ਮੋਰਿੰਡਾ ਖੰਡ ਮਿੱਲ ਦਾ ਪਿੜਾਈ ਸੀਜ਼ਨ ਸ਼ੁਰੂ
ਸੰਜੀਵ ਤੇਜਪਾਲ
ਮੋਰਿੰਡਾ, 3 ਦਸੰਬਰ
ਸ਼ੂਗਰ ਮਿੱਲ ਮੋਰਿੰਡਾ ਦਾ ਸਾਲ 2024-25 ਦਾ ਪਿੜ੍ਹਾਈ ਸੀਜ਼ਨ ਸ਼ੁਰੂ ਹੋ ਗਿਆ ਹੈ। ਮਿੱਲ ਚਾਲੂ ਕਰਨ ਤੋਂ ਪਹਿਲਾਂ ਮਿੱਲ ਦੇ ਗੁਰਦੁਆਰੇ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਰੂਪਨਗਰ ਦੇ ਡੀਸੀ ਹਿਮਾਂਸ਼ੂ ਜੈਨ ਅਤੇ ਮਿੱਲ ਦੇ ਸਾਬਕਾ ਡਾਇਰੈਕਟਰਾਂ ਸਣੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਮਿੱਲ ਮੈਨੇਜਮੈਂਟ ਅਤੇ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਸਨਮਾਨਿਆ ਗਿਆ।
ਵਿਧਾਇਕ ਨੇ ਕਿਹਾ ਕਿ ਮੋਰਿੰਡਾ ਸ਼ੂਗਰ ਮਿੱਲ ਆਲੇ-ਦੁਆਲੇ ਦੇ ਚਾਰ ਜ਼ਿਲ੍ਹਿਆਂ ਦੇ ਕਿਸਾਨਾਂ, ਖ਼ਾਸਕਰ ਗੰਨਾ ਉਤਪਾਦਕਾਂ ਲਈ ਵਰਦਾਨ ਹੈ। ਇਸ ਮਿੱਲ ਨੇ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਨਾਲ-ਨਾਲ ਸ਼ਹਿਰ ਦੇ ਲੋਕਾਂ ਦੇ ਵਪਾਰ ਵਿੱਚ ਵੀ ਵਾਧਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਡਾਕਟਰ ਚਰਨਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਸ਼ੂਗਰ ਮਿੱਲ ਮੋਰਿੰਡਾ ਦੀ 25 ਏਕੜ ਜ਼ਮੀਨ ਵਿੱਚ ਇੱਕ ਹੋਰ ਪ੍ਰਾਜੈਕਟ ਲਾਉਣ ਲਈ ਪੰਜਾਬ ਸਰਕਾਰ ਨੂੰ ਤਜਵੀਜ਼ ਬੜੀ ਜਲਦੀ ਭੇਜੀ ਜਾ ਰਹੀ ਹੈ। ਇਸ ਮੌਕੇ ਡੀਸੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਮੋਰਿੰਡਾ-ਰੋਪੜ ਸੜਕ ਵਿੱਚ ਪਏ ਖੱਡਿਆਂ ਦੀ ਮੁਰੰਮਤ ਦੇ ਹੁਕਮ ਦਿੱਤੇ ਗਏ ਹਨ। ਮਿੱਲ ਦੇ ਜਨਰਲ ਮੈਨੇਜਰ ਅਰਵਿੰਦਰ ਪਾਲ ਸਿੰਘ ਕੈਰੋਂ ਤੋਂ ਇਲਾਵਾ ਵੱਡੀ ਗਿਣਤੀ ਪਤਵੰਤੇ ਮੌਜੂਦ ਸਨ।