ ਬਾਅਦ ਵਾਲੀਆਂ ਸਿੰਜਾਈਆਂ ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ 10-15 ਦਿਨ ਦੇ ਵਕਫ਼ੇ ’ਤੇ ਕਰੋ। ਕੁੱਲ 10-12 ਪਾਣੀਆਂ ਦੀ ਲੋੜ ਹੈ।
ਲਸਣ ਦੀ ਫ਼ਸਲ ਵਿੱਚ ਨਦੀਨਾਂ ਨੂੰ ਕਾਬੂ ਹੇਠ ਰੱਖਣ ਲਈ ਸਟੌਂਪ 30 ਈ ਸੀ ਇੱਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਇੱਕ ਗੋਡੀ ਜੋ ਕਿ ਬੀਜਣ ਤੋਂ 90-100 ਦਿਨਾਂ ਬਾਅਦ ਕਰਨੀ ਚਾਹੀਦੀ ਹੈ। ਸਟੌਂਪ ਦਾ ਛਿੜਕਾਅ ਬਿਜਾਈ ਤੋਂ ਇੱਕ ਦਿਨ ਦੇ ਅੰਦਰ ਕਰੋ। ਇਸ ਤੋਂ ਇਲਾਵਾ ਨਦੀਨਾਂ ਨੂੰ ਲੰਬੇ ਸਮੇਂ ਤੱਕ ਕਾਬੂ ਰੱਖਣ ਲਈ ਗੋਡੀ ਦੀ ਥਾਂ ਤੇ ਇਨ੍ਹਾਂ ਨਦੀਨ ਨਾਸ਼ਕਾਂ ਦੀ ਵਰਤੋਂ ਦੇ ਨਾਲ, ਪਰਾਲੀ 25 ਕੁਇੰਟਲ ਪ੍ਰਤੀ ਏਕੜ, ਲਸਣ ਉੱਗਣ ਤੋਂ ਬਾਅਦ ਫ਼ਸਲ ਵਿੱਚ ਵਿਛਾ ਦਿਉ।
ਪੁਟਾਈ ਅਤੇ ਭੰਡਾਰ ਕਰਨਾ: ਪੁਟਾਈ ਤੋਂ 15 ਦਿਨ ਪਹਿਲਾਂ ਫ਼ਸਲ ਦੀ ਸਿੰਜਾਈ ਬੰਦ ਕਰ ਦਿਉ, ਇਸ ਤਰ੍ਹਾਂ ਕਰਨ ਨਾਲ ਗੰਢੀਆਂ ਦਾ ਜ਼ਿਆਦਾ ਦੇਰ ਤੱਕ ਭੰਡਾਰਨ ਕੀਤਾ ਜਾ ਸਕਦਾ ਹੈ। ਪੁਟਾਈ ਤੋਂ ਪਿੱਛੋਂ ਲਸਣ ਨੂੰ 5-7 ਦਿਨਾਂ ਲਈ ਛਾਵੇਂ ਸੁੱਕੀ ਥਾਂ ’ਤੇ ਰੱਖੋ ਅਤੇ ਛੋਟੀਆਂ-ਛੋਟੀਆਂ ਗੁੱਟੀਆਂ ਵਿੱਚ ਬੰਨ੍ਹ ਦਿਉ। ਫਿਰ ਸੁੱਕੀ ਤੇ ਹਵਾਦਾਰ ਥਾਂ ’ਤੇ ਭੰਡਾਰ ਕਰੋ। ਬਰਸਾਤ ਦੇ ਮੌਸਮ ਵਿੱਚ ਸੁੱਕੀਆਂ ਅਤੇ ਗਲੀਆਂ ਹੋਈਆਂ ਗੰਢੀਆਂ ਨੂੰ ਕੱਢ ਦਿਉ।
*ਕ੍ਰਿਸ਼ੀ ਵਿਗਆਨ ਕੇਂਦਰ, ਅੰਮ੍ਰਿਤਸਰ।
ਸੰਪਰਕ: 89682-78900