ਕਰੂਜ਼ਰ ਹਾਦਸਾ: ਹਿਸਾਰ ਮੰਡਲ ਕਮਿਸ਼ਨਰ ਅਤੇ ਡੀਸੀ ਵੱਲੋਂ ਮੌਕੇ ਦਾ ਦੌਰਾ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 4 ਫਰਵਰੀ
ਹਿਸਾਰ ਮੰਡਲ ਕਮਿਸ਼ਨਰ ਏ.ਸ੍ਰੀਨਿਵਾਸ ਅਤੇ ਡੀਸੀ ਮਨਦੀਪ ਕੌਰ ਨੇ ਸਰਦਾਰੇਵਾਲਾ ਭਾਖੜਾ ਪੁਲ ’ਤੇ ਹੋਈ ਦੁਰਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ ਅਤੇ ਰਾਹਤ ਅਤੇ ਬਚਾਅ ਕਾਰਜਾਂ ਦੀ ਸਮਿਖਿਆ ਕੀਤੀ। ਇਸ ਦੌਰਾਨ ਮੰਡਲ ਕਮਿਸ਼ਨਰ ਨੇ ਪਿੰਡ ਮਹਿਮੜਾ ਪਹੁੰਚ ਕੇ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਜ਼ਿਕਰਯੋਗ ਹੈ ਕਿ ਪਿੰਡ ਖਾਈ ਅਤੇ ਸਰਦਾਰੇਵਾਲਾ ਵਿਚਕਾਰ ਭਾਖੜਾ ਨਹਿਰ ਦੇ ਪੁਲ ਦੀ ਪਟੜੀ ’ਤੇ ਸੁਰੱਖਿਆ ਦੀਵਾਰ ਨਾ ਹੋਣ ਕਾਰਨ ਸ਼ੁੱਕਰਵਾਰ ਰਾਤ ਕਰੂਜ਼ਰ ਗੱਡੀ ਭਾਖੜਾ ਵਿੱਚ ਡਿੱਗ ਪਈ ਸੀ, ਜਿਸ ਕਾਰਨ 12 ਲੋਕ ਪਾਣੀ ਵਿੱਚ ਵਹਿ ਗਏ ਸਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਜਿੱਥੇ ਜ਼ਰੂਰਤ ਹੈ ਉਨ੍ਹਾਂ ਦੇ ਮੁਤਾਬਕ ਬੀਐੱਮਬੀ (ਭਾਖੜਾ ਮੇਨ ਬ੍ਰਾਂਚ) ਦੇ ਪੁਲਾਂ ਉੱਤੇ ਰੇਲਿੰਗ ਲਗਾਉਣ ਦਾ ਫ਼ੈਸਲਾ ਲਿਆ ਹੈ। ਇਸ ਕਾਰਜ ਨੂੰ ਛੇਤੀ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਸਿੰਜਾਈ ਵਿਭਾਗ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਨਤਾ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਤੇਜ਼ੀ ਨਾਲ ਇਸ ਯੋਜਨਾ ਉੱਤੇ ਕੰਮ ਕਰੇਗੀ। ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਇਹ ਕਾਰਜ ਜਲਦੀ ਪੂਰਾ ਕੀਤਾ ਜਾਵੇਗਾ। ਡੀਸੀ ਮਨਦੀਪ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਅਤੇ ਜਖ਼ਮੀਆਂ ਨੂੰ 1 ਲੱਖ ਦੀ ਸਹਾਇਤਾ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ ਹੈ। ਇਸ ਤੋਂ ਇਲਾਵਾ ਸਰਕਾਰ ਵਲੋਂ ਪੀੜਤ ਪਰਿਵਾਰਾਂ ਨੂੰ ਹੋਰ ਜ਼ਰੂਰੀ ਸਹਾਇਤਾ ਵੀ ਦਿੱਤੀ ਜਾਵੇਗੀ। ਇਸ ਮੌਕੇ ਐੱਸਡੀਐਮ ਜਗਦੀਸ਼ ਚੰਦਰ, ਡੀਐੱਸਪੀ ਜੈਪਾਲ ਸਿੰਘ, ਡੀਆਰਓ ਸ਼ਿਆਮ ਲਾਲ ਹਾਜ਼ਰ ਸਨ।