ਦਹਿਸ਼ਤੀ ਹਮਲੇ ’ਚ ਸੀਆਰਪੀਐੱਫ ਇੰਸਪੈਕਟਰ ਸ਼ਹੀਦ
* ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਦੇ ਐਲਾਨ ਮਗਰੋਂ ਹੋਇਆ ਹਮਲਾ
ਜੰਮੂ, 19 ਅਗਸਤ
ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ’ਚ ਇਕ ਗਸ਼ਤੀ ਪਾਰਟੀ ’ਤੇ ਦਹਿਸ਼ਤਗਰਦਾਂ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਸੀਆਰਪੀਐੱਫ ਦਾ ਇੰਸਪੈਕਟਰ ਕੁਲਦੀਪ ਕੁਮਾਰ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਬਸੰਤਗੜ੍ਹ ਦੇ ਅਧਿਕਾਰ ਖੇਤਰ ’ਚ ਪੈਂਦੇ ਡੁਡੂ ਪੁਲੀਸ ਸਟੇਸ਼ਨ ਤਹਿਤ ਚਿੱਲ ਇਲਾਕੇ ’ਚ ਦੁਪਹਿਰ ਬਾਅਦ ਸਾਢੇ 3 ਵਜੇ ਦੇ ਕਰੀਬ ਦਹਿਸ਼ਤਗਰਦਾਂ ਨੇ ਸੀਆਰਪੀਐੱਫ ਅਤੇ ਵਿਸ਼ੇਸ਼ ਅਪਰੇਸ਼ਨਸ ਗਰੁੱਪ (ਐੱਸਓਜੀ) ਦੇ ਜਵਾਨਾਂ ’ਤੇ ਗੋਲੀਆਂ ਚਲਾਈਆਂ। ਹਮਲੇ ਮਗਰੋਂ ਦਹਿਸ਼ਤਗਰਦ ਫ਼ਰਾਰ ਹੋ ਗਏ। ਜਵਾਨਾਂ ਵੱਲੋਂ ਦਹਿਸ਼ਤਗਰਦਾਂ ਦੀ ਭਾਲ ਕੀਤੀ ਜਾ ਰਹੀ ਹੈ।
ਜੰਮੂ ਕਸ਼ਮੀਰ ’ਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਹਮਲਾ ਹੋਇਆ ਹੈ। ਚੋਣ ਕਮਿਸ਼ਨ ਨੇ ਜੰਮੂ ਕਸ਼ਮੀਰ ’ਚ ਤਿੰਨ ਗੇੜਾਂ 18 ਸਤੰਬਰ, 25 ਸਤੰਬਰ ਅਤੇ ਪਹਿਲੀ ਅਕਤੂਬਰ ਨੂੰ ਵੋਟਿੰਗ ਅਤੇ 4 ਅਕਤੂਬਰ ਨੂੰ ਗਿਣਤੀ ਦਾ ਐਲਾਨ ਕੀਤਾ ਹੈ। ਪੰਜ ਕੁ ਦਿਨ ਪਹਿਲਾਂ ਡੋਡਾ ਜ਼ਿਲ੍ਹੇ ’ਚ ਦਹਿਸ਼ਤਗਰਦਾਂ ਨਾਲ ਮੁਕਾਬਲੇ ਦੌਰਾਨ ਫੌਜ ਦਾ ਕੈਪਟਨ ਸ਼ਹੀਦ ਹੋ ਗਿਆ ਸੀ ਅਤੇ ਇਕ ਦਹਿਸ਼ਤਗਰਦ ਮਾਰਿਆ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਹਮਲੇ ਦੌਰਾਨ ਇਕ ਗੋਲੀ 187ਵੀਂ ਬਟਾਲੀਅਨ ਦੀ ਜੀ ਕੰਪਨੀ ਨਾਲ ਸਬੰਧਤ ਸੀਆਰਪੀਐੱਫ ਇੰਸਪੈਕਟਰ ਕੁਲਦੀਪ ਕੁਮਾਰ ਦੇ ਲੱਗੀ ਜਿਸ ਨੇ ਹਸਪਤਾਲ ਲਿਜਾਂਦੇ ਸਮੇਂ ਰਾਹ ’ਚ ਦਮ ਤੋੜ ਦਿੱਤਾ। ਊਧਮਪੁਰ ਪੁਲੀਸ ਨੇ ਇਸ ਘਟਨਾ ਬਾਰੇ ਜਾਣਕਾਰੀ ਆਪਣੇ ‘ਐਕਸ’ ਹੈਂਡਲ ’ਤੇ ਪੋਸਟ ਕੀਤੀ ਹੈ। ਇਸ ’ਚ ਕਿਹਾ ਗਿਆ, ‘‘ਗਸ਼ਤ ਦੌਰਾਨ ਦਹਿਸ਼ਤਗਰਦਾਂ ਅਤੇ ਜੰਮੂ ਕਸ਼ਮੀਰ ਪੁਲੀਸ ਤੇ ਸੀਆਰਪੀਐੱਫ ਦੀਆਂ ਸਾਂਝੀਆਂ ਟੀਮਾਂ ਦਰਮਿਆਨ ਗੋਲੀਬਾਰੀ ਹੋਈ। ਮੁਕਾਬਲੇ ’ਚ ਸੀਆਰਪੀਐੱਫ ਦੇ ਇਕ ਇੰਸਪੈਕਟਰ ਨੂੰ ਗੋਲੀ ਲੱਗੀ ਜੋ ਸ਼ਹੀਦ ਹੋ ਗਿਆ।’’ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਵੱਲੋਂ ਚੁਣੌਤੀ ਦਿੱਤੇ ਜਾਣ ਮਗਰੋਂ ਦਹਿਸ਼ਤਗਰਦ ਮੌਕੇ ਤੋਂ ਫ਼ਰਾਰ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਘਟਨਾ ਸਥਾਨ ’ਤੇ ਹੋਰ ਜਵਾਨ ਭੇਜੇ ਗਏ ਹਨ ਅਤੇ ਦਹਿਸ਼ਤਗਰਦਾਂ ਦਾ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਬਸੰਤਗੜ੍ਹ ਦੇ ਜੰਗਲੀ ਇਲਾਕੇ ’ਚ ਦੋ ਕੁ ਦਹਿਸ਼ਤੀ ਘਟਨਾਵਾਂ ਹੋਈਆਂ ਹਨ। ਅਪਰੈਲ ’ਚ ਪੇਂਡੂ ਰੱਖਿਆ ਗਾਰਡ ਦੀ ਦਹਿਸ਼ਤਗਰਦਾਂ ਨਾਲ ਮੁਕਾਬਲੇ ’ਚ ਮੌਤ ਹੋ ਗਈ ਸੀ। ਪਿਛਲੇ ਕਰੀਬ ਦੋ ਦਹਾਕਿਆਂ ’ਚ ਇਲਾਕੇ ਅੰਦਰ ਅਜਿਹੀ ਪਹਿਲੀ ਦਹਿਸ਼ਤੀ ਘਟਨਾ ਦੇਖਣ ਨੂੰ ਮਿਲੀ ਹੈ ਜਿਸ ਬਾਰੇ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਪਾਕਿਸਤਾਨੀ ਹੈਂਡਲਰ ਜੰਮੂ ਖ਼ਿੱਤੇ ’ਚ ਦਹਿਸ਼ਤਗਰਦੀ ਮੁੜ ਫੈਲਾਉਣਾ ਚਾਹੁੰਦੇ ਹਨ। -ਪੀਟੀਆਈ