For the best experience, open
https://m.punjabitribuneonline.com
on your mobile browser.
Advertisement

ਫ਼ਸਲਾਂ ਤੇ ਨਸਲਾਂ

06:14 AM Sep 26, 2023 IST
ਫ਼ਸਲਾਂ ਤੇ ਨਸਲਾਂ
Advertisement

ਅਮਰੀਕ ਸਿੰਘ ਦਿਆਲ

ਪਿੰਡ ਨੇੜਲੇ ਜੰਗਲ ਵਿਚਕਾਰ ਪੈਂਦੇ ਸਾਂਝੇ ਥਾਂ ’ਤੇ ਤ੍ਰਿਵੈਣੀਆਂ ਲਗਾਉਣ ਦਾ ਖਿਆਲ ਕਈ ਸਾਲਾਂ ਤੋਂ ਮਨ ਅੰਦਰ ਉਸਲਵੱਟੇ ਲੈ ਰਿਹਾ ਸੀ। ਵਾਤਾਵਰਨ ਦਿਵਸ ਮੌਕੇ ਅਣਗਿਣਤ ਪੋਸਟਾਂ ਪੜ੍ਹ ਕੇ ਵਧਿਆ ਉਤਸ਼ਾਹ ਹੌਲ਼ੀ ਹੌਲ਼ੀ ਮੱਠਾ ਪੈ ਜਾਂਦਾ। ਗਰਮੀਆਂ ਦੀਆਂ ਛੁੱਟੀਆਂ ਵਿਚ ਟੂਰ ਤੋਂ ਪਰਤ ਕੇ ਪੱਕਾ ਮਨ ਬਣਾ ਲਿਆ ਕਿ ਐਤਕੀਂ ਦਿਲ ਦੀਆਂ ਦਿਲ ਵਿਚ ਨਹੀਂ ਰਹਿਣ ਦੇਣੀਆਂ। ਸਾਡੇ ਬੀਤ ਇਲਾਕੇ ਦੇ ਪਿੰਡ ਬੀਣੇਵਾਲ ਦੀ ਗਰੀਨ ਵਿਲੇਜ਼ ਵੈੱਲਫੇਅਰ ਸੁਸਾਇਟੀ ਨੇ ਸੈਂਕੜੇ ਬੂਟੇ ਲਗਾਏ ਹਨ ਅਤੇ ਕਾਮਯਾਬ ਵੀ ਕੀਤੇ ਹਨ। ਵੱਡੀ ਗਿਣਤੀ ਲੋਕਾਂ ਨੂੰ ਨਾਲ਼ ਜੋੜਿਆ ਹੀ ਨਹੀਂ, ਉਨ੍ਹਾਂ ਦੀਆਂ ਦਾਨ ਤਰਜੀਹਾਂ ਨੂੰ ਵੀ ਬਦਲਿਆ ਹੈ। ਤ੍ਰਿਵੈਣੀਆਂ ਅਤੇ ਹੋਰ ਨਸਲਾਂ ਦੇ ਬੂਟੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ, ਬਰਸੀ ਮੌਕੇ ਲਗਾਉਣ ਦੀ ਪਿਰਤ ਪਾ ਕੇ ਜਿਊਂਦਿਆਂ ਅਤੇ ਮੋਇਆਂ ਦੀਆਂ ਚਿਰ-ਸਥਾਈ ਯਾਦਗਾਰਾਂ ਉਸਾਰਨ ਦਾ ਸਿਲਸਿਲਾ ਜਾਰੀ ਹੈ। ਦੇਖਾ-ਦੇਖੀ ਕਈ ਪਿੰਡਾਂ ਦੇ ਸੁਹਿਰਦ ਲੋਕਾਂ ਦਾ ਧਿਆਨ ਇਸ ਪਾਸੇ ਗਿਆ ਹੈ। ਇੱਕ ਵਾਰ ਮੈਂ ਇੱਕ ਸੁਹਿਰਦ ਅਫਸਰ ਨਾਲ ਆਪਣੇ ਇਲਾਕੇ ਦੇ ਨੀਮ-ਪਹਾੜੀ ਹੋਣ ਅਤੇ ਪਛੜੇਪਨ ਦਾ ਰੋਣਾ ਰੋਇਆ ਸੀ। ਉਸ ਦਾ ਜਵਾਬ ‘ਕੁਦਰਤ ਨੇ ਤੁਹਾਨੂੰ ਕਿੰਨਾ ਕੁਝ ਦਿੱਤਾ ਹੈ’ ਸੁਣ ਕੇ ਸੱਚਮੁੱਚ ਆਪਣੀ ਅਮੀਰੀ ਦਾ ਅਹਿਸਾਸ ਹੋਇਆ ਸੀ। ਸਾਡੇ ਕੋਲ਼ ਕਿੰਨੇ ਸੋਹਣੇ ਪਹਾੜ ਹਨ, ਕਿੰਨੀ ਹਰਿਆਲੀ ਹੈ। ਕੀ ਅਸੀਂ ਇਸ ਨੂੰ ਸੰਭਾਲ ਵੀ ਨਹੀਂ ਸਕਦੇ? ਬੱਸ ਇਹ ਸਵਾਲ ਪਿੱਛਾ ਕਰਦਾ ਰਿਹਾ।
ਜੁਲਾਈ ਦੇ ਪਹਿਲੇ ਹਫ਼ਤੇ ਜੰਗਲਾਤ ਵਿਭਾਗ ਦੀਆਂ ਨਰਸਰੀਆਂ ਤੋਂ ਬੂਟੇ ਮਿਲਣੇ ਸ਼ੁਰੂ ਹੋ ਜਾਂਦੇ ਹਨ। ਪਿੱਪਲ ਅਤੇ ਨਿੰਮ ਦੇ ਬੂਟੇ ਤਾਂ ਮਿਲ ਗਏ ਪਰ ਬੋਹੜ ਦੇ ਬੂਟਿਆਂ ਲਈ ਜੱਦੋ-ਜਹਿਦ ਕਰਨੀ ਪਈ। ਕੁੱਲ ਮਿਲ਼ਾ ਕੇ ਪੰਜ ਤ੍ਰਿਵੈਣੀਆਂ, ਭਾਵ ਪੰਦਰਾਂ ਬੂਟੇ ਤਿਆਰ ਸਨ। ਪਥਰੀਲੀ ਅਤੇ ਚੀਕਣੀ ਮਿੱਟੀ ਦੇ ਰਲ਼ੇਵੇਂ ਵਾਲ਼ੀ ਜ਼ਮੀਨ ਵਿਚ ਜੇਸੀਬੀ ਤੋਂ ਟੋਏ ਕਢਵਾਉਣ ਪਿੱਛੋਂ ਸੋਚਿਆ ਕਿ ਬੂਟਿਆਂ ਦੇ ਦੁਆਲੇ ਬਾਂਸ ਦੇ ਮਜ਼ਬੂਤ ਡੰਡੇ ਗੱਡ ਕੇ ਚੁਫੇਰਿਓਂ ਕੰਡਿਆਲੀ ਤਾਰ ਘੁੰਮਾ ਦਿਆਂਗੇ। ਜੰਗਲੀ ਜਾਨਵਰਾਂ ਤੋਂ ਬਚਾਅ ਲਈ ਇਹ ਕਾਫ਼ੀ ਹੋਵੇਗਾ। ਇਹ ਸੋਚ ਕੇ ਟਰਾਲੀ ਵਿਚ ਬਾਂਸ ਲੱਦ ਕੇ ਤ੍ਰਿਵੈਣੀਆਂ ਵਾਲ਼ੇ ਸਥਾਨ ’ਤੇ ਸੁੱਟੇ ਹੀ ਸੀ ਕਿ ਅੰਬ ਦੀ ਛਾਂ ਹੇਠ ਬੈਠਾ ਚਰਵਾਹਾ ਆਪ-ਮੁਹਾਰੇ ਬੋਲ ਪਿਆ, “ਕਿੱਧਰ ਭੁੱਲੇ ਫਿਰਦੇ ਓ ਮਾਸਟਰ ਜੀ, ਇਹ ਜੰਗਲੀ ਜਾਨਵਰਾਂ ਨੇ ਕਿੱਥੇ ਛੱਡਣੇ।” ਗੱਲ ਉਸ ਦੀ ਠੀਕ ਸੀ, ਇਸ ਪੱਖੋਂ ਉਸ ਦਾ ਤਜਰਬਾ ਵੀ ਵੱਧ ਸੀ। ਕੀਤੀ ਕਰਾਈ ਮਿਹਨਤ ਸਿਫਰ ਹੋ ਗਈ ਜਾਪਦੀ ਸੀ। ਫਿਰ ਉਸ ਦੀ ਸਲਾਹ ਮੁਤਾਬਕ ਲੋਹੇ ਦੇ ਮਜ਼ਬੂਤ ਐਂਗਲ ਅਤੇ 5 ਵਰਗ ਫੁੱਟ ਦੀ ਜਾਲ਼ੀਦਾਰ ਵਾੜ ਤਿਆਰ ਕਰਵਾਈ ਗਈ। ਜਾਲ਼ੀਦਾਰ ਵਾੜ ਤਿਆਰ ਕਰ ਕੇ ਤਸੱਲੀ ਸੀ ਕਿ ਜਾਨਵਰ ਹੁਣ ਬੂਟਿਆਂ ਦਾ ਕੁਝ ਨਹੀਂ ਵਿਗਾੜ ਸਕਣਗੇ।
ਜਾਲ਼ੀਦਾਰ ਢਾਂਚਾ ਜੰਗਲ ਤੱਕ ਪੁੱਜਦਾ ਕੀਤਾ ਹੀ ਸੀ ਕਿ ਝਾੜੀਆਂ ਵਿਚੋਂ ਜੰਗਲੀ ਕਰੇਲੇ ਤੋੜਦੇ ਚਰਵਾਹੇ ਪੈਂਦੀ ਸੱਟੇ ਹੀ ਬੋਲ ਪਏ, “ਮੁਸ਼ਕਲ ਐ ਜੀ... ਇਹ... ਵਾਲ਼ਿਆਂ ਨੇ ਕਿੱਥੇ ਛੱਡਣੇ। ਪਿਛਲੇ ਮਹੀਨੇ ਖੇਤਾਂ ਦੁਆਲੇ ਲਗਾਈ ਕਈ ਕੁਇੰਟਲ ਜਾਲ਼ੀਦਾਰ ਵਾੜ ਕੱਟ ਕੇ ਲੈ ਗਏ, ਕੋਈ ਥਹੁ-ਪਤਾ ਨੀ ਲੱਗਿਆ। ਇਹ ਤਾਂ ਹੁਣ ਧਾਰਮਿਕ ਸਥਾਨਾਂ ਦੀਆਂ ਗੋਲਕਾਂ ਤੋਂ ਬਾਅਦ ਘਰਾਂ ਦੇ ਭਾਂਡੇ-ਟੀਂਡਿਆਂ ਵੱਲ ਹੋ ਤੁਰੇ ਨੇ।” ਪਿਛਲੇ ਸਮੇਂ ਦੌਰਾਨ ਧਾਰਮਿਕ ਸਥਾਨਾਂ ਦੀਆਂ ਕਾਫ਼ੀ ਗੋਲਕਾਂ ਟੁੱਟੀਆਂ ਸਨ। ਬਚਾਅ ਲਈ ਕੈਮਰੇ ਵੀ ਲਗਾਏ ਗਏ ਪਰ ਚੋਰ ਡੀਵੀਡੀ ਹੀ ਪੁੱਟ ਲੈ ਗਏ। ਨਾ ਰਹੇਗਾ ਬਾਂਸ, ਨਾ ਵੱਜੇਗੀ ਬਾਂਸਰੀ।...
ਉਹ ਅਜਿਹੀਆਂ ਕਿੰਨੀਆਂ ਗੱਲਾਂ ਦੱਸ ਗਏ ਸਨ। ਹੁਣ ਮਜ਼ਬੂਤ ਜਾਲ਼ੀਦਾਰ ਵਾੜ ਤਿਆਰ ਕਰਨ ਤੋਂ ਬਾਅਦ ਵੀ ਬੂਟਿਆਂ ਦੀ ਸੁਰੱਖਿਆ ਦਾ ਮਸਲਾ ਜਿਉਂ ਦਾ ਤਿਉਂ ਸੀ। ਕੌਣ ਹਨ ਇਹ ਜਿਨ੍ਹਾਂ ਤੋਂ ਖਤਰਾ ਪੈਦਾ ਹੋ ਗਿਆ? ਆਖ਼ਰ ਆਪਣੇ ਹੀ ਤਾਂ ਬੱਚੇ ਹਨ। ਬਸ, ਥੋੜ੍ਹਾ ਕੁਰਾਹੇ ਤੁਰ ਪਏ ਹਨ। ਕੀ ਇਨ੍ਹਾਂ ਨੂੰ ਰਾਹੇ ਨਹੀਂ ਪਾਇਆ ਜਾ ਸਕਦਾ? ਗੇਲੀਆਂ ਵਰਗੇ ਜਵਾਨ ਦਿਨੋ-ਦਿਨ ਹੱਡੀਆਂ ਦੀ ਮੁੱਠ ਬਣ ਰਹੇ ਹਨ। ਮੇਰਾ ਧਿਆਨ ਇੱਕਦਮ ਕੰਢੀ ਖੇਤਰ ਦੇ ਹਜ਼ਾਰਾਂ ਕਿਸਾਨਾਂ ਵੱਲ ਖਿੱਚਿਆ ਗਿਆ। ਫ਼ਸਲ ਦੀ ਰਾਖੀ ਲਈ ਦਿਨ-ਰਾਤ ਇੱਕ ਕਰ ਦਿੰਦੇ ਹਨ। ਨਾ ਦਿਨ ਨੂੰ ਚੈਨ, ਨਾ ਰਾਤ ਨੂੰ ਝਪਕੀ ਲੈਣ ਦਾ ਵਕਤ। ਜੰਗਲੀ ਜਾਨਵਰ ਅੱਖ ਦੇ ਫੋਰ ਵਿਚ ਹੀ ਖੇਤ ਚਟਮ ਕਰ ਜਾਂਦੇ। ਜੇ ਅਸੀਂ ਵਾਤਾਵਰਨ ਵਿਚ ਆਏ ਵਿਗਾੜ ਬੂਟੇ ਲਗਾ ਕੇ ਸੰਤੁਲਿਤ ਕਰਨ ਦਾ ਯਤਨ ਕਰ ਸਕਦੇ ਹਾਂ, ਖੇਤਾਂ ਵਿਚਲੀ ਫ਼ਸਲ ਦੀ ਰਖਵਾਲੀ ਲਈ ਮਣ੍ਹੇ ਬਣਾ ਸਕਦੇ ਹਾਂ ਤਾਂ ਫਿਰ ਇਨ੍ਹਾਂ ਬੱਚਿਆਂ ਲਈ ਮਣ੍ਹਾ ਨਹੀਂ ਬਣ ਸਕਦੇ? ਕੌਣ ਉਜਾੜਨਾ ਚਾਹੁੰਦਾ ਹੈ ਇਨ੍ਹਾਂ ਨੂੰ? ‘ਹੋਊ ਪਰੇ’ ਵਾਲੀ ਸੋਚ ਤਿਆਗ ਕੇ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਅੱਗ ਦਾ ਸੇਕ ਕਿਤੇ ਸਾਡੇ ਘਰਾਂ ਵੱਲ ਤਾਂ ਨਹੀਂ ਆ ਰਿਹਾ? ਸੋਚਣ ਦਾ ਵੇਲਾ ਹੈ।
ਸੰਪਰਕ: 94638-51568

Advertisement

Advertisement
Advertisement
Author Image

joginder kumar

View all posts

Advertisement