ਸੀਟੀਯੂ ਬੱਸ ਤੇ ਗੱਡੀ ਵਿੱਚ ਟੱਕਰ; ਤਿੰਨ ਜ਼ਖ਼ਮੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਸਤੰਬਰ
ਚੰਡੀਗੜ੍ਹ-ਮੁਹਾਲੀ ਦੀ ਸਰਹੱਦ ’ਤੇ ਪੈਂਦੇ ਸੈਕਟਰ-51/52 ਲਾਈਟ ਪੁਆਇੰਟ ’ਤੇ ਅੱਜ ਸਵੇਰੇ ਸੀਟੀਯੂ ਦੀ ਬੱਸ ਅਤੇ ਮਹਿੰਦਰਾ ਪਿਕ ਅੱਪ ਵਿਚਕਾਰ ਟੱਕਰ ਹੋ ਗਈ ਹੈ। ਇਸ ਕਾਰਨ ਮਹਿੰਦਰਾ ਪਿਕਅੱਪ ਪਲਟ ਗਈ ਅਤੇ ਉਸ ਵਿੱਚ ਲੱਦਿਆ ਸ਼ਟਰਿੰਗ ਦਾ ਸਾਮਾਨ ਸੜਕ ’ਤੇ ਖਿੰਡ ਗਿਆ ਹੈ। ਦੂਜੇ ਪਾਸੇ, ਬੱਸ ਵੀ ਸੰਤੁਲਨ ਗੁਆਉਣ ਕਰ ਕੇ ਟਰੈਫਿਕ ਲਾਈਟ ਦਾ ਖੰਭਾ ਤੋੜਦੇ ਹੋਏ ਡਿਵਾਈਡਰ ਨਾਲ ਜਾ ਟਕਰਾਈ। ਇਸ ਕਾਰਨ ਬੱਸ ਚਾਲਕ, ਕੰਡਕਟਰ ਤੇ ਗੱਡੀ ਚਾਲਕ ਤਿੰਨੋਂ ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸੈਕਟਰ-32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉੱਧਰ, ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-36 ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ 6.30 ਵਜੇ ਦੇ ਕਰੀਬ ਚੰਡੀਗੜ੍ਹ ਵਿੱਚ ਮੀਂਹ ਪੈ ਰਿਹਾ ਸੀ। ਉਸੇ ਦੌਰਾਨ ਸੈਕਟਰ-51/52 ਲਾਈਟ ਪੁਆਇੰਟ ’ਤੇ ਸੀਟੀਯੂ ਬੱਸ ਤੇ ਮਹਿੰਦਰਾ ਪਿਕਅੱਪ ਵਿਚਕਾਰ ਟੱਕਰ ਹੋ ਗਈ। ਇਸ ਦੌਰਾਨ ਮਹਿੰਦਰਾ ਪਿਕਅੱਪ ਪਲਟ ਗਈ। ਇਸ ਘਟਨਾ ਦੌਰਾਨ ਜ਼ਖ਼ਮੀਆਂ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਬਾਅਦ ਦੁਪਹਿਰ ਬੱਸ ਚਾਲਕ ਤੇ ਕੰਡਕਟਰ ਨੂੰ ਇਲਾਜ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ ਹੈ। ਗੱਡੀ ਚਾਲਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਚਲਾ ਗਿਆ। ਚੰਡੀਗੜ੍ਹ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।