ਕਮਲ ਹਾਸਨ ਦੀ ‘ਠੱਗ ਲਾਈਫ’ ਦੇਖਣ ਲਈ ਸਿਨੇਮਾਘਰਾਂ ’ਚ ਭੀੜ
ਚੇਨਈ: ਮੰਨੇ-ਪ੍ਰਮੰਨੇ ਅਦਾਕਾਰ ਕਮਲ ਹਾਸਨ ਦੀ ਫ਼ਿਲਮ ‘ਠੱਗ ਲਾਈਫ’ ਅੱਜ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇੱਥੋਂ ਦੇ ਰੋਹਿਨੀ ਥੀਏਟਰ ’ਚ ਇਹ ਫ਼ਿਲਮ ਦੇਖਣ ਲਈ ਦਰਸ਼ਕਾਂ ਦਾ ਹੜ੍ਹ ਆ ਗਿਆ। ਸਿਨੇਮਾ ਹਾਲ ’ਚ ਕਮਲ ਹਾਸਨ ਦੇ ਹੱਕ ’ਚ ਨਾਅਰੇ ਗੂੰਜਦੇ ਰਹੇ। ਪ੍ਰਸ਼ੰਸਕਾਂ ਦੀ ਗੂੰਜ ਉਨ੍ਹਾਂ ਦੇ ਫ਼ਿਲਮ ਰਿਲੀਜ਼ ਲਈ ਕੀਤੇ ਗਏ ਇੰਤਜ਼ਾਰ ਨੂੰ ਬਾਖੂਬੀ ਬਿਆਨ ਕਰਦੀ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਕਮਲ ਹਾਸਨ ਨੇ ਫ਼ਿਲਮ ‘ਠੱਗ ਲਾਈਫ’ ਬਾਰੇ ਤਜਰਬਾ ਸਾਂਝਾ ਕੀਤਾ। ਉਨ੍ਹਾਂ ਇਸ ਪ੍ਰਾਜੈਕਟ ਲਈ ਨਿਰਦੇਸ਼ਕ ਮਣੀ ਰਤਨਮ ਦਾ ਧੰਨਵਾਦ ਕੀਤਾ। ਕਮਲ ਹਾਸਨ ਨੇ ਆਪਣੇ ਕਰੀਅਰ ਦੌਰਾਨ ਮਿਲੇ ਪਿਆਰ ਬਾਰੇ ਕਿਹਾ,‘ਇਹ ਸੱਚ ਹੈ ਕਿ ਮਨੀ ਰਤਨਮ ਨਾਲ ਕੰਮ ਕਰਨਾ ਮੇਰੇ ਲਈ ਖ਼ੁਸ਼ੀ ਦੀ ਗੱਲ ਸੀ। ਮੈਂ ਤਾਮਿਲਨਾਡੂ ਅਤੇ ਇੱਥੋਂ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।’ ਫ਼ਿਲਮ ‘ਠੱਗ ਲਾਈਫ’ ਵਿੱਚ ਹਾਸਨ ਸਣੇ ਸਿਲਮਬਰਸਨ ਟੀ ਆਰ, ਤ੍ਰਿਸ਼ਾ ਕ੍ਰਿਸ਼ਨਨ, ਅਸ਼ੋਕ ਸੇਲਵਨ, ਐਸ਼ਵਰਿਆ ਲਕਸ਼ਮੀ, ਜੋਜੂ ਜਾਰਜ, ਅਲੀ ਫੈਜ਼ਲ, ਸਾਨਿਆ ਮਲਹੋਤਰਾ ਅਤੇ ਰੋਹਿਤ ਸਰਾਫ ਨੇ ਕੰਮ ਕੀਤਾ ਹੈ। -ਏਐੱਨਆਈ