ਸੁਖਜਿੰਦਰ ਰੰਧਾਵਾ ਦੇ ਪੁੱਤਰ ਤੇ ਵਿਦਿਆਰਥੀ ਖ਼ਿਲਾਫ਼ ਕਰਾਸ ਕੇਸ ਦਰਜ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਅਗਸਤ
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤ ਉਦੈਵੀਰ ਸਿੰਘ ਰੰਧਾਵਾ ਨੇ ਇਕ-ਦੂਜੇ ’ਤੇ ਹਮਲੇ ਦੇ ਦੋਸ਼ ਲਗਾਏ ਹਨ। ਇਸ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨਰਵੀਰ ਸਿੰਘ ਗਿੱਲ ਦੇ ਸਿਰ ਵਿੱਚ ਸੱਟ ਵਜੀ ਹੈ, ਜਿਸ ਕਰ ਕੇ ਉਸ ਦੇ ਮੱਥੇ ’ਤੇ ਤਿੰਨ ਟਾਂਕੇ ਲੱਗੇ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-17 ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਦਿਆਰਥੀ ਦੀ ਸ਼ਿਕਾਇਤ ’ਤੇ ਉਦੈਵੀਰ ਸਿੰਘ ਰੰਧਾਵਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉੱਧਰ, ਉਦੈਵੀਰ ਸਿੰਘ ਰੰਧਾਵਾ ਨੇ ਵੀ ਸ਼ਿਕਾਇਤ ਦੇ ਕੇ ਵਿਦਿਆਰਥੀ ਨਰਵੀਰ ਸਿੰਘ ਗਿੱਲ ’ਤੇ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਇਸ ਵਾਸਤੇ ਗਿੱਲ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨਰਵੀਰ ਸਿੰਘ ਗਿੱਲ ਨੇ ਕਿਹਾ ਕਿ ਲੰਘੀ ਰਾਤ ਉਹ ਸੈਕਟਰ-17 ਸਥਿਤ ਨਿੱਜੀ ਹੋਟਲ ਵਿੱਚ ਗਿਆ ਹੋਇਆ ਸੀ, ਜਿੱਥੇ ਉਦੈਵੀਰ ਸਿੰਘ ਰੰਧਾਵਾ ਵੀ ਆ ਗਿਆ। ਇਸੇ ਦੌਰਾਨ ਦੋਵਾਂ ਵਿਚਕਾਰ ਝਗੜਾ ਹੋ ਗਿਆ। ਪੀੜਤ ਨੇ ਕਿਹਾ ਕਿ ਉਹ ਹੋਟਲ ਤੋਂ ਬਾਹਰ ਚਲਾ ਗਿਆ ਤਾਂ ਰੰਧਾਵਾ ਦਾ ਪੁੱਤ ਆਪਣੇ ਗੰਨਮੈਨਾਂ ਨਾਲ ਉਸ ਨੂੰ ਬੰਦੂਕ ਦਿਖਾ ਕੇ ਕਾਰ ਵਿੱਚ ਬਿਠਾਉਂਦਿਆਂ ਸੈਕਟਰ-17 ਸਥਿਤ ਪੁਲੀਸ ਥਾਣੇ ਵਿੱਚ ਲੈ ਗਿਆ। ਉੱਧਰ, ਉਦੈਵੀਰ ਨੇ ਵੀ ਪੁਲੀਸ ਨੂੰ ਸ਼ਿਕਾਇਤ ਦੇ ਕੇ ਨਰਵੀਰ ਗਿੱਲ ’ਤੇ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਇਸ ’ਤੇ ਪੁਲੀਸ ਨੇ ਗਿੱਲ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ। ਚੰਡੀਗੜ੍ਹ ਪੁਲੀਸ ਦੇ ਡੀਐੱਸਪੀ ਰਾਮ ਗੋਪਾਲ ਨੇ ਕਿਹਾ ਕਿ ਥਾਣਾ ਸੈਕਟਰ-17 ਦੀ ਪੁਲੀਸ ਵੱਲੋਂ ਕਰਾਸ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਧਰ, ਪੁਲੀਸ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਵੀ ਖੰਘਾਲ ਰਹੀ ਹੈ।