ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਤਝੜੀ ਕਿਸਮ ਦੇ ਫਲਦਾਰ ਬੂਟਿਆਂ ਦੀ ਸਿਧਾਈ ਤੇ ਕਾਂਟ-ਛਾਂਟ

07:50 AM Dec 16, 2023 IST

ਰਚਨਾ ਅਰੋੜਾ ਅਤੇ ਐਨ ਕੇ ਅਰੋੜਾ*

ਸਿਧਾਈ ਅਤੇ ਕਾਂਟ-ਛਾਂਟ ਪੱਤਝੜੀ ਕਿਸਮ ਦੇ ਫਲਦਾਰ ਬੂਟਿਆਂ ਲਈ ਅਜਿਹੇ ਮਹੱਤਵਪੂਰਨ ਕਾਰਜ ਹਨ ਜਿਨ੍ਹਾਂ ਵੱਲ ਅਕਸਰ ਧਿਆਨ ਨਹੀਂ ਦਿੱਤਾ ਜਾਂਦਾ। ਬਾਗ਼ਾਂ ਤੋਂ ਭਰਪੂਰ ਗੁਣਵੱਤਾ ਵਾਲਾ ਚੋਖਾ ਫਲ ਲੈਣ ਲਈ ਕਾਂਟ-ਛਾਂਟ ਅਤੇ ਸਿਧਾਈ ਕਰਨਾ ਅਤਿ ਜ਼ਰੂਰੀ ਹੁੰਦਾ ਹੈ। ਸਿਧਾਈ ਨਵੇਂ ਬੂਟਿਆਂ ਦੀ ਲਵਾਈ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਤਾਂ ਜੋ ਬੂਟਿਆਂ ਦਾ ਸਹੀ ਆਕਾਰ ਬਣ ਸਕੇ ਜਦੋਂਕਿ ਕਾਂਟ-ਛਾਂਟ ਤੋਂ ਭਾਵ ਫਲ ਦਿੰਦੇ ਬੂਟਿਆਂ ਤੋਂ ਕੁਝ ਕਮਜ਼ੋਰ ਜਾਂ ਅਜਿਹੀਆਂ ਟਾਹਣੀਆਂ ਨੂੰ ਕੱਟਣਾ ਹੈ ਜਿਸ ਨਾਲ ਬੂਟਿਆਂ ਤੋਂ ਭਰਪੂਰ ਅਤੇ ਚੰਗੀ ਗੁਣਵੱਤਾ ਦਾ ਫਲ ਪ੍ਰਾਪਤ ਕੀਤਾ ਜਾ ਸਕੇ। ਫਲ ਨੂੰ ਸਹੀ ਅਤੇ ਮਜਬੂਤ ਆਕਾਰ ਦੇਣ ਨਾਲ ਬੂਟਿਆਂ ਦੇ ਅੰਦਰੂਨੀ ਹਿੱਸਿਆਂ ਤੱਕ ਹਵਾ ਅਤੇ ਰੋਸ਼ਨੀ ਦਾ ਚੰਗਾ ਪ੍ਰਵਾਹ ਹੁੰਦਾ ਹੈ। ਇਸ ਨਾਲ ਫਲਾਂ ਦੇ ਝਾੜ ਅਤੇ ਗੁਣਵੱਤਾ ਵਿੱਚ ਵਾਧੇ ਦੇ ਨਾਲ-ਨਾਲ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਵਿੱਚ ਵੀ ਮੱਦਦ ਮਿਲਦੀ ਹੈ। ਪੱਤਝੜੀ ਕਿਸਮ ਦੇ ਫਲਦਾਰ ਪੌਦੇ ਜਿਵੇਂ ਕਿ ਆੜੂ, ਅਲੂਚਾ, ਨਾਸ਼ਪਾਤੀ ਆਦਿ ਦੀ ਕਾਂਟ-ਛਾਂਟ ਦਾ ਕੰਮ ਸਰਦੀਆਂ ਵਿੱਚ ਉਸ ਸਮੇਂ ਕੀਤਾ ਜਾਂਦਾ ਹੈ ਜਦੋਂ ਉਹ ਅਜੇ ਨੀਂਦਰ ਅਵਸਥਾ ਵਿੱਚ ਹੋਣ। ਇਨ੍ਹਾਂ ਵੱਖ-ਵੱਖ ਤਰ੍ਹਾਂ ਦੇ ਬੂਟਿਆਂ ਦੀ ਕਾਂਟ-ਛਾਂਟ ਅਤੇ ਸਿਧਾਈ ਦਾ ਕੰਮ ਬਹੁਤ ਹੀ ਤਕਨੀਕੀ ਕੰਮ ਹੈ, ਇਸ ਲਈ ਵਧੇਰੇ ਅਤੇ ਵਧੀਆ ਗੁਣਵੱਤਾ ਵਾਲਾ ਫਲ ਪ੍ਰਾਪਤ ਕਰਨ ਲਈ ਇਸ ਕੰਮ ਦੀ ਪੂਰੀ ਜਾਣਕਾਰੀ ਹੋਣਾ ਅਤਿ ਜ਼ਰੂਰੀ ਹੈ।

Advertisement

ਨਾਸ਼ਪਾਤੀ ਦੀ ਸਿਧਾਈ ਅਤੇ ਕਾਂਟ-ਛਾਂਟ

ਨਾਸ਼ਪਾਤੀ ਦਾ ਮਜ਼ਬੂਤ ਟਾਹਣੀ ਵਾਲਾ ਬੂਟਾ ਤਿਆਰ ਕਰਨ ਲਈ ਪੌਦੇ ਦੀ ਸੁਧਰੀ ਹੋਈ ਟੀਸੀ ਵਾਲੇ ਤਰੀਕੇ ਨਾਲ ਸਿਧਾਈ ਕੀਤੀ ਜਾਂਦੀ ਹੈ। ਜਨਵਰੀ-ਫਰਵਰੀ ਮਹੀਨੇ ਨਵੇਂ ਲਗਾਏ ਪੌਦੇ ਨੂੰ 90 ਸੈਟੀਂਮੀਟਰ ਦੀ ਉਚਾਈ ਤੋਂ ਕੱਟ ਦੇਣਾ ਚਾਹੀਦਾ ਹੈ ਅਤੇ ਇਹ ਪੌਦਾ ਫਰਵਰੀ-ਮਾਰਚ ਵਿੱਚ ਫੁੱਟਣ ਲੱਗੇਗਾ। ਇਸ ਦੇ ਮੁੱਖ ਤਣੇ ਉੱਪਰ ਜ਼ਮੀਨ ਤੋਂ ਲੈ ਕੇ 45 ਸੈਟੀਂਮੀਟਰ ਦੀ ਉਚਾਈ ਤਕ ਕੋਈ ਸ਼ਾਖ ਨਹੀਂ ਰਹਿਣੀ ਚਾਹੀਦੀ। ਦੂਜੇ ਸਾਲ ਦਰਮਿਆਨ ਦੀ ਸਭ ਤੋਂ ਲੰਮੀ ਟਾਹਣੀ ਨੂੰ ਛੱਡ ਦਿੱਤਾ ਜਾਂਦਾ ਹੈ ਪਰ ਜਿੱਥੇ ਕੱਚਾ ਭਾਗ ਸ਼ੁਰੂ ਹੁੰਦਾ ਹੈ, ਉਥੇ ਇਸ ਨੂੰ ਕੱਟ ਦਿੱਤਾ ਜਾਂਦਾ ਹੈ। ਪਾਸੇ ਦੀਆਂ 3-4 ਟਹਿਣੀਆਂ ਨੂੰ ਆਪਸ ਵਿੱਚ 15 ਤੋਂ 20 ਸੈਟੀਂਮੀਟਰ ਦੇ ਫ਼ਾਸਲੇ ’ਤੇ ਜੋ ਵੱਖ-ਵੱਖ ਦਿਸ਼ਾਵਾਂ ਵਿੱਚ ਹੋਣ, ਰੱਖ ਲਈਆਂ ਜਾਂਦੀਆਂ ਹਨ। ਜੇ ਇਨ੍ਹਾਂ ਟਹਿਣੀਆਂ ਨੂੰ ਸੇਬੇ ਨਾਲ ਬੰਨ੍ਹ ਕੇ ਧਰਤੀ ਨਾਲ ਬੰਨ੍ਹ ਦਿੱਤਾ ਜਾਵੇ ਤਾਂ ਇਨ੍ਹਾਂ ਟਹਿਣੀਆਂ ਤੇ ਹੋਰ ਸ਼ਾਖਾਵਾਂ ਨਿਕਲਣ ਵਿੱਚ ਮੱਦਦ ਮਿਲਦੀ ਹੈ। ਤੀਜੇ ਅਤੇ ਚੌਥੇ ਸਾਲ ਦੀ ਸਿਧਾਈ ਕਰਨ ਸਮੇਂ ਬੂਟੇ ਦੀਆਂ ਟਹਿਣੀਆਂ ਵਿੱਚ ਆਪਸੀ ਤਾਲ-ਮੇਲ ਵਧਾਉਣ ਲਈ ਦੂਜੇ ਜਾਂ ਤੀਜੇ ਦਰਜੇ ਦੀਆਂ ਟਹਿਣੀਆਂ ਨੂੰ ਸਾਫ਼ ਕੱਟ ਦੇ ਕੇ ਵੱਢ ਦਿੱਤਾ ਜਾਂਦਾ ਹੈ। ਜਿਨ੍ਹਾਂ ਟਹਿਣੀਆਂ ਦੇ ਕੋਣ ਛੋਟੇ ਹੋਣ, ਉਨ੍ਹਾਂ ਨੂੰ ਵੀ ਮੁੱਢ ਤੋਂ ਹੀ ਕੱਟ ਦੇਣਾ ਚਾਹੀਦਾ ਹੈ। ਮੁੱਖ ਤਣੇ ਉੱਪਰ ਆਈਆਂ ਟਹਿਣੀਆਂ ਦੇ ਕੋਣ ਚੌੜੇ ਹੋਣੇ ਚਾਹੀਦੇ ਹਨ, ਤੇਜ਼ ਵਧਣ ਵਾਲੇ ਗੁੱਲੇ ਅਤੇ ਤਣੇ ਤੋਂ ਫੁੱਟਣ ਵਾਲੀਆਂ ਟਹਿਣੀਆਂ ਨੂੰ ਕੱਟਦੇ ਰਹਿਣਾ ਚਾਹੀਦਾ ਹੈ। ਇਨ੍ਹਾਂ ਸਾਲਾਂ ਵਿੱਚ ਦਰੱਖਤਾਂ ਦੀ ਜ਼ਿਆਦਾ ਕਾਂਟ-ਛਾਂਟ ਨਹੀਂ ਕਰਨੀ ਚਾਹੀਦੀ। ਨਾਸ਼ਪਾਤੀ ਦਾ ਫਲ ਖੁੰਘਿਆਂ ਉੱਪਰ ਲੱਗਦਾ ਹੈ ਜੋ ਲਗਾਤਾਰ ਲਗਪਗ 8 ਸਾਲ ਤੱਕ ਫਲ ਦਿੰਦੇ ਹਨ। ਪੁਰਾਣੇ ਅਤੇ ਫਲ ਦਿੰਦੇ ਬੂਟਿਆਂ ਦੀਆਂ ਸੁੱਕੀਆਂ ਟਾਹਣੀਆਂ ਨੂੰ ਵੀ ਕੱਟ ਕੇ ਵਿਰਲਾ ਕੀਤਾ ਜਾਂਦਾ ਹੈ ਤਾਂ ਜੋ ਉੱਤੇ ਜ਼ਿਆਦਾ ਫਲ ਦੇਣ ਵਾਲੀਆਂ ਨਵੀਆਂ ਟਾਹਣੀਆਂ ਫੁੱਟ ਪੈਣ।

ਆੜੂ ਦੀ ਸਿਧਾਈ ਅਤੇ ਕਾਂਟ-ਛਾਂਟ

ਆੜੂ ਵਿੱਚ ਸਿਧਾਈ ਅਤੇ ਕਾਂਟ-ਛਾਂਟ ਦਸੰਬਰ-ਜਨਵਰੀ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਜਦੋਂ ਬੂਟੇ ਸਥਿਲ ਅਵਸਥਾ ਵਿੱਚ ਹੁੰਦੇ ਹਨ। ਇਸ ਦੀ ਸਿਧਾਈ ਸੁਧਰੀ ਹੋਈ ਟੀਸੀ ਵਾਲੇ ਢੰਗ ਨਾਲ ਹੀ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਨੂੰ 3-4 ਸਾਲ ਵਿੱਚ ਪੂਰਾ ਕੀਤਾ ਜਾਂਦਾ ਹੈ। ਇਸ ਨਾਲ ਬੂਟੇ ਦੇ ਆਕਾਰ ਨੂੰ ਸੀਮਤ ਕਰਨ ਵਿੱਚ ਅਤੇ ਹਰ ਵਰ੍ਹੇ ਫਲ ਲੱਗਣ ਵਾਲੀਆਂ ਨਵੀਂਆਂ ਟਹਿਣੀਆਂ ਪੈਦਾ ਕਰਨ ਵਿੱਚ ਮਦਦ ਮਿਲਦੀ ਹੈ। ਆੜੂ ਦੀ ਸਿਧਾਈ ਲਈ ਇਕ ਸਾਲ ਦੇ ਬੂਟੇ ਨਰਸਰੀ ਤੋਂ ਲਿਆ ਕੇ ਖੇਤ ਵਿੱਚ ਲਾਏ ਜਾਂਦੇ ਹਨ ਅਤੇ ਲਾਉਣ ਤੋਂ ਪਹਿਲਾ 90 ਸੈਂਟੀਮੀਟਰ ਦੀ ਉਚਾਈ ਤੋਂ ਕੱਟ ਦਿੱਤਾ ਜਾਂਦਾ ਹੈ। ਜੇ ਬੂਟਿਆਂ ਦੇ ਪਾਸਿਆਂ ’ਤੇ ਸ਼ਾਖਾਵਾਂ ਹੋਣ ਤਾਂ 1-2 ਅੱਖਾਂ ਰੱਖ ਕੇ ਉੱਤੋਂ ਕੱਟ ਦੇਣਾ ਚਾਹੀਦਾ ਹੈ। ਮਾਰਚ ਮਹੀਨੇ ਬੂਟਿਆਂ ਦੇ ਤਣਿਆਂ ’ਤੇ ਕਈ ਸ਼ਾਖਾਵਾਂ ਉੱਗ ਪੈਂਦੀਆਂ ਹਨ। ਇਨ੍ਹਾਂ ਸ਼ਾਖਾਵਾਂ ਨੂੰ ਪੂਰਾ ਸਮਾਂ ਵਧ ਜਾਣ ਦੇਣਾ ਚਾਹੀਦਾ ਹੈ। ਜਨਵਰੀ ਦੇ ਮਹੀਨੇ ਜਦੋਂ ਇਨ੍ਹਾਂ ਦੇ ਪੱਤੇ ਝੜ ਜਾਣ ਤਾਂ ਉਦੋਂ ਬੂਟੇ ’ਤੇ 4-5 ਨਰੋਈਆਂ ਟਹਿਣੀਆਂ ਜਿਹੜੀਆਂ ਤਣੇ ਤੋਂ ਥੱਲੇ ਉੱਤੇ ਚਾਰ-ਚੁਫੇਰੇ ਹੋਣ ਉਨ੍ਹਾਂ ਨੂੰ ਚੁਣ ਕੇ ਬਾਕੀਆਂ ਨੂੰ ਮੁੱਢੋਂ 1-2 ਅੱਖਾਂ ਰੱਖ ਕੇ ਕੱਟ ਦੇਣਾ ਚਾਹੀਦਾ ਹੈ। ਸਭ ਤੋਂ ਹੇਠਲੀ ਟਹਿਣੀ ਜ਼ਮੀਨ ਤੋਂ 45 ਸੈਂਟੀਮੀਟਰ ਦੀ ਉਚਾਈ ’ਤੇ ਰੱਖਣੀ ਚਾਹੀਦੀ ਹੈ। ਜੇਕਰ ਇਸ ਸਮੇਂ ਲੋੜੀਂਦੀਆਂ ਟਹਿਣੀਆਂ ਪ੍ਰਾਪਤ ਨਾ ਹੋਣ ਤਾਂ ਇਹ ਅਗਲੇ ਸਾਲ ਦੇ ਵਾਧੇ ਮਗਰੋਂ ਚੁਣੀਆਂ ਜਾ ਸਕਦੀਆਂ ਹਨ। ਬੂਟੇ ਲਾਉਣ ਤੋਂ ਦੂਜੇ ਸਾਲ ਗਰਮੀ ਅਤੇ ਵਰਖਾ ਰੁੱਤ ਦੇ ਬੂਟੇ ਦੀਆਂ ਚੁਣੀਆਂ ਹੋਈਆਂ ਟਹਿਣੀਆਂ ਅਤੇ ਹੋਰ ਸ਼ਾਖਾਵਾਂ ਤਿਆਰ ਹੁੰਦੀਆਂ ਹਨ। ਬੂਟੇ ਦੀ ਸਿੱਧੀ ਟਹਿਣੀ (ਲੀਡਰ) ਵੀ ਵਧਦੀ ਰਹਿੰਦੀ ਹੈ ਅਤੇ ਇਸ ’ਤੇ ਹੋਰ ਕਈ ਟਹਿਣੀਆਂ ਨਿਕਲ ਆਉਂਦੀਆਂ ਹਨ। ਇਨ੍ਹਾਂ ਟਹਿਣੀਆਂ ਵਿੱਚੋਂ 3-4 ਟਾਹਿਣੀਆਂ ਚੁਣ ਕੇ ਬਾਕੀਆਂ ਨੂੰ ਮੁੱਢ ਤੋਂ ਹੀ ਕੱਟ ਦੇਣਾ ਚਾਹੀਦਾ ਹੈ। ਇਸ ਸਮੇਂ ਲੀਡਰ ਟਹਿਣੀ ਨੂੰ ਵੀ ਹੇਠਲੀ ਕਿਸੇ ਪਾਸੇ ਦੀ ਟਹਿਣੀ ਦੇ ਨੇੜਿਉਂ ਰੱਖ ਕੇ ਕੱਟ ਦਿਉ ਤਾਂ ਕਿ ਇਸ ਦਾ ਵਾਧਾ ਰੁਕ ਜਾਵੇ। ਇਸ ਤਰੀਕੇ ਨਾਲ ਸਿਧਾਈ ਕੀਤੇ ਬੂਟਿਆਂ ਨੂੰ ਮਜ਼ਬੂਤ ਢਾਂਚਾ ਮਿਲਦਾ ਹੈ ਅਤੇ ਲੰਬੇ ਸਮੇਂ ਤੱਕ ਭਰਵਾਂ ਫਲ ਮਿਲਦਾ ਹੈ। ਆੜੂ ਦੀ ਸਿਧਾਈ ਦੇ ਨਾਲ-ਨਾਲ ਕਾਂਟ-ਛਾਂਟ ਵੀ ਅਤਿ ਜ਼ਰੂਰੀ ਹੈ। ਬੂਟਿਆਂ ਤੋਂ ਭਰਪੂਰ ਫਲ ਅਤੇ ਚੰਗੀ ਗੁਣਵੱਤਾ ਵਾਲਾ ਫਲ ਪ੍ਰਾਪਤ ਕਰਨ ਲਈ ਆੜੂ ਉੱਪਰ ਫਲ ਦੇਣ ਵਾਲੀਆਂ ਅਤੇ ਫਲ ਨਾ ਦੇਣ ਵਾਲੀਆਂ ਟਾਹਣੀਆਂ ਦੀ ਗਿਣਤੀ ਅਤੇ ਲੰਬਾਈ ਨਿਯਮਿਤ ਕਰਨਾ ਬਹੁਤ ਹੀ ਮਹੱਤਵਪੂਰਨ ਕੰਮ ਹੈ। ਆੜੂ ਦਾ ਫਲ ਬੂਟਿਆਂ ਦੀਆਂ ਇੱਕ ਸਾਲ ਪੁਰਾਣੀਆਂ ਟਹਿਣੀਆਂ ਨੂੰ ਲੱਗਦਾ ਹੈ। ਇਸ ਲਈ ਜਿਨ੍ਹਾਂ ਟਹਿਣੀਆਂ ’ਤੇ ਫਲ ਲੱਗਣ ਦੀ ਉਮੀਦ ਹੋਵੇ ਉਨ੍ਹਾਂ ਦੀ ਕਾਂਟ-ਛਾਂਟ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਿਰਲੇ ਵੀ ਕਰਨਾ ਚਾਹੀਦਾ ਹੈ। ਕੁੱਝ ਲੰਬੀਆਂ ਅਤੇ ਫਲ ਨਾ ਦੇਣ ਵਾਲੀਆਂ ਟਹਿਣੀਆਂ ਨੂੰ ਉੱਤੋਂ ਕੱਟ ਕੇ ਛੋਟਾ ਕਰ ਦਿਉ ਤਾਂ ਜੋ ਬੂਟਿਆਂ ਦਾ ਵਾਧਾ ਸਹੀ ਹੋਵੇ ਅਤੇ ਵੱਡੇ ਆਕਾਰ ਦੇ ਵਧੇਰੇ ਫਲ ਲੱਗਣ। ਲੰਬੀਆਂ ਅਤੇ ਨੀਵੀਆਂ ਟਹਿਣੀਆਂ ਨੂੰ ਉੱਤੋਂ ਕੱਟ ਕੇ ਛੋਟਾ ਕਰ ਦਿਉ। ਬਿਮਾਰ, ਟੁੱਟੀਆਂ, ਸੁੱਕੀਆਂ ਅਤੇ ਆਪਸ ਵਿੱਚ ਫਸਦੀਆਂ ਟਹਿਣੀਆਂ ਨੂੰ ਕੱਟ ਦਿਉ। ਜਿਹੜੇ ਟੱਕ 5 ਸੈਂਟੀਮੀਟਰ ਤੋਂ ਮੋਟੇ ਹੁੰਦੇ ਹਨ, ਉਨ੍ਹਾਂ ਨੂੰ ਬੋਰਡੋ ਪੇਸਟ (ਨੀਲਾ ਥੋਥਾ 2 ਕਿਲੋ ਅਣਬੁਝਿਆ ਚੂਨਾ 3 ਕਿਲੋ 30 ਲਿਟਰ ਪਾਣੀ) ਅਤੇ ਦੋ ਹਫ਼ਤੇ ਬਾਅਦ ਬੋਰਡੋ ਪੇਂਟ (ਨੀਲਾ ਥੋਥਾ 1 ਕਿਲੋ, ਅਣਬੁੱਝਿਆ ਚੂਨਾ 2 ਕਿਲੋ ਅਲਸੀ ਦਾ ਤੇਲ 3 ਲਿਟਰ) ਦਾ ਲੇਪ ਲਾ ਦਿਉ।

Advertisement

ਅਲੂਚੇ ਦੀ ਸਿਧਾਈ ਅਤੇ ਕਾਂਟ-ਛਾਂਟ

ਅਲੂਚੇ ਦੇ ਬੂਟਿਆਂ ਦੀ ਸਿਧਾਈ ਵੀ ਸੁਧਰੀ ਟੀਸੀ ਢੰਗ ਨਾਲ ਕੀਤੀ ਜਾਂਦੀ ਹੈ ਅਤੇ ਇਸ ਦੀ ਸਿਧਾਈ ਦਾ ਕੰਮ ਤਿੰਨ ਸਾਲਾਂ ਵਿੱਚ ਪੂਰਾ ਹੁੰਦਾ ਹੈ। ਪਹਿਲੇ ਸਾਲ ਇੱਕ ਸਾਲ ਦੀ ਉਮਰ ਦੇ ਤਕਰੀਬਨ ਇੱਕ ਮੀਟਰ ਲੰਬੇ ਬੂਟੇ ਜਨਵਰੀ ਦੇ ਮਹੀਨੇ ਜਾਂ ਫਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਖੇਤ ਵਿੱਚ ਲਗਾਏ ਜਾਂਦੇ ਹਨ। ਬੂਟੇ ਲਾਉਣ ਤੋਂ ਬਾਅਦ ਇਨ੍ਹਾਂ ਦੀ 8-10 ਸੈਂਟੀਮੀਟਰ ਕੱਚੀ ਟੀਸੀ ਕੱਟ ਦਿਉ। ਜੇ ਤਣੇ ’ਤੇ ਹੋਰ ਸ਼ਾਖਾਵਾਂ ਵੀ ਉੱਗੀਆਂ ਹੋਣ ਤਾਂ ਉਨ੍ਹਾਂ ਤੇ ਛੋਟੇ ਖੁੰਘੇ ਰੱਖ ਕੇ ਉੱਪਰੋਂ ਕੱਟ ਦਿਉ। ਇਸ ਤੋਂ ਬਾਅਦ ਬਹਾਰ ਰੁੱਤ ਆਉਣ ’ਤੇ ਬੂਟਿਆਂ ’ਤੇ ਕਾਫ਼ੀ ਸ਼ਾਖਾਵਾਂ ਨਿਕਲ ਜਾਂਦੀਆਂ ਹਨ, ਇਨ੍ਹਾਂ ਸ਼ਾਖਾਵਾਂ ਦਾ ਗਰਮੀ ਅਤੇ ਬਰਸਾਤ ਰੁੱਤ ਵਿੱਚ ਕਾਫ਼ੀ ਵਾਧਾ ਹੁੰਦਾ ਹੈ। ਫਿਰ ਦੂਜੇ ਸਾਲ ਸਰਦੀ ਰੁੱਤ ਵਿੱਚ ਜਦੋਂ ਇਹ ਬੂਟੇ ਪੱਤੇ ਝਾੜ ਦਿੰਦੇ ਹਨ ਅਤੇ ਨੀਂਦਰ ਅਵਸਥਾ ਵਿੱਚ ਹੁੰਦੇ ਹਨ, ਉਦੋਂ ਤਣੇ ਉੱਤੇ ਚਾਰ ਚੁਫੇਰੇ ਵੱਲ 15-20 ਸੈਂਟੀਮੀਟਰ ਵਿੱਥ ’ਤੇ ਤਣੇ ਉੱਤੇ ਉੱਗੀਆਂ 4-5 ਟਹਿਣੀਆਂ ਨੂੰ ਚੁਣ ਕੇ ਬਾਕੀ ਟਹਿਣੀਆਂ ਨੂੰ ਮੁੱਢੋਂ ਕੱਟ ਦਿਉ। ਤਣੇ ਦੀ ਸਭ ਤੋਂ ਨੀਵੀਂ ਟਹਿਣੀ 45 ਸੈਂਟੀਮੀਟਰ ਉੱਚੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਬੂਟੇ ਨੂੰ ਵਧਣ ਦਿਉ। ਬੂਟਿਆਂ ਦੀ ਲੀਡਰ ਟਹਿਣੀ ਅਤੇ ਹੋਰ ਮੁੱਖ ਟਹਿਣੀਆਂ ਤੇ ਨਵੀਆਂ ਟਹਿਣੀਆਂ ਉੱਗਦੀਆਂ ਹਨ। ਇਸ ਤੋਂ ਪਿੱਛੋਂ ਤੀਜੇ ਸਾਲ ਪੱਤਝੜ ਰੁੱਤੇ ਜਦੋਂ ਇਹ ਬੂਟੇ ਸਥਿਲ ਅਵਸਥਾ ਵਿੱਚ ਹੋਣ, ਉਸ ਸਮੇਂ ਇਨ੍ਹਾਂ ਟਹਿਣੀਆਂ ਵਿੱਚੋਂ ਸਹੀ ਵਿੱਥ ਵਾਲੀਆਂ ਟਹਿਣੀਆਂ ਨੂੰ ਚੁਣ ਲਵੋ ਅਤੇ ਬਾਕੀਆਂ ਨੂੰ ਮੁੱਢੋਂ ਕੱਟ ਦਿਉ। ਇਸ ਸਮੇਂ ਬੂਟੇ ਦੇ ਢਾਂਚੇ ਦਾ ਸਹੀ ਵਿਕਾਸ ਹੋ ਜਾਂਦਾ ਹੈ। ਲੀਡਰ ਟਾਹਣੀ ਨੂੰ ਕਿਸੇ ਵਧੀ ਹੋਈ ਟਹਿਣੀ ਦੇ ਨੇੜੇ ਰੱਖ ਕੇ ਕੱਟ ਦਿਉ। ਇਸ ਤਰ੍ਹਾਂ ਸੁਧਰੀ ਟੀਸੀ ਨਾਲ ਸਿਧਾਈ ਕੀਤਾ ਬੂਟਾ ਪੂਰਾ ਅਤੇ ਗੁਣਵੱਤਾ ਭਰਪੂਰ ਫਲ ਦਿੰਦਾ ਹੈ। ਅਲੂਚੇ ਨੂੰ ਫਲ, ਕਿਸਮ ਮੁਤਾਬਕ 3-4 ਸਾਲ ਦੀ ਉਮਰ ਵਿੱਚ ਇੱਕ ਸਾਲ ਦੀ ਉਮਰ ਦੀਆਂ ਟਹਿਣੀਆਂ ਅਤੇ ਛੋਟੀਆਂ ਖੁੰਘੀਆਂ ’ਤੇ ਲਗਦਾ ਹੈ। ਇਸ ਲਈ ਬੂਟਿਆਂ ਦੀ ਹਰ ਵਰ੍ਹੇ ਹਲਕੀ ਕਾਂਟ-ਛਾਂਟ ਜਨਵਰੀ ਦੇ ਪਹਿਲੇ ਪੰਦਰਵਾੜੇ ਤੱਕ ਕਰ ਦੇਣੀ ਚਾਹੀਦੀ ਹੈ। ਬੂਟੇ ਦੀ ਛੱਤਰੀ ਅੰਦਰੋਂ ਪਤਲੀਆਂ, ਆਪਸ ਵਿੱਚ ਫਸਦੀਆਂ ਅਤੇ ਸੰਘਣੀਆਂ ਟਹਿਣੀਆਂ ਕੱਟ ਕੇ ਵਿਰਲਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜੜ੍ਹਾਂ ਅਤੇ ਤਣੇ ਦੇ ਮੁੱਢੋਂ ਉੱਘਣ ਵਾਲੀਆਂ ਟਹਿਣੀਆਂ ਨੂੰ ਬਰਾਬਰ ਕੱਟਦੇ ਰਹਿਣਾ ਚਾਹੀਦਾ ਹੈ। ਹਰ 4-5 ਸਾਲਾਂ ਮਗਰੋਂ ਬੂਟਿਆਂ ਦੀ ਭਾਰੀ ਕਾਂਟ-ਛਾਂਟ ਕੀਤੀ ਜਾਂਦੀ ਹੈ, ਜਿਸ ਵਿੱਚ ਲੰਬੀਆਂ ਟਹਿਣੀਆਂ ਨੂੰ ਛੋਟਾ ਕਰਨਾ, ਨੀਵੀਆਂ ਟਹਿਣੀਆਂ ਨੂੰ ਕੱਟਣਾ, ਤਣੇ ਦੇ ਹੇਠਲੇ ਹਿੱਸੇ ’ਤੇ ਉੱਗੀਆਂ ਟਹਿਣੀਆਂ ਨੂੰ ਕੱਟਣਾ ਆਦਿ ਕੰਮ ਕੀਤੇ ਜਾਂਦੇ ਹਨ। ਜਿਹੜੇ ਟੱਕ 4-5 ਸੈਂਟੀਮੀਟਰ ਤੋਂ ਮੋਟੇ ਹੋਣ, ਉਨ੍ਹਾਂ ਨੂੰ ਬੋਰਡੋ ਪੇਸਟ ਜਾਂ ਬੋਰਡੋ ਪੇਂਟ ਦਾ ਲੇਪ ਕਰ ਦੇਣਾ ਚਾਹੀਦਾ ਹੈ।

ਅੰਗੂਰਾਂ ਦੀਆਂ ਵੇਲਾਂ ਦੀ ਸਿਧਾਈ ਅਤੇ ਕਾਂਟ-ਛਾਂਟ

ਅੰਗੂਰਾਂ ਦੀਆਂ ਵੇਲਾਂ ਦੀ ਸਿਧਾਈ ‘ਬਾਵਰ’ ਅਤੇ ‘ਵਾਈ’ ਸਿਸਟਮ ਨਾਲ ਕਰਨੀ ਚਾਹੀਦੀ ਹੈ। ਮੁੱਖ ਟਹਿਣੀਆਂ ਅਤੇ ਵਿੱਚੋਂ ਨਿਕਲੀਆਂ ਹੋਰ ਟਹਿਣੀਆਂ ਦੋਵੇਂ ਪਾਸੇ ਫੈਲਾ ਦਿਉ ਅਤੇ ਇਨ੍ਹਾਂ ਟਹਿਣੀਆਂ ਵਿੱਚੋਂ ਹੋਰ ਟਹਿਣੀਆਂ ਨਿੱਕਲਣ ਦਿਉ। ਹਰ ਵੇਲ ਉੱਤੇ 60-80 ਸ਼ਾਖਾਵਾਂ ਰਹਿਣ ਦਿਉ। ਜਨਵਰੀ ਤੇ ਫਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਪੁਰਾਣੀਆਂ ਵੇਲਾਂ ਤੇ ਹਰ ਸ਼ਾਖ ਦੇ ਮੁੱਢੋਂ ਚਾਰ ਅੱਖਾਂ ਛੱਡ ਕੇ ਸੁੱਕੀਆਂ ਟਹਿਣੀਆਂ ਛਾਂਗ ਦਿਉ। ਵੇਲਾਂ ਦੀ ਸਿਧਾਈ ਅੰਗਰੇਜ਼ੀ ਦੇ ਅੱਖਰ ਵਾਈ ਢੰਗ ਨਾਲ ਵੀ ਕੀਤੀ ਜਾ ਸਕਦੀ ਹੈ। ਇਸ ਢੰਗ ਨਾਲ 1.5X4.0 ਮੀਟਰ ਦੇ ਫ਼ਾਸਲੇ ’ਤੇ 666 ਬੂਟੇ ਪ੍ਰਤੀ ਏਕੜ ਲਾਏ ਜਾ ਸਕਦੇ ਹਨ। ਇਸ ਢੰਗ ਨਾਲ ਕੀਤੀ ਸੁਧਾਈ ਕਰਨ ਨਾਲ ਅੰਗੂਰਾਂ ਦੀ ਗੁਣਵੱਤਾ ਸੁਧਾਰ ਹੁੰਦੀ ਹੈ ਅਤੇ ਪਕਾਈ ਵੀ ਇਕ ਹਫ਼ਤਾ ਪਹਿਲਾਂ ਹੋ ਜਾਂਦੀ ਹੈ।

ਅਨਾਰ, ਫ਼ਾਲਸਾ ਅਤੇ ਅੰਜੀਰ ਦੀ ਸਿਧਾਈ ਅਤੇ ਕਾਂਟ-ਛਾਂਟ

ਅਨਾਰ ਦੇ ਪੌਦਿਆਂ ਦਾ 30 ਸੈਂਟੀਮੀਟਰ ਦੀ ਉੱਚਾਈ ਤੱਕ ਇੱਕੋ ਤਣਾ ਰੱਖੋ ਅਤੇ ਮੁੱਢਲੀਆਂ ਸ਼ਾਖਾਂਵਾਂ ਜੋ ਜ਼ਮੀਨ ’ਤੇ ਲੱਗਦੀਆਂ ਹੋਣ ਉਨ੍ਹਾਂ ਨੂੰ ਲਗਾਤਾਰ ਕੱਟਦੇ ਰਹੋ। ਸੁੱਕੀਆਂ, ਬਿਮਾਰੀ ਅਤੇ ਆਪਸ ਵਿੱਚ ਫਸਦੀਆਂ ਟਾਹਣੀਆਂ ਨੂੰ ਕੱਟਦੇ ਰਹੋ ਅਤੇ ਮੁੱਖ ਤਣੇ ਤੋਂ ਨਿੱਕਲੇ ਪੜਸੂੰਏ ਵੀ ਕਟਦੇ ਰਹੋ। ਫ਼ਾਲਸੇ ਦੇ ਬੂਟਿਆਂ ਦੀ ਕਾਂਟ-ਛਾਂਟ ਵੀ ਹਰ ਸਾਲ ਜਨਵਰੀ-ਫ਼ਰਵਰੀ ਵਿੱਚ ਧਰਤੀ ਦੇ ਬਰਾਬਰ ਕਰੋ, ਪਰ ਜੇ ਬੂਟੇ ਦੀ ਸਿਧਾਈ ਇੱਕ ਮੀਟਰ ’ਤੇ ਕੀਤੀ ਹੋਵੇ ਤਾਂ ਉਸ ਦੀ ਕਾਂਟ-ਛਾਂਟ ਹਰ ਸਾਲ ਉਸੇ ਉਚਾਈ ’ਤੇ ਕਰੋ। ਅੰਜ਼ੀਰ ਦੇ ਬੂਟਿਆਂ ਦੀ ਸਿਧਾਈ ‘ਸੁਧਰੇ ਮੁੱਢ’ ਢੰਗ ਨਾਲ ਕੀਤੀ ਜਾਂਦੀ ਹੈ ਅਤੇ ਸਿਧਾਈ ਦਾ ਕੰਮ ਬੂਟੇ ਲਗਾਉਣ ਤੋਂ ਤਿੰਨ ਚਾਰ ਸਾਲ ਅੰਦਰ ਪੂਰਾ ਕਰ ਲਿਆ ਜਾਂਦਾ ਹੈ, ਕਿਉਂਕਿ ਅੰਜ਼ੀਰ ਦਾ ਫਲ ਚਾਲੂ ਮੌਸਮ ਦੌਰਾਨ ਫੁੱਟੀਆਂ-ਨਵੀਆਂ ਸ਼ਾਖਾਂ ਦੇ ਪੱਤਿਆਂ ਦੇ ਧੁਰੇ ਵਿੱਚ ਲੱਗਦਾ ਹੈ। ਇਸ ਲਈ ਸਰਦੀਆਂ ਵਿੱਚ ਹਲਕੀ ਕਾਂਟ-ਛਾਂਟ ਨਾਲ ਨਵੀਆਂ ਸ਼ਾਖਾਵਾਂ ਜ਼ਿਆਦਾ ਬਣਦੀਆਂ ਹਨ ਅਤੇ ਭਰਪੂਰ ਫਲ ਲੱਗਦਾ ਹੈ।
*ਫਲ ਵਿਗਿਆਨ ਵਿਭਾਗ, ਪੀਏਯੂ।

Advertisement