ਪੁਲ ਦੀ ਉਸਾਰੀ ਦੌਰਾਨ ਲੋਕਾਂ ਵਾਸਤੇ ਨਾ ਬਣਾਇਆ ਲਾਂਘਾ
ਮਨੋਜ ਸ਼ਰਮਾ
ਬਠਿੰਡਾ, 3 ਅਕਤੂਬਰ
ਬਠਿੰਡਾ ਸ਼ਹਿਰ ਵਿੱਚ ਇਸ ਸਮੇਂ ਦੋ ਥਾਵਾਂ ’ਤੇ ਨਵੇਂ ਪੁਲ ਬਣ ਰਹੇ ਹਨ| ਪੁਲਾਂ ਦੇ ਨਿਰਮਾਣ ਕਾਰਜ ਦੇ ਮੱਦੇਨਜ਼ਰ ਲੋਕਾਂ ਲਈ ਸਲਿੱਪ ਰੋਡ ਜਾਂ ਬਦਲਵਾ ਰਸਤਾ ਨਹੀਂ ਦਿੱਤਾ ਗਿਆ ਹੈ ਜਿਸ ਕਾਰਨ ਰਾਹਗੀਰ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਲੰਘ ਰਹੇ ਹਨ। ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਸੰਗੂਆਣਾ ਬਸਤੀ ਵਾਲੇ ਪਾਸੇ ਰੇਲਵੇਂ ਲਾਈਨਾਂ ਉਪਰ ਪੁਲ ਬਣਾਉਣ ਲਈ ਕਰੀਬ ਛੇ ਮਹੀਨੇ ਤੋਂ ਕੰਮ ਚੱਲ ਰਿਹਾ ਹੈ ਪਰ ਲੋਕਾਂ ਲਈ ਕੋਈ ਬਦਲਵਾਂ ਰਸਤਾ ਨਹੀਂ ਦਿੱਤਾ ਗਿਆ ਜਿਸ ਕਾਰਨ ਲੋਕ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਨਵ ਨਿਰਮਾਣ ਪੁਲ ਕੋਲ ਦੀ ਲੰਘ ਰਹੇ ਹਨ| ਇਸ ਖ਼ੇਤਰ ਤੋਂ ਸੰਗੂਆਣਾ ਬਸਤੀ, ਨਰੂਆਣਾ ਰੋਡ, ਢਿੱਲੋਂ ਬਸਤੀ, ਨਰੂਆਣਾ ਤੇ ਜੈਸਿੰਘ ਵਾਲਾ ਆਦਿ ਪਿੰਡਾਂ ਨੂੰ ਰਸਤਾ ਜਾਂਦਾ ਹੈ, ਜਿਸ ਕਾਰਨ ਇਹ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਵਿੱਚੋਂ ਲੰਘਣਾ ਪੈ ਰਿਹਾ ਹੈ| ਇਥੇ ਰਸਤਾ ਸਹੀ ਨਾ ਹੋਣ ਕਾਰਨ ਲੋਕਾਂ ਨੂੰ ਜਾਮ ਵਰਗੀ ਸਮੱਸਿਆ ਨਾਲ ਵੀ ਜੂਝਣਾ ਪੈਂਦਾ ਹੈ। ਇਸ ਇਲਾਵਾ ਮੁਲਤਾਨੀਆ ਰੋਡ ਉਪਰ ਬਣਿਆ ਬਠਿੰਡਾ ਦਾ ਸਭ ਤੋਂ ਪੁਰਾਣਾ ਪੁਲ ਵੀ ਇਸ ਸਮੇਂ ਢਾਹ ਕੇ ਨਵਾਂ ਬਣਾਇਆ ਜਾ ਰਿਹਾ ਹੈ| ਇਸ ਪੁਲ ਦੇ ਨਿਰਮਾਣ ਸਮੇਂ ਵੀ ਠੇਕੇਦਾਰਾਂ ਵੱਲੋਂ ਰਾਹਗੀਰਾਂ ਨੂੰ ਕੋਈ ਵੱਖ਼ਰਾ ਰਸਤਾ ਨਹੀਂ ਦਿੱਤਾ ਗਿਆ, ਜਿਸ ਕਾਰਨ ਲੋਕ ਕੰਮ ਵਾਲੇ ਥਾਂ ਕੋਲ ਦੀ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਲੰਘ ਰਹੇ ਹਨ| ਲੋਕਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਮੰਗ ਕੀਤੀ ਕਿ ਪੁਲੇ ਨੇੜੇ ਲੰਘਣ ਲਈ ਕੋਈ ਵੱਖਰੇ ਰਸਤੇ ਤਿਆਰ ਕੀਤੇ ਜਾਣ ਤਾਂ ਰਾਹਗੀਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਦੂਜੇ ਪਾਸੇ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਅਤੇ ਕਿਸਾਨ ਆਪਣਾ ਝੋਨਾ ਮੰਡੀਆਂ ਵਿਚ ਲਿਆਉਣ ਲਈ ਇਨ੍ਹਾਂ ਰਸਤਿਆਂ ਰਾਹੀਂ ਸ਼ਹਿਰ ਆਉਣਗੇ। ਅਜਿਹੇ ਵਿਚ ਭਾਰੇ ਵਾਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਠੇਕੇਦਾਰ ਨੂੰ ਸਲਿੱਪ ਰੋਡ ਮਜ਼ਬੂਤ ਕਰਨ ਦੀ ਹਦਾਇਤ ਕਰਾਂਗੇ: ਐਕਸੀਅਨ
ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਹਰਪ੍ਰੀਤ ਸਾਗਰ ਨੇ ਕਿਹਾ ਇੱਕ ਪੁਲ ਦਾ ਨਿਰਮਾਣ ਲਗਪਗ 98 ਫੀਸਦੀ ਮੁਕੰਮਲ ਹੋ ਚੁੱਕਾ ਹੈ ਜੋ ਬਾਕੀ ਰਹਿੰਦਾ ਹੈ ਉਹ ਸਿਰਫ ਰੇਲਵੇ ਦਾ ਹਿੱਸਾ ਹੈ ਜਿਸ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ। ਮਲਤਨੀਆਂ ਪੁੱਲ ਬਾਰੇ ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਪਾਸ ਹੋ ਕੇ ਖਰੜੇ ਮਿਲ ਰਹੇ ਹਨ ਉਹ ਕੰਮ ਕਰਵਾ ਰਹੇ ਹਨ। ਉਨ੍ਹਾਂ ਮੰਨਿਆ ਕਿ ਇਸ ਪੁਲ ਦਾ ਕੰਮ ਹੌਲੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਠੇਕੇਦਾਰ ਨੂੰ ਸਲਿੱਪ ਰੋਡ ਮਜ਼ਬੂਤ ਕਰਵਾਉਣ ਲਈ ਕਹਿਣਗੇ।