ਕਰੂਜ਼ਰ ਹਾਦਸਾ: ਰਿਉਂਦ ਕਲਾਂ ਵਾਸੀਆਂ ਵੱਲੋਂ ਹਰਿਆਣਾ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਜੋਗਿੰਦਰ ਸਿੰਘ ਮਾਨ
ਮਾਨਸਾ, 2 ਫਰਵਰੀ
ਜ਼ਿਲ੍ਹਾ ਮਾਨਸਾ ਦੇ ਪਿੰਡ ਰਿਉਂਦ ਕਲਾਂ ਵਿੱਚ ਅੱਜ ਹਰਿਆਣਾ ਸਰਕਾਰ ਖ਼ਿਲਾਫ਼ ਪਿੰਡ ਦੇ ਲੋਕਾਂ ਨੇ ਰੋਸ ਮੁਜ਼ਾਹਰਾ ਕੀਤਾ। ਪਿੰਡ ਰਿਉਂਦ ਕਲਾਂ ਵਿੱਚ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਪੰਚ ਜਸਵਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਜੇ ਰੇਲਿੰਗ ਲਗਾ ਕੇ ਪੁਲ ਦੀਆਂ ਖਾਮੀਆਂ ਪੂਰੀਆਂ ਕੀਤੀਆਂ ਹੁੰਦੀਆਂ ਤਾਂ ਇਹ ਹਾਦਸਾ ਨਾ ਵਾਪਰਦਾ।
ਉਨ੍ਹਾਂ ਕਿਹਾ ਕਿ ਭਾਖੜਾ ਨਹਿਰ ਵਿੱਚ ਡਿੱਗੀ ਕਰੂਜ਼ਰ ਵਿੱਚ ਸਵਾਰ 14 ਵਿਅਕਤੀਆਂ ਵਿੱਚੋਂ ਸਿਰਫ਼ ਤਿੰਨ ਹੀ ਬਚ ਸਕੇ ਹਨ ਅਤੇ ਕੁੱਝ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਜਦਕਿ ਕੁਝ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਸਰਦਾਰੇਵਾਲਾ ਪੁਲ ’ਤੇ ਪਿਛਲੇ ਲੰਬੇ ਸਮੇਂ ਤੋਂ ਰੇਲਿੰਗ ਨਾ ਹੋਣਾ ਅਤੇ ਸੜਕ ਅਤੇ ਪੁਲ ਦਾ ਮਿਲਾਨ ਠੀਕ ਨਾ ਹੋਣ ਕਾਰਨ ਕਈ ਦੁਰਘਟਨਾਵਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਹਾਦਸੇ ’ਚ ਹਰਿਆਣਾ ਦਾ ਕੋਈ ਵੀ ਅਧਿਕਾਰੀ ਜਾਂ ਮੰਤਰੀ ਨਾ ਤਾਂ ਮੌਕੇ ’ਤੇ ਪਹੁੰਚਿਆ ਅਤੇ ਨਾ ਹੀ ਪੀੜਤ ਪਰਿਵਾਰਾਂ ਦੀ ਹਮਦਰਦੀ ਲਈ ਹਾਅ ਦਾ ਨਾਅਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਐੱਸਡੀਐੱਮ ਰਤੀਆ ਹੀ ਆਪਣੀ ਡਿਊਟੀ ਨਿਭਾ ਰਹੇ ਸਨ।
ਇਸ ਹਾਦਸੇ ਵਿੱਚ ਰਿਉਂਦ ਕਲਾਂ ਦੇ ਜਸਵਿੰਦਰ ਸਿੰਘ, ਗੁਰਵਿੰਦਰ ਕੌਰ ਤੇ ਸੰਜਨਾ ਦੇ ਪਰਿਵਾਰ ਨੂੰ ਹਰਿਆਣਾ ਸਰਕਾਰ 10 ਲੱਖ ਰੁਪਏ ਵਿੱਤੀ ਸਹਾਇਤਾ ਦਾ ਐਲਾਨ ਕਰੇ ਅਤੇ ਪੰਜਾਬ ਸਰਕਾਰ ਵੀ ਪੀੜਤ ਪਰਿਵਾਰ ਦੀ ਮਾਲੀ ਮਦਦ ਕਰੇ। ਉਨ੍ਹਾਂ ਦੱਸਿਆ ਕਿ ਪਿੰਡ ਦਾ ਇੱਕ ਵਫ਼ਦ ਡੀਸੀ ਮਾਨਸਾ ਅਤੇ ਫਤਿਹਾਬਾਦ ਨੂੰ ਮਿਲ ਕੇ ਮੰਗ ਪੱਤਰ ਸੌਂਪੇਗਾ।
ਉਨ੍ਹਾਂ ਕਿਹਾ ਕਿ ਜੇ ਮੰਗ ਪੱਤਰ ’ਤੇ ਸਰਕਾਰਾਂ ਨੇ ਗੌਰ ਨਾ ਕੀਤਾ ਤਾਂ ਉਹ ਹਰਿਆਣਾ-ਪੰਜਾਬ ਦਾ ਬਾਰਡਰ ਰੋਡ ਨੂੰ ਬੰਦ ਕਰ ਕੇ ਧਰਨਾ ਲਗਾਉਣ ’ਚ ਵੀ ਪਿੱਛੇ ਨਹੀਂ ਹਟਣਗੇ।
ਇਸ ਮੌਕੇ ਅਮਰੀਕ ਸਿੰਘ ਅਲਾਟੀ, ਪੰਚ ਗੁਰਚਰਨ ਸਿੰਘ, ਪੰਚ ਕਾਲਾ ਸਿੰਘ, ਸਾਬਕਾ ਸਰਪੰਚ ਅੰਗਰੇਜ਼ ਸਿੰਘ, ਬਲਵਿੰਦਰ ਸਿੰਘ ਵਿਰਕ, ਨਛੱਤਰ ਸਿੰਘ, ਰੌਣਕੀ ਰਾਮ ਤੇ ਹਰਦੀਪ ਸਿੰਘ ਮੌਜੂਦ ਸਨ।
ਨਾਈਲੋਨ ਦੀ ਜੈਕੇਟ ਨੇ ਬਚਾਈ ਅਰਮਾਨ ਦੀ ਜਾਨ
ਟੋਹਾਣਾ (ਗੁਰਦੀਪ ਸਿੰਘ ਭੱਟੀ): ਧੁੰਦ ਕਾਰਨ ਭਾਖੜਾ ਨਹਿਰ ਵਿੱਚ ਬੀਤੇ ਦਿਨ ਡਿੱਗੀ ਕਰੂਜ਼ਰ ਗੱਡੀ ’ਚੋਂ ਬਚਣ ਵਾਲੇ ਦਸ ਸਾਲਾ ਅਰਮਾਨ ਦੀ ਦਾਸਤਾਨ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਪੀੜਤ ਪਰਿਵਾਰ ਦੇ ਕਰੀਬੀ ਰਿਸ਼ਤੇਦਾਰ ਮੇਲਾ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੱਡੀ ਨੂੰ ਲੱਗੇ ਝਟਕੇ ਦੌਰਾਨ ਅਗਲਾ ਸ਼ੀਸ਼ਾ ਟੁੱਟ ਗਿਆ। ਇਸ ਦੌਰਾਨ ਗੱਡੀ ਪਾਣੀ ਵਿੱਚ ਡਿੱਗਣ ਤੋਂ ਪਹਿਲਾਂ ਹੀ ਅਰਮਾਨ ਉੱਛਲ ਕੇ ਨਹਿਰ ਵਿੱਚ ਜਾ ਡਿੱਗਿਆ। ਉਸ ਨੇ ਨਾਈਲੋਨ ਵਾਲੀ ਜੈਕੇਟ ਪਾਈ ਹੋਈ ਸੀ ਜਿਸ ਨੇ ਲਾਈਫ਼ ਜੈਕੇਟ ਬਣ ਕੇ ਉਸ ਦੀ ਜਾਨ ਬਚਾਈ। ਅਰਮਾਨ ਕਾਫ਼ੀ ਦੇਰ ਪਾਣੀ ਵਿੱਚ ਰੁੜ੍ਹਦਾ ਰਿਹਾ ਤੇ ਅਚਾਨਕ ਉਸ ਦਾ ਹੱਥ ਪੱਕੀ ਨਹਿਰ ਵਿੱਚ ਉੱਗੇ ਘਾਹ ਤੇ ਬੂਟਿਆਂ ਨੂੰ ਪੈ ਗਿਆ। ਇਸ ਦੌਰਾਨ ਉਹ ਖੁਦ ਹੀ ਨਹਿਰ ਵਿੱਚੋਂ ਬਾਹਰ ਨਿਕਲ ਕੇ ਕੰਢੇ ’ਤੇ ਆ ਰਿਹਾ ਸੀ ਕਿ ਅੱਗੋਂ ਪੁਲੀਸ ਟੀਮ ਤੇ ਨਿਗਰਾਨੀ ਕਰ ਰਹੇ ਲੋਕਾਂ ਦੀ ਨਜ਼ਰ ਪੈਣ ’ਤੇ ਅਰਮਾਨ ਨੇ ਸਭ ਤੋਂ ਪਹਿਲਾਂ ਆਪਣੀ ਜੁੜਵਾਂ ਭੈਣ ਸੰਜਨਾ, ਪਿਤਾ ਜਸਵਿੰਦਰ ਸਿੰਘ ਤੇ ਮਾਂ ਰਾਵਿੰਦਰ ਕੌਰ ਬਾਰੇ ਪੁੱਛਿਆ। ਅਰਮਾਨ ਦਾ ਹੌਸਲਾ ਬਣਾਉਣ ਲਈ ਰਾਹਗੀਰਾਂ ਅਤੇ ਪੁਲੀਸ ਮੁਲਾਜ਼ਮਾਂ ਨੇ ਆਖਿਆ ਕਿ ‘ਉਹ ਠੀਕ ਹਨ। ਬਸ, ਤੇਰੀ ਭਾਲ ਲਈ ਅਸੀਂ ਇੱਧਰ ਨਹਿਰ ’ਤੇ ਨਿਗਰਾਨੀ ਲਈ ਨਿਕਲੇ ਸਾਂ।’ ਅਰਮਾਨ ਜੁੜਵਾਂ ਭੈਣ ਸੰਜਨਾ ਦਾ ਭਰਾ ਹੈ। ਇਸ ਹਾਦਸੇ ਵਿੱਚ ਸੰਜਨਾ ਸਣੇ ਉਸ ਦੀ ਮਾਤਾ ਰਾਵਿੰਦਰ ਕੌਰ ਤੇ ਪਿਤਾ ਜਸਵਿੰਦਰ ਸਿੰਘ ਉਸ ਤੋਂ ਸਦਾ ਲਈ ਵਿਛੜ ਗਏ ਹਨ।