ਸਰਕਾਰ ਦੇ ਸਿੱਖਿਆ ਮਾਡਲ ਦੀ ਨਿਖੇਧੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 20 ਜੁਲਾਈ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ‘ਸਕੂਲ ਆਫ਼ ਐਮੀਨੈਸ’ ਦੇ ਹਰੇਕ ਵਿਦਿਆਰਥੀ ਦੀ ਵਰਦੀ ’ਤੇ ਚਾਰ ਹਜ਼ਾਰ ਰੁਪਏ ਖਰਚ ਕਰਨ ਦੇ ਕੀਤੇ ਐਲਾਨ ਦਾ ਨੋਟਿਸ ਲਿਆ ਹੈ ਅਤੇ ਇਸ ਨੂੰ ਸਮਾਨਤਾ ਦੇ ਅਧਿਕਾਰ ਦੀ ਉਲੰਘਣਾ ਕਰਾਰ ਦਿੱਤਾ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਨੇ ਕਿਹਾ ਕਿ ਪਿਛਲੇ ਦਨਿੀਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ‘ਸਕੂਲ ਆਫ ਐਮੀਨੈਂਸ’ ਦੇ ਹਰੇਕ ਵਿਦਿਆਰਥੀ ਦੀ ਵਰਦੀ ’ਤੇ 4,000/- ਰੁਪਏ ਖਰਚ ਕੀਤੇ ਜਾਣਗੇ। ਉਂਜ ਇੱਕ ਸਾਧਾਰਨ ਸਰਕਾਰੀ ਸਕੂਲ ਦੇ ਵਿਦਿਆਰਥੀ ਦੀ ਵਰਦੀ ਲਈ ਸਰਕਾਰ ਵੱਲੋਂ ਮਹਿਜ 600/- ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਗਰਾਂਟ ਜਾਰੀ ਕੀਤੀ ਜਾਂਦੀ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਭਗਵੰਤ ਮਾਨ ਦਾ ਇਹ ਕਥਿਤ ਸਿੱਖਿਆ ਮਾਡਲ ਸਮਾਨਤਾ ਦੇ ਅਧਿਕਾਰ ਦੀਆਂ ਧੱਜੀਆਂ ਉਡਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਗਰਮੀ ਅਤੇ ਸਰਦੀ ਦੋਨਾਂ ਮੌਸਮਾਂ ਦੀਆਂ ਵਰਦੀਆਂ ਖਰੀਦਣ ਲਈ 4000 ਰੁਪਏ ਦੀ ਰਾਸ਼ੀ ਕੋਈ ਜ਼ਿਆਦਾ ਨਹੀਂ । ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਉਹ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਵਰਦੀ ਲਈ ਰਾਸ਼ੀ ਵਧਾਏ ਜਾਣ ਦਾ ਸਵਾਗਤ ਕਰਦੇ ਹਨ ਬਸ਼ਰਤੇ ਕਿ ਇਹ ਵਾਧਾ ਸਿਰਫ ਕੁਝ ਚੋਣਵੇਂ ਸਕੂਲਾਂ ਲਈ ਹੀ ਨਾ ਕੀਤਾ ਜਾਵੇ ਸਗੋਂ ਸਾਰੇ ਵਿਦਿਆਰਥੀਆਂ ਲਈ ਕੀਤਾ ਜਾਵੇ।