ਰੰਜਿਸ਼ ਕਾਰਨ ਕਰਾਸ ਕੇਸ ਦਰਜ
ਪੱਤਰ ਪ੍ਰੇਰਕ
ਤਲਵਾੜਾ, 5 ਅਕਤੂਬਰ
ਥਾਣਾ ਹਾਜੀਪੁਰ ਅਧੀਨ ਆਉਂਦੇ ਅੱਡਾ ਰੈਲੀ ਮੋੜ ’ਤੇ ਜਲੰਧਰ ਦੇ ਇੱਕ ਕਾਰੋਬਾਰੀ ਦੀ ਗੱਡੀ ਦੀ ਭੰਨ-ਤੋੜ ਕਰਨ ਦੇ ਦੋਸ਼ ਹੇਠ ਪੁਲੀਸ ਨੇ ਪੰਜ ਨਾਮਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹਾਜੀਪੁਰ ਪੁਲੀਸ ਨੂੰ ਦਿੱਤੇ ਬਿਆਨ ’ਚ ਵਿਸ਼ਾਲ ਮਨਚੰਦਾ ਵਾਸੀ ਗੀਤਾ ਕਲੋਨੀ ਬਸਤੀ ਸ਼ੇਖ ਥਾਣਾ ਭਾਰਗੋ ਕੈਂਪ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਲੰਘੇ ਕੱਲ੍ਹ ਉਹ ਆਪਣੇ ਭਾਣਜੇ ਹਰਸ਼ ਨਾਲ ਹਾਜੀਪੁਰ ਆਇਆ ਸੀ। ਸ਼ਾਮ ਵਕਤ ਜਦੋਂ ਵਾਪਸ ਜਲੰਧਰ ਨੂੰ ਕਾਰ ਰਾਹੀਂ ਜਾਣ ਲੱਗੇ ਤਾਂ ਅੱਡਾ ਰੈਲੀ ਮੋੜ ’ਤੇ ਪਿੱਛੋਂ ਆਈ ਮਹਿੰਦਰਾ ਬੋਲੈਰੋ ਪਿਕਅੱਪ ਵਿੱਚ ਸਵਾਰ ਪੰਜ ਵਿਅਕਤੀਆਂ ਨੇ ਪਹਿਲਾਂ ਪਿੱਛੋਂ ਉਸ ਦੀ ਗੱਡੀ ’ਚ ਟੱਕਰ ਮਾਰੀ ਅਤੇ ਅੱਗੇ ਲੰਘ ਗਏ, ਫਿਰ ਅੱਗਿਉਂ ਟੱਕਰ ਮਾਰ ਕੇ ਉਸ ਦੀ ਗੱਡੀ ਭੰਨ ਦਿੱਤੀ। ਸ਼ਿਕਾਇਤਕਰਤਾ ਵਿਸ਼ਾਲ ਮਨਚੰਦਾ ਨੇ ਆਪਣੇ ਉੱਤੇ ਹੋਏ ਹਮਲੇ ਪਿੱਛੇ ਕਰੱਸ਼ਰ ਖਣਨ ਮਾਫੀਆ ਦੱਸਿਆ ਹੈ। ਉਹ ਪਿਛਲੇ ਕਰੀਬ ਇੱਕ ਸਾਲ ਤੋਂ ਖ਼ੇਤਰ ’ਚ ਹੋ ਰਹੀ ਕਥਿਤ ਖੁਦਾਈ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਿਹਾ ਹੈ। ਹਾਜੀਪੁਰ ਪੁਲੀਸ ਨੇ ਵਿਸ਼ਾਲ ਮਨਚੰਦਾ ਦੇ ਬਿਆਨਾਂ ’ਤੇ ਪੰਜ ਨਾਮਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੂਜੇ ਪਾਸੇ ਮਾਈਨਿੰਗ ਸਮੱਗਰੀ ਦੀ ਢੁਆਈ ’ਚ ਲੱਗੀ ਚੰਦੀ ਨਾਮਕ ਟਰਾਂਸਪੋਰਟ ਕੰਪਨੀ ਦੇ ਮੁਨਸ਼ੀ ਇੰਦਰਪ੍ਰੀਤ ਸਿੰਘ ਵਾਸੀ ਨੀਲਾ ਮਹਿਲ ਜ਼ਿਲ੍ਹਾ ਜਲੰਧਰ ਦੇ ਬਿਆਨਾਂ ’ਤੇ ਵਿਸ਼ਾਲ ਮਨਚੰਦਾ ਤੇ ਉਸ ਦੇ ਭਾਣਜੇ ਹਰਸ਼ ਖ਼ਿਲਾਫ਼ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਗੱਡੀ ਰੋਕ ਕੇ ਡੇਢ ਲੱਖ ਰੁਪਏ ਲੁਟੱਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਹਾਜੀਪੁਰ ਮੁਖੀ ਅਮਰਜੀਤ ਕੌਰ ਨੇ ਦੋਵੇਂ ਧਿਰਾਂ ਦਰਮਿਆਨ ਕਾਰੋਬਾਰ ਨੂੰ ਲੈ ਕੇ ਪੁਰਾਣੀ ਰੰਜਿਸ਼ ਹੋਣ ਦਾ ਦਾਅਵਾ ਕੀਤਾ ਹੈ।