For the best experience, open
https://m.punjabitribuneonline.com
on your mobile browser.
Advertisement

ਕਰੋੜਾਂ ਦੀ ਸਰਕਾਰੀ ਜਾਇਦਾਦ ਬਣੀ ‘ਨਸ਼ਿਆਂ ਦਾ ਅੱਡਾ’

10:05 AM Sep 04, 2023 IST
ਕਰੋੜਾਂ ਦੀ ਸਰਕਾਰੀ ਜਾਇਦਾਦ ਬਣੀ ‘ਨਸ਼ਿਆਂ ਦਾ ਅੱਡਾ’
ਮੰਡੀ ਕਿੱਲਿਆਂਵਾਲੀ ‘ਚ ਮਾਲਵਾ ਬਾਈਪਾਸ ’ਤੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਖਾਲੀ ਇਮਾਰਤ ਅਤੇ (ਸੱਜੇ) ਨਸ਼ਾ ਵਿਕਣ ਦੇ ਦੋਸ਼ ਲਗਾਉਂਦੇ ਹੋਏ ਅਜੀਤ ਨਗਰ ਦੇ ਬਾਸ਼ਿੰਦੇ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 3 ਸਤੰਬਰ
ਮੰਡੀ ਕਿੱਲਿਆਂਵਾਲੀ ਵਿੱਚ ਮਾਲਵਾ ਰੋਡ ’ਤੇ ਪੰਜਾਬ ਮੰਡੀ ਬੋਰਡ ਦੀ ਕਰੋੜਾਂ ਰੁਪਏ ਦੀ ਜਾਇਦਾਦ- ਸਰਕਾਰੀ ਐਲੀਮੈਂਟਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਦੀਆਂ ਖਾਲੀ ਖੰਡਰ ਇਮਾਰਤਾਂ ਮੁਹੱਲਾ ਵਾਸੀਆਂ ਲਈ ਪਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ। ਸਕੂਲ ਦੀ ਖੰਡਰ ਇਮਾਰਤ ਕਥਿਤ ਪਰਚੂਨ ਨਸ਼ਾ ਤਸਕਰਾਂ ਅਤੇ ਗੈਰ-ਸਮਾਜੀ ਤੱਤਾਂ ਲਈ ਪਨਾਹਗਾਹ ਬਣ ਗਈ ਹੈ। ਖੁੱਲ੍ਹੇਆਮ ਵਿਕਦੇ ਨਸ਼ਿਆਂ ਤੇ ਗੈਰ-ਸਮਾਜੀ ਕਾਰਿਆਂ ਨੇ ਇਲਾਕੇ ਦਾ ਮਾਹੌਲ ਵਿਗਾੜ ਕੇ ਰੱਖ ਦਿੱਤਾ ਹੈ। ਅਜੀਤ ਨਗਰ ਦੇ ਮੁਹੱਲਾ ਵਾਸੀ ਖੰਡਰ ਇਮਾਰਤ ’ਚ ਵਿਕਦੇ ਮਾਰੂ ਨਸ਼ਿਆਂ ਤੇ ਗੈਰ ਸਮਾਜਿਕ ਕਾਰਿਆਂ ਤੋਂ ਬੇਹੱਦ ਪ੍ਰੇੇਸ਼ਾਨ ਹਨ।
ਐਲੀਮੈਂਟਰੀ ਸਕੂਲ ਦੇ ਨਾਲ ਸਥਿਤ ਸਰਕਾਰੀ ਮਿਡਲ ਸਕੂਲ ਦੀ ਖਾਲੀ ਇਮਾਰਤ ਵੀ ਨਾਜਾਇਜ਼ ਕਬਜ਼ੇਕਾਰੀ ਦੀ ਮਾਰ ਹੇਠ ਹੈ। ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਨਾ ਹੋਣ ਕਰਕੇ ਆਮ ਜਨਤਾ ਬੇਵੱਸ ਹੈ। ਪੁਲੀਸ-ਕਮ-ਸਿਵਲ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਨਾ ਚੁੱਕਣ ਕਾਰਨ ਮਾੜੇ ਅਨਸਰਾਂ ਨੂੰ ਸ਼ਹਿ ਮਿਲ ਰਹੀ ਹੈ। ਮੁਹੱਲਾ ਵਾਸੀਆਂ ਵੱਲੋਂ ਗਠਿਤ ਮੰਡੀ ਕਿਲਿਆਂਵਾਲੀ ਯੂਨਾਈਟਿਡ ਵੈੱਲਫੇਅਰ ਕਲੱਬ ਵੱਲੋਂ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਮਾਹੌਲ ’ਚ ਸੁਧਾਰ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਸਕੂਲ ਨਵੀਂ ਇਮਾਰਤ ਵਿੱਚ ਤਬਦੀਲ ਹੋਣ ਮਗਰੋਂ ਦੋਵੇਂ ਇਮਾਰਤਾਂ ਵਰ੍ਹਿਆਂ ਤੋਂ ਖਾਲੀ ਹਨ। ਕਰੀਬ 9-10 ਕਰੋੜ ਰੁਪਏ ਕੀਮਤ ਵਾਲਾ ਰਕਬਾ ਪੰਜਾਬ ਮੰਡੀ ਬੋਰਡ ਦੀ ਮਾਲਕੀ ਅਧੀਨ ਹੈ ਜਦਕਿ ਇਮਾਰਤਾਂ ਦੇ ਮਾਲਕੀ ਅਖ਼ਤਿਆਰ ਬੀ.ਡੀ.ਪੀ.ਓ. ਦਫ਼ਤਰ ਅਤੇ ਗ੍ਰਾਮ ਪੰਚਾਇਤ ਆਦਿ ਕੋਲ ਹਨ ਜਿਸਨੂੰ ਢਾਹੁਣ ਲਈ ਪ੍ਰਸ਼ਾਸਨਿਕ ਦਸਤਾਵੇਜ਼ੀ ਪ੍ਰਕਿਰਿਆ ਮੱਠੀ ਚਾਲ ਚੱਲ ਰਹੀ ਹੈ।
ਮੁਹੱਲਾ ਵਾਸੀ ਤੇ ਕਲੱਬ ਮੈਂਬਰਾਂ ਜਗਜੀਤ ਸਿੰਘ, ਮਨਜੀਤ ਸਿੰਘ, ਤੇਜਾ ਸਿੰਘ, ਤੀਰਥ ਸਿੰਘ, ਜਗਤਾਰ ਸਿੰਘ, ਸੁਖਵਿੰਦਰ ਸਿੰਘ, ਮੇਜਰ ਸਿੰਘ, ਸੁਨੀਤਾ ਰਾਣੀ, ਹਰਦਿਆਲ ਸਿੰਘ, ਰਾਮ ਦਾਸ, ਸੁਨੀਤਾ ਰਾਣੀ, ਵੀਰਪਾਲ ਕੌਰ ਨਰਿੰਦਰ ਕੌਰ ਨੇ ਦੋਸ਼ ਲਾਇਆ ਕਿ ਕਿਹਾ ਕਿ ਐਲੀਮੈਂਟਰੀ ਸਕੂਲ ਵਿੱਚ ਇੱਕ ਔਰਤ ਸ਼ਰ੍ਹੇਆਮ ਚਿੱਟਾ ਵੇਚਦੀ ਹੈ। ਇੱਥੇ ਕਥਿਤ ਜਿਸਮਫਰੋਸ਼ੀ ਦਾ ਧੰਦਾ ਵੀ ਚੱਲਦਾ ਹੈ ਤੇ ਇੱਥੇ ਗਲਤ ਕਿਸਮ ਦੇ ਲੋਕ ਆਉਂਦੇ-ਜਾਂਦੇ ਰਹਿੰਦੇ ਹਨ। ਮੁਹੱਲਾ ਵਾਸੀਆਂ ਨੂੰ ਘਰਾਂ ’ਚ ਚੋਰੀ ਦਾ ਖੌਫ਼ ਵੀ ਬਣਿਆ ਰਹਿੰਦਾ ਹੈ।
ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਅਮਨਦੀਪ ਸਿੰਘ ਕੰਗ ਨੇ ਕਿਹਾ ਕਿ ਇਮਾਰਤ ਉਸਾਰੀ ’ਤੇ ਪੰਚਾਇਤੀ ਫੰਡ ਦੀ ਵਰਤੋਂ ਹੋਣ ਕਰਕੇ ਬੀ.ਡੀ.ਪੀ.ਓ. ਲੰਬੀ ਅਤੇ ਗ੍ਰਾਮ ਪੰਚਾਇਤ ਮੰਡੀ ਕਿੱਲਿਆਂਵਾਲੀ ਤੋਂ ਟਿੱਪਣੀ ਮੰਗੀ ਗਈ ਹੈ, ਜਿਨ੍ਹਾਂ ਦਾ ਜਵਾਬ ਆਉਣ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਇਸ ਮਾਮਲੇ ਸਬੰਧੀ ਥਾਣਾ ਕਿੱਲਿਆਂਵਾਲੀ ਦੇ ਮੁਖੀ ਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਨਸ਼ਿਆਂ ਖਿਲਾਫ਼ ਇਲਾਕੇ ਭਰ ਸਮੇਤ ਮਾਲਵਾ ਰੋਡ ’ਤੇ ਸਮੇਂ-ਸਮੇਂ ’ਤੇ ਤਲਾਸ਼ੀ ਮੁਹਿੰਮ ਚਲਾਈ ਜਾਂਦੀ ਹੈ। ਹੁਣ ਫ਼ਿਰ ਪੜਤਾਲ ਕਰਕੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਪੁਲੀਸ ਨਸ਼ਿਆਂ ਖ਼ਿਲਾਫ਼ ਲਗਾਤਾਰ ਸਰਗਰਮ ਹੈ।

Advertisement

Advertisement
Advertisement
Author Image

sukhwinder singh

View all posts

Advertisement