ਮਾਛੀਵਾੜਾ ਮੰਡੀ ’ਚ ਆੜ੍ਹਤੀਆਂ ਵੱਲੋਂ ਫ਼ਸਲ ਦੀ ਖ਼ਰੀਦ ਬੰਦ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 15 ਅਕਤੂਬਰ
ਮਾਛੀਵਾੜਾ ਅਨਾਜ ਮੰਡੀ ਵਿਚ ਝੋਨੇ ਦੀ ਸਰਕਾਰੀ ਖਰੀਦ 10 ਅਕਤੂਬਰ ਨੂੰ ਸ਼ੁਰੂ ਹੋਈ ਸੀ ਅਤੇ ਅੱਜ ਪੰਜ ਦਿਨ ਬਾਅਦ 15 ਅਕਤੂਬਰ ਨੂੰ ਸਮੂਹ ਆੜ੍ਹਤੀਆਂ ਨੇ ਮੀਟਿੰਗ ਕਰ ਫ਼ਸਲ ਖਰੀਦ ਦਾ ਕੰਮ ਬੰਦ ਕਰ ਦਿੱਤਾ ਹੈ। ਮਾਛੀਵਾੜਾ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਮੋਹਿਤ ਕੁੰਦਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਉਪਰੰਤ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ 5 ਦਿਨਾਂ ਵਿੱਚ 10 ਲੱਖ ਬੋਰੀ ਝੋਨੇ ਦੀ ਖਰੀਦੀ ਜਾ ਚੁੱਕੀ ਹੈ ਪਰ ਸ਼ੈਲਰ ਮਾਲਕਾਂ ਨੂੰ ਅਲਾਟਮੈਂਟ ਨਾ ਹੋਣ ਕਾਰਨ ਮੰਡੀ ’ਚ ਝੋਨੇ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਮਾਛੀਵਾੜਾ ਇਲਾਕੇ ਵਿੱਚ 32 ਸ਼ੈਲਰ ਹਨ, ਕੇਵਲ 1 ਸ਼ੈਲਰ ਨੂੰ ਅਲਾਟਮੈਂਟ ਹੋਈ ਹੈ ਜਦਕਿ 31 ਸ਼ੈਲਰ ਮਾਲਕਾਂ ਨੇ ਪਿਛਲੇ ਆਰਥਿਕ ਘਾਟੇ ਨੂੰ ਦੇਖਦਿਆਂ ਅਤੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਮੰਡੀਆਂ ’ਚੋਂ ਝੋਨਾ ਚੁੱਕਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ। ਪ੍ਰਧਾਨ ਸ੍ਰੀ ਕੁੰਦਰਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ 72 ਘੰਟੇ ਵਿੱਚ ਫ਼ਸਲ ਲਿਫਟਿੰਗ ਦਾ ਵਿਸ਼ਵਾਸ ਦਿੱਤਾ ਗਿਆ ਸੀ ਪਰ ਉਹ ਪੂਰਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਵੱਲੋਂ ਅੱਜ ਆੜ੍ਹਤੀਆਂ ਨੂੰ ਬਾਰਦਾਨਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਜਦਕਿ ਦੂਸਰੇ ਪਾਸੇ ਮੰਡੀਆਂ ਵਿੱਚ ਫ਼ਸਲ ਵੇਚਣ ਆਏ ਕਿਸਾਨ ਕਈ ਕਈ ਦਿਨਾਂ ਤੋਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ ਕਿ ਕਦੋਂ ਉਨ੍ਹਾਂ ਦੀ ਫ਼ਸਲ ਤੁਲਾਈ ਹੋਵੇ ਅਤੇ ਉਹ ਆਪਣੇ ਘਰਾਂ ਨੂੰ ਜਾ ਸਕਣ। ਉਨ੍ਹਾਂ ਕਿਹਾ ਕਿ ਅੱਜ ਵੀ ਮਾਛੀਵਾੜਾ ਮੰਡੀ ਤੋਂ ਇਲਾਵਾ ਉਪ ਖਰੀਦ ਕੇਂਦਰ ਹੇਡੋਂ ਬੇਟ, ਲੱਖੋਵਾਲ, ਸ਼ੇਰਪੁਰ ਬੇਟ ਅਤੇ ਬੁਰਜ ਪਵਾਤ ਵਿਚ 10 ਲੱਖ ਤੋਂ ਵੱਧ ਬੋਰੀ ਫਸਲ ਤੁਲਾਈ ਦੇ ਇੰਤਜ਼ਾਰ ਵਿਚ ਪਈ ਹੈ ਜਦਕਿ ਕਿਸਾਨ ਰੋਜ਼ਾਨਾ ਟਰਾਲੀਆਂ ਭਰ ਕੇ ਆਪਣੀ ਫਸਲ ਵੇਚਣ ਲਈ ਤੇਜ਼ੀ ਨਾਲ ਆ ਰਹੇ ਹਨ। ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਅੱਜ ਮੀਟਿੰਗ ’ਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਦੋਂ ਤੱਕ ਖਰੀਦ ਏਜੰਸੀਆਂ ਲੋੜੀਂਦਾ ਬਾਰਦਾਨਾ ਮੁਹੱਈਆ ਨਹੀਂ ਕਰਵਾਉਂਦੀਆਂ ਅਤੇ ਪ੍ਰਸ਼ਾਸਨ ਲਿਫਟਿੰਗ ਨਹੀਂ ਕਰਵਾਉਂਦਾ, ਉਦੋਂ ਤੱਕ ਆੜ੍ਹਤੀ ਮੰਡੀਆਂ ਵਿੱਚ ਖਰੀਦ ਦਾ ਕੰਮ ਬੰਦ ਰੱਖਣਗੇ। ਉਨ੍ਹਾਂ ਕਿਹਾ ਕਿ ਜੇਕਰ ਭਲਕੇ ਪ੍ਰਸਾਸ਼ਨ ਨੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਹ ਮਜਬੂਰਨ ਕਿਸਾਨਾਂ-ਮਜ਼ਦੂਰਾਂ ਨੂੰ ਨਾਲ ਲੈ ਕੇ ਸੜਕਾਂ ’ਤੇ ਉਤਰਨਗੇ। ਇਸ ਮੌਕੇ ਗੁਰਨਾਮ ਸਿੰਘ ਨਾਗਰਾ, ਟਹਿਲ ਸਿੰਘ ਔਜਲਾ, ਅਮਰੀਕ ਸਿੰਘ ਔਜਲਾ, ਕਪਿਲ ਆਨੰਦ, ਪਰਮਿੰਦਰ ਗੁਲਿਆਣੀ, ਨਿਤਿਨ ਜੈਨ, ਰਾਜਵਿੰਦਰ ਸਿੰਘ ਸੈਣੀ, ਮੇਜਰ ਸਿੰਘ ਰਹੀਮਾਬਾਦ, ਬਲਵਿੰਦਰ ਸਿੰਘ ਬਿੰਦਰ, ਪ੍ਰਵੀਨ ਖੋਸਲਾ, ਅਰਵਿੰਦਰਪਾਲ ਸਿੰਘ ਵਿੱਕੀ, ਸ਼ਸ਼ੀ ਭਾਟੀਆ, ਪ੍ਰਿੰਸ ਮਿੱਠੇਵਾਲ, ਲਖਵੀਰ ਸਿੰਘ, ਪੁਨੀਤ ਜੈਨ, ਹਰਕੇਸ਼ ਨਹਿਰਾ, ਜੈਦੀਪ ਸਿੰਘ ਕਾਹਲੋਂ, ਜਤਿਨ ਚੌਰਾਇਆ, ਹੈਪੀ ਬਾਂਸਲ, ਪਰਨੀਤ ਸਿੰਘ ਕਾਹਲੋਂ, ਐਡਵੋਕੇਟ ਗੁਰਜੀਤ ਸਿੰਘ ਮਿੱਠੇਵਾਲ, ਸਰਬਜੀਤ ਸਿੰਘ, ਬਿੰਨੀ ਜੈਨ, ਅਮਿਤ ਭਾਟੀਆ ਅਤੇ ਮਨੋਜ ਕੁਮਾਰ ਵੀ ਮੌਜੂਦ ਸਨ।