ਬਿਜਲੀ ਕੱਟਾਂ ਤੇ ਨਹਿਰੀਬੰਦੀ ਕਾਰਨ ਫ਼ਸਲਾਂ ਸੁੱਕਣ ਲੱਗੀਆਂ: ਸੁਖਬੀਰ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 9 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਬਿਜਲੀ ਕਟੌਤੀ ਅਤੇ ਨਹਿਰੀਬੰਦੀ ਕਾਰਨ ਖੇਤਾਂ ’ਚ ਖੜ੍ਹੀ ਝੋਨੇ ਦੀ ਫ਼ਸਲ ਸੁੱਕਣ ਲੱਗੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਇਸ ਮੁੱਦੇ ’ਤੇ ਘੇਰਦਿਆਂ ਆਖਿਆ ਕਿ ਮੁੱਖ ਮੰਤਰੀ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ ਕਿ ਖੇਤੀ ਸੈਕਟਰ ’ਚ ਸਰਕਾਰ ਬਿਜਲੀ ਦੀ ਕੋਈ ਕਮੀ ਨਹੀਂ ਰਹਿਣ ਦੇਵੇਗੀ ਪਰ ਇਸ ਦੇ ਉਲਟ ਹਾਲਾਤ ਸੋਕੇ ਵਾਲੇ ਬਣ ਗਏ ਹਨ।
ਸ੍ਰੀ ਬਾਦਲ ਨੇ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਖੇਤਾਂ ਦਾ ਦੌਰਾ ਕਰਦਿਆਂ ਕਿਹਾ ਕਿ ਖੇਤੀ ਸੈਕਟਰ ਨੂੰ ਬਿਜਲੀ ਸਿਰਫ ਘੰਟਾ, ਡੇਢ ਘੰਟਾ ਹੀ ਮਿਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੁਆਂਢੀ ਸੂਬੇ ਰਾਜਸਥਾਨ ਨੂੰ ਪੰਜਾਬ ਤੋਂ ਨਹਿਰੀ ਪਾਣੀ ਪੂਰੀ ਮਾਤਰਾ ’ਚ ਜਾ ਰਿਹਾ ਹੈ ਪਰ ਸੂਬੇ ਦੀਆਂ ਆਪਣੀਆਂ ਨਹਿਰਾਂ ਤੇ ਕੱਸੀਆਂ ਸੁੱਕੀਆਂ ਪਈਆਂ ਹਨ।
ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਖੇਤੀ ਸੈਕਟਰ ਦੀ ਬਿਜਲੀ ਪੂਰਤੀ ਲਈ ਜੇ ਸਰਕਾਰ ਨੂੰ ਬਿਜਲੀ ਖ਼ਰੀਦਣ ਦੀ ਜ਼ਰੂਰਤ ਹੈ ਤਾਂ ਉਹ ਪਹਿਲ ਦੇ ਆਧਾਰ ’ਤੇ ਖ਼ਰੀਦਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਨੂੰ ਸਰਪਲੱਸ ਬਿਜਲੀ ਸੂਬਾ ਬਣਾਇਆ ਗਿਆ ਸੀ ਜਿਸ ਸਦਕਾ ਹਾਲੇ ਤੱਕ ਫਾਇਦਾ ਮਿਲ ਰਿਹਾ ਹੈ। ਉਨ੍ਹਾਂ ‘ਆਪ’ ਸਰਕਾਰ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਆਪਣੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਇਕ ਵੀ ਯੂਨਿਟ ਬਿਜਲੀ ਪੈਦਾ ਕਰਨ ਦਾ ਕੋਈ ਨਵਾਂ ਪ੍ਰਾਜੈਕਟ ਸਥਾਪਿਤ ਨਹੀਂ ਕੀਤਾ।
ਅੱਠ ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵੇ ’ਤੇ ਸਵਾਲ ਚੁੱਕੇ
ਲੰਬੀ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਠ ਘੰਟੇ ਬਿਜਲੀ ਦੇ ਵਾਅਦਿਆਂ ਨੂੰ ਹਕੀਕਤ ਤੋਂ ਕੋਹਾਂ ਦੂਰ ਦੱਸਦਿਆਂ ਕਿਹਾ ਕਿ ਸੂਬੇ ਭਰ ’ਚ ਟਿਊਬਵੈੱਲਾਂ ਨੂੰ ਸਿਰਫ਼ ਘੰਟਾ-ਡੇਢ ਘੰਟਾ ਬਿਜਲੀ ਆਉਣ ਖੇਤਾਂ ’ਚ ਝੋਨੇ ਦੀ ਫ਼ਸਲ ਸੁੱਕ ਰਹੀ ਹੈ। ਉਹ ਮੰਡੀ ਕਿੱਲਿਆਂਵਾਲੀ ਵਿਚ ਪਿੰਡ ਵਾਸੀਆਂ ਨਾਲ ਰੂਬਰੂ ਹੋਏ। ਕਸਬਾ ਵਾਸੀਆਂ ਨੇ ਉਨ੍ਹਾਂ ਨੂੰ ਪਿੰਡ ਦੀਆਂ ਸਮੱਸਿਆਵਾਂ ਦੱਸੀਆਂ ਜਿਨ੍ਹਾਂ ਦੇ ਹੱਲ ਲਈ ਸ੍ਰੀ ਬਾਦਲ ਨੇ ਉੱਚ ਅਧਿਕਾਰੀਆਂ ਨੂੰ ਤੁਰੰਤ ਸਮੱਸਿਆ ਹੱਲ ਕਰਨ ਲਈ ਕਿਹਾ।