ਕਰੂਜ਼ਰ ਗੱਡੀ ਨਹਿਰ ’ਚ ਡਿੱਗੀ; 9 ਮੌਤਾਂ ਤੇ ਤਿੰਨ ਲਾਪਤਾ
ਨਿਰੰਜਣ ਬੋਹਾ/ਕੁਲਭੂਸ਼ਨ ਕੁਮਾਰ ਬਾਂਸਲ/ਭੁਪਿੰਦਰ ਪੰਨੀਵਾਲੀਆ
ਬੋਹਾ/ਰਤੀਆ/ਕਾਲਾਂਵਾਲੀ, 1 ਫਰਵਰੀ
ਪੰਜਾਬ ਦੇ ਫਾਜ਼ਿਲਕਾ ਤੋਂ ਵਿਆਹ ਤੋਂ ਪਰਤ ਰਹੇ ਕੁਝ ਪਰਿਵਾਰਾਂ ਦੀ ਕਰੂਜ਼ਰ ਗੱਡੀ ਲੰਘੀ ਦੇਰ ਰਾਤ ਸੰਘਣੀ ਧੁੰਦ ’ਚ ਭਾਖੜਾ ਨਹਿਰ ਵਿੱਚ ਡਿੱਗਣ ਕਾਰਨ 9 ਜਣਿਆਂ ਦੀ ਮੌਤ ਹੋ ਗਈ। ਹਾਦਸੇ ਸਮੇਂ ਗੱਡੀ ’ਚ 14 ਜਣੇ ਸਵਾਰ ਸਨ, ਜਿਨ੍ਹਾਂ ’ਚੋਂ ਦੋ ਸੁਰੱਖਿਅਤ ਕੱਢ ਲਏ ਗਏ, ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੰਜਾਬ ਦੇ ਪਿੰਡ ਰਿਉਂਦ ਕਲਾਂ, ਪਿੰਡ ਸਸਪਾਲੀ ਅਤੇ ਹਰਿਆਣਾ ਦੇ ਪਿੰਡ ਮਹਿਮੜਾ ਦੇ ਕੁਝ ਪਰਿਵਾਰ ਆਪਣੇ ਜਲਾਲਾਬਾਦ ’ਚ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਤੋਂ ਦੇਰ ਰਾਤ ਵਾਪਸ ਆ ਰਹੇ ਸਨ ਕਿ ਪਿੰਡ ਸਰਦਾਰੇਵਾਲਾ ਨੇੜੇ ਉਨ੍ਹਾਂ ਦੀ ਕਰੂਜ਼ਰ ਗੱਡੀ ਭਾਖੜਾ ਨਹਿਰ ਵਿੱਚ ਜਾ ਡਿੱਗੀ। ਪਿੰਡ ਰਿਉਂਦ ਕਲਾਂ ਦਾ ਜਰਨੈਲ ਸਿੰਘ ਕਿਸੇ ਤਰ੍ਹਾਂ ਨਹਿਰ ’ਚੋਂ ਬਾਹਰ ਨਿਕਲ ਆਇਆ ਅਤੇ ਅਰਮਾਨ ਨਾਂ ਦੇ ਬੱਚੇ ਨੂੰ ਲੋਕਾਂ ਨੇ ਕੁਝ ਸਮੇਂ ਬਾਅਦ ਬਚਾਅ ਲਿਆ। ਬਚਾਅ ਟੀਮ ਨੇ ਰਾਤ 12 ਵਜੇ ਦੇ ਕਰੀਬ ਗੱਡੀ ਨਹਿਰ ਵਿੱਚੋਂ ਬਾਹਰ ਕੱਢੀ, ਜਿਸ ਵਿਚ ਬਲਵੀਰ ਸਿੰਘ ਮਿਲਿਆ। ਉਸ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੁਝ ਲਾਸ਼ਾਂ ਕਾਲੂਆਣਾ ਮਾਈਨਰ, ਪਿੰਡ ਕੁਰੰਗਾਂਵਾਲੀ ਨੇੜੇ ਮਾਈਨਰ ਤੇ ਪਿੰਡ ਦਾਦੂ-ਪੱਕਾ ਸ਼ਹੀਦਾਂ ਵਿਚਕਾਰ ਭਾਖੜਾ ਨਹਿਰ ਵਿੱਚੋਂ ਮਿਲੀਆਂ ਹਨ। ਰਤੀਆ ਦੇ ਐੱਸਡੀਐੱਮ ਜਗਦੀਸ਼ ਚੰਦਰ ਅਤੇ ਸਦਰ ਥਾਣਾ ਰਤੀਆ ਦੇ ਇੰਚਾਰਜ ਰਾਜਵੀਰ ਸਿੰਘ ਸਮੇਤ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇਰ ਰਾਤ ਤੱਕ ਬਚਾਅ ਕਾਰਜਾਂ ’ਚ ਲੱਗੇ ਹੋਏ ਸਨ। ਜ਼ਖਮੀ ਅਰਮਾਨ (11 ਸਾਲ) ਨੂੰ ਰਤੀਆ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਰਨੈਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਪੰਜਾਬ ਦੇ ਪਿੰਡ ਲਾਧੂਕੇ (ਜਲਾਲਾਬਾਦ) ਵਿੱਚ ਵਿਆਹ ਸਮਾਗਮ ਵਿੱਚ ਗਏ ਹੋਏ ਸਨ। ਉਸ ਨੇ ਦੱਸਿਆ ਕਿ ਰਾਤ ਨੂੰ ਸੰਘਣੀ ਧੁੰਦ ਕਾਰਨ ਨਹਿਰ ਦਿਖਾਈ ਨਹੀਂ ਦਿੱਤੀ। ਥਾਣਾ ਮੁਖੀ ਰਾਜਵੀਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਖੁਦ ਨਹਿਰ ਵਿਚੋਂ ਬਾਹਰ ਨਿਕਲ ਆਇਆ ਅਤੇ ਬੱਚੇ ਅਰਮਾਨ ਨੂੰ ਪਿੰਡ ਵਾਸੀਆਂ ਤੇ ਰੈਸਕਿਊ ਟੀਮ ਦੀ ਮਦਦ ਨਾਲ ਨਹਿਰ ’ਚੋਂ ਬਾਹਰ ਕੱਢਿਆ ਗਿਆ। ਮ੍ਰਿਤਕਾਂ ਦੀ ਪਛਾਣ ਬਲਬੀਰ ਸਿੰਘ ਪੁੱਤਰ ਬੱਗਾ ਸਿੰਘ, ਛਿੰਦਰ ਸਿੰਘ ਪੁੱਤਰ ਵਧਾਵਾ ਸਿੰਘ (ਡਰਾਈਵਰ) ਵਾਸੀ ਮਹਿਮੜਾ, ਝੰਡੋ ਬਾਈ ਪਤਨੀ ਬਾਜ ਸਿੰਘ, ਛੀਰਾਂ ਬਾਈ ਪਿੰਡ ਸਸਪਾਲੀ, ਜਗੀਰੋ ਬਾਈ ਪਤਨੀ ਅੰਗਰੇਜ਼ ਸਿੰਘ ਵਾਸੀ ਮਹਿਮੜਾ, ਸਹਿਜ (ਇਕ ਸਾਲ ਦਾ ਬੱਚਾ) ਪੁੱਤਰ ਰਵਿੰਦਰ ਸਿੰਘ, ਕੰਤੋ ਬਾਈ ਵਾਸੀ ਫਤਿਹਪੁਰ (ਪੰਜਾਬ), ਸਜਨਾ ਪੁੱਤਰੀ ਜਸਵਿੰਦਰ ਸਿੰਘ ਤੇ ਰਵਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਮਹਿਮੜਾ ਵਜੋਂ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਇਕ ਸਾਲ ਦੇ ਬੱਚੇ ਸਹਿਜ ਸਮੇਤ ਨੌਂ ਲਾਸ਼ਾਂ ਮਿਲ ਚੁੱਕੀਆਂ ਹਨ ਜਦਕਿ ਜਸਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰਿਉਂਦ ਕਲਾਂ, ਤਾਰੋ ਬਾਈ ਪਤਨੀ ਚੰਦ ਸਿੰਘ ਵਾਸੀ ਮਹਿਮੜਾ ਤੇ ਲਖਵਿੰਦਰ ਕੌਰ ਪਤਨੀ ਰਵਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਸੀ।