For the best experience, open
https://m.punjabitribuneonline.com
on your mobile browser.
Advertisement

ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਖਾਤਾਧਾਰਕਾਂ ਦੇ ਕਰੋੜਾਂ ਰੁਪਏ ਗਾਇਬ

08:49 AM May 09, 2024 IST
ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਖਾਤਾਧਾਰਕਾਂ ਦੇ ਕਰੋੜਾਂ ਰੁਪਏ ਗਾਇਬ
Advertisement

ਪੱਤਰ ਪ੍ਰੇਰਕ
ਕੁਰਾਲੀ, 8 ਮਈ
ਪਿੰਡ ਸਿਆਲਬਾ ਸਥਿਤ ‘ਦਿ ਐੱਸਏਐੱਸ ਨਗਰ ਸੈਂਟਰਲ ਕੋਆਪ੍ਰੇਟਿਵ ਬੈਂਕ’ ਦੇ ਕਈ ਖਾਤਾ ਧਾਰਕਾਂ ਦੇ ਕਰੋੜਾਂ ਰੁਪਏ ਦੀ ਰਕਮ ਖਾਤਿਆਂ ਵਿੱਚੋਂ ਗਾਇਬ ਹੋ ਗਈ ਹੈ। ਇਸ ਘਪਲੇ ਸਬੰਧੀ ਖਾਤਾ ਧਾਰਕਾਂ ਨੇ ਬੈਂਕ ਅਧਿਕਾਰੀਆਂ ਤੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ ਹੈ।
ਖਾਤਾਧਾਰਕ ਜਗਦੀਸ਼ ਸਿੰਘ ਕਾਦੀਮਾਜਰਾ ਤੇ ਹੋਰਨਾਂ ਨੇ ਦੱਸਿਆ ਕਿ ਸਿਆਲਬਾ ਦੇ ਸਹਿਕਾਰੀ ਬੈਂਕ ਵਿੱਚ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਲੱਖਾਂ ਰੁਪਏ ਗਾਇਬ ਹੋ ਗਏ ਹਨ। ਇਸ ਦਾ ਪਤਾ ਪਾਸਬੁੱਕ ਵਿੱਚ ਐਂਟਰੀ ਕਰਵਾਉਣ ’ਤੇ ਲੱਗਿਆ। ਉਨ੍ਹਾਂ ਦੱਸਿਆ ਕਿ ਹੁਣ ਇਹ ਮਾਮਲਾ ਇਸ ਲਈ ਸਾਹਮਣੇ ਆਇਆ ਹੈ ਕਿਉਂਕਿ ਮੈਨੇਜਰ ਦੀ ਇੱਥੋਂ ਬਦਲੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਹੀ ਕਰੀਬ ਦੋ ਦਰਜਨ ਖਾਤਾਧਾਰਕਾਂ ਨਾਲ ਲਗਪਗ 3 ਕਰੋੜ ਦੇ ਘਪਲੇ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ।
ਖਾਤਾ ਧਾਰਕਾਂ ਨੇ ਦੱਸਿਆ ਕਿ ਬੈਂਕ ਮੈਨੇਜਰ ਉਨ੍ਹਾਂ ਦੀਆਂ ਕਾਪੀਆਂ ਵਿੱਚ ਹੱਥਾਂ ਨਾਲ ਐਂਟਰੀਆਂ ਕਰਦਾ ਰਿਹਾ ਜਦੋਂਕਿ ਖਾਤੇ ਵਿੱਚ ਪੈਸੇ ਜਮ੍ਹਾਂ ਹੀ ਨਹੀਂ ਹੋਏ। ਕਈਆਂ ਨੇ ਦੱਸਿਆ ਕਿ ਉਨ੍ਹਾਂ ਦੇ ਖਾਤਿਆਂ ਵਿਚੋਂ ਮੈਨੇਜਰ ਨੇ ਖ਼ੁਦ ਹੀ ਉਨ੍ਹਾਂ ਦੇ ਦਸਤਖ਼ਤ ਕਰ ਕੇ ਪੈਸੇ ਕਢਵਾ ਲਏ। ਖਾਤਾਧਾਰਕਾਂ ਨੇ ਬੈਂਕ ਦੇ ਐੱਮਡੀ ਤੋਂ ਇਨਸਾਫ਼ ਤੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਡੀਐੱਸਪੀ ਮੁੱਲਾਂਪੁਰ ਗਰੀਬਦਾਸ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
ਬੈਂਕ ਦੇ ਮੈਨੇਜਰ ਤੇਜਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਰਹਿ ਚੁੱਕੇ ਮੈਨੇਜਰ ਵੱਲੋਂ ਕੀਤੇ ਘਪਲੇ ਦਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਬੈਂਕ ਦੇ ਐੱਮਡੀ ਰਣਜੀਤ ਸਿੰਘ ਨੇ ਪੱਖ ਜਾਣਨ ਲਈ ਕਹਿਣ ’ਤੇ ਫੋਨ ਕੱਟ ਦਿੱਤਾ।

Advertisement

Advertisement
Author Image

sukhwinder singh

View all posts

Advertisement
Advertisement
×