ਕੋਠੇ ਤੋਂ ਉੱਡ ਕਾਵਾਂ...
ਜੋਗਿੰਦਰ ਕੌਰ ਅਗਨੀਹੋਤਰੀ
ਜਾਨਵਰਾਂ ਤੇ ਪੰਛੀਆਂ ਦਾ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ। ਮਨੁੱਖ ਦੀ ਜੂਨੀ ਉੱਤਮ ਮੰਨੀ ਗਈ ਹੈ ਕਿਉਂਕਿ ਮਨੁੱਖ ਨੂੰ ਆਪਣੇ ਚੰਗੇ ਮਾੜੇ ਕੰਮ ਦੀ ਸੋਝੀ ਹੈ। ਉਹ ਆਪਣੀ ਉਪਜੀਵਕਾ ਲਈ ਪਸ਼ੂਆਂ ਨੂੰ ਪਾਲਦਾ ਹੈ ਤੇ ਉਨ੍ਹਾਂ ਤੋਂ ਕੰਮ ਲੈਂਦਾ ਹੈ। ਪੰਛੀਆਂ ਤੋਂ ਵੀ ਇਹ ਕੰਮ ਲੈਂਦਾ ਹੈ ਜਿਵੇਂ ਕਬੂਤਰਾਂ ਤੇ ਕੁੱਕੜ ਆਦਿ ਪਾਲਣਾ। ਮਨੁੱਖ ਦੇ ਅੰਦਰ ਇੱਕ ਗੁਣ ਬੜਾ ਹੀ ਖ਼ਾਸ ਹੈ ਜੋ ਇਹ ਦੂਜਿਆਂ ਨੂੰ ਵੱਸ ਵਿੱਚ ਕਰਨ ਦੀ ਮੁਹਾਰਤ ਰੱਖਦਾ ਹੈ। ਪਸ਼ੂ-ਪੰਛੀਆਂ ਨਾਲ ਵੀ ਇਸ ਦਾ ਲਗਾਅ ਹੋ ਜਾਂਦਾ ਹੈ। ਪਸ਼ੂ-ਪੰਛੀ, ਜੀਵ-ਜੰਤੂ ਸਭ ਮੋਹ ਦੇ ਭੁੱਖੇ ਹਨ ਤਾਂ ਹੀ ਤਾਂ ਪਸ਼ੂ-ਪੰਛੀਆਂ ਨੂੰ ਮਨੁੱਖ ਦੀ ਸੰਕੇਤਕ ਭਾਸ਼ਾ ਸਮਝ ਆ ਜਾਂਦੀ ਹੈ, ਪਰ ਕੁਝ ਪੰਛੀ ਅਜਿਹੇ ਹੁੰਦੇ ਹਨ ਜਨਿ੍ਹਾਂ ਵਿੱਚ ਔਗੁਣ ਹੁੰਦੇ ਹੋਏ ਵੀ ਮਨੁੱਖ ਉਨ੍ਹਾਂ ਨੂੰ ਦੁਰਕਾਰਦਾ ਨਹੀਂ।
ਕਾਂ ਵਿੱਚ ਔਗੁਣ ਵੱਧ ਹਨ, ਪਰ ਗੁਣ ਘੱਟ। ਸਭ ਤੋਂ ਪਹਿਲਾਂ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਕਾਂ ਇੱਕ ਚਲਾਕ ਪੰਛੀ ਹੈ। ਕਿਸੇ ਵੀ ਚੀਜ਼ ’ਤੇ ਇਹ ਦੂਰੋਂ ਨਿਗ੍ਹਾ ਰੱਖਦਾ ਹੈ ਤੇ ਉਸ ਨੂੰ ਪ੍ਰਾਪਤ ਕਰਨ ਵਿੱਚ ਦੇਰ ਨਹੀਂ ਲਾਉਂਦਾ। ਇਹ ਬੱਚਿਆਂ ਦੇ ਹੱਥ ਵਿੱਚੋਂ ਰੋਟੀ ਖੋਹਣ ਵਿੱਚ ਮਾਹਿਰ ਹੈ। ਪਲਕ ਝਪਕਦੇ ਹੀ ਇਹ ਰੋਟੀ ਖੋਹ ਕੇ ਲੈ ਜਾਂਦਾ ਹੈ। ਜਦੋਂ ਇਹ ਬੱਚੇ ਤੋਂ ਰੋਟੀ ਖੋਹ ਕੇ ਲੈ ਜਾਂਦਾ ਹੈ ਤਾਂ ਕਿਹਾ ਜਾਂਦਾ ਹੈ:
ਮਾਂ ਨੀਂ ਮਾਂ
ਐਡਾ ਵੱਡਾ ਢੋਡਰ ਕਾਂ।
ਰੋਟੀ ਲੈ ਗਿਆ
ਮੈਂ ਕੀ ਖਾਂ?
ਕਾਂ ਹਮੇਸ਼ਾਂ ਗੰਦਗੀ ਵਿੱਚ ਮੂੰਹ ਮਾਰਦਾ ਹੈ। ਇਸ ਲਈ ਇਸ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਜਦੋਂ ਕਾਵਾਂ ਦੀ ਗਿਣਤੀ ਵੱਧ ਹੁੰਦੀ ਸੀ ਤਾਂ ਖੁੱਲ੍ਹੇ ਘਰਾਂ ਵਿੱਚ ਇਨ੍ਹਾਂ ਤੋਂ ਬਚਣ ਲਈ ਵਿਹੜੇ ਵਿੱਚ ਕਾਂ ਮਾਰ ਕੇ ਟੰਗ ਦਿੱਤਾ ਜਾਂਦਾ ਤਾਂ ਕਿ ਉਸ ਤੋਂ ਡਰਦੇ ਕਾਂ ਘਰ ਵਿੱਚ ਨਾ ਆਉਣ। ਕਾਂ ਨੂੰ ਕਾਣਾ ਵੀ ਕਿਹਾ ਜਾਂਦਾ ਹੈ। ਸਿਆਣਿਆਂ ਦਾ ਕਥਨ ਹੈ ਕਿ ਕਾਂ ਨੂੰ ਇੱਕ ਅੱਖ ਨਾਲ ਹੀ ਦਿਸਦਾ ਹੈ। ਕਈ ਔਗੁਣ ਹੋਣ ਦੇ ਬਾਵਜੂਦ ਕਾਂ ਦਾ ਇੱਕ ਗੁਣ ਉਸ ਨੂੰ ਪ੍ਰਸ਼ੰਸਾਯੋਗ ਬਣਾ ਦਿੰਦਾ ਹੈ। ਉਹ ਹੈ ਆਪਣਿਆਂ ਨਾਲ ਮਿਲ ਕੇ ਰਹਿਣਾ। ਉਹ ਇਕੱਲਾ ਕੁਝ ਨਹੀਂ ਖਾਂਦਾ। ਉਹ ਕੁਝ ਖਾਣ ਤੋਂ ਪਹਿਲਾਂ ਆਪਣਿਆਂ ਨੂੰ ਆਵਾਜ਼ ਮਾਰਦਾ ਹੈ। ਕਾਂ ਕਾਂ... ਕਰਕੇ ਉਨ੍ਹਾਂ ਨੂੰ ਇਕੱਠੇ ਕਰਦਾ ਹੈ। ਗੁਣਾਂ ਤੇ ਔਗੁਣਾਂ ਨੂੰ ਇੱਕ ਪਾਸੇ ਰੱਖਦਿਆਂ ਸਾਡੇ ਸੱਭਿਆਚਾਰ ਵਿੱਚ ਕਾਂ ਦਾ ਮਹੱਤਵਪੂਰਨ ਸਥਾਨ ਹੈ। ਸਮਾਜ ਵਿੱਚ ਕਾਂ ਨੂੰ ਸੁਨੇਹੇ ਦੇਣ ਤੇ ਲਿਆਉਣ ਵਾਲਾ ਮੰਨਿਆ ਜਾਂਦਾ ਹੈ। ਬਨੇਰੇ ’ਤੇ ਕਾਂ ਦਾ ਬੋਲਣਾ ਕਿਸੇ ਮਹਿਮਾਨ ਦੇ ਆਉਣ ਦਾ ਸੰਕੇਤ ਦਿੰਦਾ ਹੈ। ਕਾਂ ਨੂੰ ਬਨੇਰੇ ’ਤੇ ਬੈਠੇ ਹੋਏ ਨੂੰ ਇਹ ਕਹਿ ਕੇ ਉਡਾਇਆ ਜਾਂਦਾ ਹੈ:
ਉੱਡ ਜਾ ਕਾਵਾਂ ਜੇ ਕੋਈ ਸਾਡੇ ਆਉਂਦੈ।
ਜੇ ਕਿਤੇ ਕਾਂ ਉੱਡ ਜਾਵੇ ਤਾਂ ਪਰਿਵਾਰ ਵਿੱਚ ਖ਼ੁਸ਼ੀ ਹੋ ਜਾਂਦੀ ਹੈ। ਬੱਚੇ ਤਾਂ ਕਾਂ ਨੂੰ ਦੇਖ ਖ਼ੁਸ਼ ਹੋ ਜਾਂਦੇ ਹਨ ਤੇ ਉਹ ਆਪਣੇ ਮਾਮੇ ਨੂੰ ਬੁਲਾਉਣ ਲਈ ਇੰਜ ਕਹਿੰਦੇ ਹਨ:
ਉੱਡ ਜਾ ਕਾਵਾਂ ਜੇ ਮੇਰਾ ਮਾਮਾ ਆਉਂਦੈ।
ਜੇ ਕਿਤੇ ਮਾਮੇ ਦੋ ਜਾਂ ਤਿੰਨ ਹੁੰਦੇ ਤਾਂ ਮਾਮੇ ਦਾ ਨਾਂ ਲਿਆ ਜਾਂਦਾ ਹੈ। ਇਸ ਤਰ੍ਹਾਂ ਕੋਈ ਪ੍ਰੇਮਿਕਾ ਆਪਣੇ ਪ੍ਰੇਮੀ ਦੀ ਯਾਦ ਵਿੱਚ ਬਿਹਬਲ ਹੋਈ ਉਸ ’ਤੇ ਆਪਣਾ ਸਭ ਕੁਝ ਨਿਛਾਵਰ ਕਰਨ ਲਈ ਤਤਪਰ ਹੈ। ਉਹ ਚਾਹੁੰਦੀ ਹੈ ਕਿ ਉਹ ਆਪਣੇ ਪ੍ਰੇਮੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਇਸ ਤਰ੍ਹਾਂ ਕਰੇ ਕਿ ਕਦੇ ਜੁਦਾ ਹੋਣ ਦੀ ਨੌਬਤ ਹੀ ਨਾ ਆਵੇ। ਉਹ ਆਪਣੀ ਜ਼ਿੰਦੜੀ ਹੀ ਉਸ ਦੇ ਨਾਂ ਲਾਉਣਾ ਚਾਹੁੰਦੀ ਹੈ। ਅਜਿਹੀ ਤਾਕਤ ਤਾਂ ਪ੍ਰਸ਼ਾਸਨ ਦੇ ਮਹੱਤਵਪੂਰਨ ਅਹੁਦੇਦਾਰ ਪਟਵਾਰੀ ਕੋਲ ਹੁੰਦੀ ਹੈ। ਸੋ ਉਹ ਕਾਂ ਨੂੰ ਵਾਸਤਾ ਪਾਉਂਦੀ ਹੈ:
ਕੋਠੇ ਤੋਂ ਉੱਡ ਕਾਵਾਂ
ਸੱਦ ਪਟਵਾਰੀ ਨੂੰ
ਵੇ ਜਿੰਦ ਮਾਹੀਏ ਦੇ ਨਾਂ ਲਾਵਾਂ।
ਭੈਣ-ਭਰਾ ਦਾ ਰਿਸ਼ਤਾ ਅਨੋਖਾ ਹੈ। ਭੈਣ ਹਮੇਸ਼ਾਂ ਆਪਣੇ ਭਰਾ ਦੀ ਸੁੱਖ ਮਨਾਉਂਦੀ ਹੈ। ਉਸ ਨੂੰ ਆਪਣੇ ਭਰਾ ’ਤੇ ਮਾਣ ਹੁੰਦਾ ਹੈ ਕਿ ਉਹ ਹੀ ਉਸ ਦੇ ਦੁੱਖ ਸੁੱਖ ਦਾ ਸੀਰੀ ਹੈ। ਇਹ ਗੱਲ ਹੈ ਵੀ ਸੱਚ। ਪਹਿਲਾਂ ਸਹੁਰੇ ਘਰ ਵਿੱਚ ਨੂੰਹਾਂ ਨਾਲ ਵਿਤਕਰਾ ਹੁੰਦਾ ਸੀ। ਕੰਮ ਜ਼ਿਆਦਾ ਕਰਵਾਉਣਾ ਤੇ ਖਾਣ-ਪੀਣ ਵਿੱਚ ਵਿਤਕਰਾ ਕਰਨਾ ਜਾਂ ਕੁੱਟਮਾਰ ਕਰਨਾ ਜਾਂ ਕਿਸੇ ਹੋਰ ਤਰੀਕੇ ਨਾਲ ਤੰਗ ਕਰਨਾ। ਅਜਿਹੇ ਸਮੇਂ ਜੇ ਕੋਈ ਔਰਤ ਆਪਣੇ ਭਰਾ ਨੂੰ ਸੁਨੇਹਾ ਦੇ ਦਿੰਦੀ ਤਾਂ ਸਹੁਰੇ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ। ਇਸ ਵਿੱਚ ਰੱਤੀ ਵੀ ਝੂਠ ਨਹੀਂ, ਬਹੁਤ ਸਾਰੇ ਭਰਾਵਾਂ ਨੇ ਆਪਣੀਆਂ ਭੈਣਾਂ ਨਾਲ ਹੁੰਦੇ ਅਨਿਆਂ ਪ੍ਰਤੀ ਡਾਂਗ ਖੜਕਾਈ ਹੈ। ਸੋ ਭੈਣ ਨੂੰ ਆਪਣਾ ਭਰਾ ਹਰ ਸਮੇਂ ਚੇਤੇ ਰਹਿੰਦਾ ਹੈ। ਚਰਖਾ ਕੱਤਦੀ ਹੋਈ ਵੀ ਆਪਣੇ ਭਰਾ ਨੂੰ ਯਾਦ ਕਰਦੀ ਹੈ:
ਉੱਚੇ ਬਨੇਰੇ ਕਾਂ ਪਿਆ ਬੋਲੇ
ਮੈਂ ਚਰਖੇ ਤੰਦ ਪਾਵਾਂ
ਜੇ ਕਾਵਾਂ ਮੇਰਾ ਵੀਰਾ ਆਵੇ
ਤੈਨੂੰ ਕੁੱਟ ਕੁੱਟ ਚੂਰੀਆਂ ਪਾਵਾਂ।
ਉਹ ਵੀ ਸਮਾਂ ਸੀ ਜਦੋਂ ਆਉਣ ਜਾਣ ਦੇ ਸਾਧਨਾਂ ਦੀ ਘਾਟ ਸੀ। ਦੂਰ ਦੁਰਾਡੇ ਵਿਆਹੀ ਧੀ ਭੈਣ ਕੋਲ ਜਾਣਾ ਤਾਂ ਔਖਾ ਸੀ ਤੇ ਸੁੱਖਸਾਂਦ ਦਾ ਪਤਾ ਲਗਾਉਣ ਲਈ ਚਿੱਠੀ ਚੁਪੱਠੀ ਦਾ ਵੀ ਕੋਈ ਵਧੀਆ ਪ੍ਰਬੰਧ ਨਹੀਂ ਸੀ। ਚਿੱਠੀ ਲਿਖਾਉਣੀ ਵੀ ਇੱਕ ਵੱਡਾ ਕੰਮ ਸੀ। ਘਰ ਦੀ ਕਬੀਲਦਾਰੀ ਵਿੱਚ ਤੰਗੀਆਂ ਤੁਰਸ਼ੀਆਂ ਤੇ ਥੁੜ੍ਹਾਂ ਕਾਰਨ ਘਰੇਲੂ ਕਲੇਸ਼ ਆਦਿ ਅਨੇਕਾਂ ਸਮੱਸਿਆਵਾਂ ਦਾ ਜਾਲ ਵਿਛਿਆ ਹੋਇਆ ਹੋਣ ਕਰਕੇ ਦੂਰ ਬੈਠੀਆਂ ਪ੍ਰਦੇਸਣਾਂ (ਧੀਆਂ ਭੈਣਾਂ) ਕੋਲ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਕਾਵਾਂ ਹੱਥ ਸੁਨੇਹਾ ਦੇਣਾ ਹੀ ਇੱਕ ਸਾਧਨ ਸੀ।
ਹਰ ਵਿਆਹੀ ਹੋਈ ਔਰਤ ਆਪਣੇ ਬਾਬਲ ਨੂੰ ਰਾਜਾ ਸਮਝਦੀ ਹੈ ਤੇ ਆਪਣੀ ਅੰਮੜੀ ਨੂੰ ਰਾਣੀ। ਉਹ ਆਪਣੇ ਭਰਾ ਨੂੰ ਸਭ ਤੋਂ ਵੱਧ ਸ਼ਕਤੀਸ਼ਾਲੀ ਤੇ ਇੱਕ ਮਹਾਨ ਯੋਧਾ ਸਮਝਦੀ ਹੈ ਜੋ ਪਲਾਂ ਵਿੱਚ ਹੀ ਉਸ ਨੂੰ ਸਭ ਸੰਕਟਾਂ ਵਿੱਚੋਂ ਕੱਢ ਦੇਵੇਗਾ। ਉਹ ਕਾਂ ਦੇ ਹੱਥ ਇੰਜ ਸੁਨੇਹਾ ਦਿੰਦੀ ਹੈ:
ਉੱਡੀਂ ਵੇ ਉੱਡੀਂ ਕਾਵਾਂ
ਜਾਵੀਂ ਮੇਰੇ ਬਾਬਲ ਦੇਸ਼।
ਇੱਕ ਨਾ ਦੱਸੀਂ ਮੇਰੀ ਮਾਂ ਰਾਣੀ ਨੂੰ
ਰੋਊਗੀ ਗੁੱਡੀਆਂ ਪਟੋਲੇ ਫਰੋਲ ਕੇ।
ਇੱਕ ਨਾ ਦੱਸੀਂ ਮੇਰੇ ਬਾਬਲ ਨੂੰ
ਰੋਊਗਾ ਭਰੀ ਕਚਹਿਰੀ ਛੋਡ ਕੇ।
ਦੱਸੀਂ ਵੇ ਦੱਸੀਂ ਕਾਵਾਂ ਮੇਰੇ ਵੀਰ ਨੂੰ
ਆਊਗਾ ਨੀਲਾ ਘੋੜਾ ਬੀੜ ਕੇ।
ਉਹ ਔਰਤਾਂ ਜਨਿ੍ਹਾਂ ਦੇ ਪਤੀ ਘਰੋਂ ਬਾਹਰ ਨੌਕਰੀ ’ਤੇ ਹੁੰਦੇ ਤਾਂ ਉਹ ਔਰਤਾਂ ਕਦੇ ਔਸੀਆਂ ਪਾਉਂਦੀਆਂ ਤੇ ਕਾਂ ਨੂੰ ਬਨੇਰੇ ’ਤੇ ਉਡੀਕਦੀਆਂ। ਜੇਕਰ ਕਿਤੇ ਕਾਂ ਨਾ ਆਉਂਦਾ ਤਾਂ ਉਹ ਦੁਖੀ ਹੋ ਕੇ ਕਹਿੰਦੀਆਂ:
ਕਦੇ ਸਾਡੇ ਵੀ ਬਨੇਰੇ ਉੱਤੇ ਬੋਲ ਵੇ
ਨਿੱਤ ਬੋਲਦੈਂ ਗੁਆਂਢੀਆਂ ਦੇ ਕਾਵਾਂ।
ਦੱਸ ਕਦੋਂ ਆਊਗਾ ਮੇਰਾ ਢੋਲ ਵੇ
ਤੈਨੂੰ ਕੁੱਟ ਕੁੱਟ ਚੂਰੀਆਂ ਪਾਵਾਂ।
ਜੇ ਕਿਤੇ ਕਾਂ ਬਨੇਰੇ ਤੋਂ ਬਨਿਾਂ ਬੋਲੇ ਉੱਡ ਜਾਵੇ ਤਾਂ ਔਰਤ ਨੂੰ ਕਾਂ ’ਤੇ ਵੀ ਗਿਲਾ ਹੋ ਜਾਂਦਾ ਹੈ। ਉਹ ਕਾਂ ਨੂੰ ਉਲਾਂਭਾ ਦਿੰਦੀ ਹੈ:
ਕੋਇਲਾਂ ਬੋਲਦੀਆਂ
ਕਦੇ ਬੋਲ ਵੇ ਚੰਦਰਿਆ ਕਾਵਾਂ।
ਭਾਵੇਂ ਕੁਝ ਵੀ ਹੋਵੇ ਕਾਂ ਦੀ ਸਾਡੇ ਸੱਭਿਆਚਾਰ ਵਿੱਚ ਵਿਸ਼ੇਸ਼ ਥਾਂ ਹੈ। ਲੋਕ ਗੀਤਾਂ ਵਿੱਚ ਇਸ ਦਾ ਜ਼ਿਕਰ ਇੱਕ ਸੁਨੇਹਾ ਦੇਣ ਵਿੱਚ ਮਾਹਿਰ ਵਜੋਂ ਕੀਤਾ ਜਾਂਦਾ ਹੈ। ਔਗੁਣਾਂ ਕਾਰਨ ਭਾਵੇਂ ਇਸ ਨੂੰ ਦੁਰਕਾਰਿਆ ਜਾਂਦਾ ਹੈ, ਪਰ ਗੁਣਾ ਕਾਰਨ ਪੁਚਕਾਰਿਆ ਜਾਂਦਾ ਹੈ। ਸਮੇਂ ਦੇ ਪਰਿਵਰਤਨ ਨਾਲ ਵੀ ਇਸ ਦੀ ਕਦਰ ਨਹੀਂ ਘਟੀ। ਕਾਵਾਂ ਦੀ ਗਿਣਤੀ ਘਟਣ ਦੇ ਨਾਲ ਤੇ ਬੰਦ ਘਰਾਂ ਦੇ ਹੋਣ ਕਰਕੇ ਕਾਂ ਦਾ ਬਨੇਰੇ ’ਤੇ ਬੈਠੇ ਦਾ ਹੀ ਪਤਾ ਨਹੀਂ ਲੱਗਦਾ। ਜੇ ਕਿਤੇ ਸੱਚੀਮੁੱਚੀਂ ਬੈਠ ਜਾਵੇ ਮੂੰਹ ਵਿੱਚੋਂ ਝੱਟ ਹੀ ਨਿਕਲ ਜਾਂਦਾ ਹੈ ਕਿ ਉੱਡ ਜਾ ਕਾਵਾਂ ਜੇ ਕੋਈ ਆਉਂਦੈ। ਜੇਕਰ ਕਾਂ ਦੂਰੋਂ ਦਿੱਸ ਜਾਵੇ ਤਾਂ ਵੀ ਮੂੰਹ ਵਿੱਚੋਂ ਕਾਂ ਪ੍ਰਤੀ ਕੁਝ ਨਾ ਕੁਝ ਸ਼ਬਦ ਜ਼ਰੂਰ ਨਿਕਲਦੇ ਹਨ। ਹੋਰ ਨਹੀਂ ਤਾਂ ਇਹੀ ਸ਼ਬਦ ਗੁਣਗੁਣਾਏ ਜਾਂਦੇ ਹਨ:
ਸਾਡੇ ਬੋਲਦਾ ਬਨੇਰੇ ਉੱਤੇ ਕਾਂ
ਨੀਂ ਅੱਜ ਮੇਰੇ ਵੀਰ ਨੇ ਆਉਣਾ।
ਕਾਂ ਚਲਾਕ ਹੈ, ਧੋਖੇਬਾਜ਼ ਹੈ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਕਾਂ ਕੋਇਲ ਨੂੰ ਚੰਗੇ ਫ਼ਲਾਂ ਦਾ ਲਾਲਚ ਦੇ ਕੇ ਬਣਾਂ ਵਿੱਚ ਲੈ ਆਇਆ। ਕੋਇਲ ਇਹ ਸਭ ਬਰਦਾਸ਼ਤ ਕਰ ਗਈ। ਚੋਰਾਂ ’ਤੇ ਮੋਰ ਪੈਣ ਵਾਲੀ ਗੱਲ ਹੋ ਗਈ। ਇਸ ਵਿੱਚ ਪਤਾ ਨਹੀਂ ਕਿੰਨੀ ਕੁ ਸੱਚਾਈ ਹੈ ਕਿ ਕਾਂ ਕੋਇਲ ਦੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ ਹੈ।
ਸੰਪਰਕ: 94178-40323