For the best experience, open
https://m.punjabitribuneonline.com
on your mobile browser.
Advertisement

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਭਾਰਤ ਦੀ ਆਲੋਚਨਾ

07:27 AM Dec 08, 2023 IST
ਅਮਰੀਕੀ ਸੰਸਦ ਮੈਂਬਰਾਂ ਵੱਲੋਂ ਭਾਰਤ ਦੀ ਆਲੋਚਨਾ
Advertisement

ਵਾਸ਼ਿੰਗਟਨ: ਨਿਊਯਾਰਕ ’ਚ ਇੱਕ ਸਿੱਖ ਵੱਖਵਾਦੀ ਆਗੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ’ਚ ਇੱਕ ਭਾਰਤੀ ਅਧਿਕਾਰੀ ਦੇ ਸ਼ਾਮਲ ਹੋਣ ਦੇ ਦੋਸ਼ਾਂ ਮਗਰੋਂ ਅਮਰੀਕੀ ਸੰਸਦ ਮੈਂਬਰਾਂ ਦੇ ਇੱਕ ਗਰੁੱਪ ਨੇ ਭਾਰਤ ਦੀ ਆਲੋਚਨਾ ਕੀਤੀ ਹੈ। ਅਮਰੀਕੀ ਵਕੀਲਾਂ ਨੇ ਉਸ ਵਿਅਕਤੀ ਨਾਲ ਇੱਕ ਭਾਰਤੀ ਅਧਿਕਾਰੀ ਦਾ ਸਬੰਧ ਦੱਸਿਆ ਹੈ ਜਿਸ ’ਤੇ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਗਿਆ ਹੈ। ਸੰਸਦ ਮੈਂਬਰਾਂ ਨੇ ਵਿਦੇਸ਼ੀ ਸਬੰਧਾਂ ਬਾਰੇ ਸੰਸਦੀ ਕਮੇਟੀ ਵੱਲੋਂ ‘ਕੌਮਾਂਤਰੀ ਕੰਟਰੋਲ: ਅਧਿਕਾਰਾਂ ਤੇ ਸੁਰੱਖਿਆ ਲਈ ਇੱਕ ਆਲਮੀ ਖਤਰਾ’ ਵਿਸ਼ੇ ’ਤੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਇਹ ਗੱਲ ਕਹੀ। ਇਹ ਸਮਾਗਮ ਚੀਨ ਨੂੰ ਕੇਂਦਰ ’ਚ ਰੱਖ ਕੇ ਕਰਵਾਇਆ ਗਿਆ ਸੀ ਪਰ ਕੈਨੇਡਾ ਤੇ ਅਮਰੀਕਾ ਦੇ ਦੋਸ਼ਾਂ ਦੇ ਸਬੰਧ ਵਿੱਚ ਕਈ ਵਾਰ ਭਾਰਤ ਦਾ ਜ਼ਿਕਰ ਕੀਤਾ ਗਿਆ। ਕਮੇਟੀ ਦੇ ਚੇਅਰਮੈਨ ਬੇਨ ਕਾਰਡਿਨ ਨੇ ਕਿਹਾ, ‘ਅਸੀਂ ਨਿਊਯਾਰਕ ’ਚ ਇੱਕ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਿੱਚ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਦੇ ਸ਼ਾਮਲ ਹੋਣ ਦੇ ਦੋਸ਼ਾਂ ਬਾਰੇ ਸੁਣਿਆ ਹੈ। ਕੈਨੇਡਿਆਈ ਵੱਖਵਾਦੀ ਸਿੱਖ ਆਗੂ ਦੀ ਹੱਤਿਆ ’ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਮਗਰੋਂ ਮੁੜ ਅਜਿਹੇ ਦੋਸ਼ ਸਾਹਮਣੇ ਆਏ ਹਨ ਅਤੇ ਸਾਲ ਦੀ ਸ਼ੁਰੂਆਤ ਵਿੱਚ ਭਾਰਤ ਸਰਕਾਰ ਨੇ ਦੋਵੇਂ ਕੱਟੜਵਾਦੀ ਸਮੂਹ ਦੇ ਆਗੂਆਂ ਨੂੰ ਅਤਿਵਾਦੀ ਕਰਾਰ ਦਿੱਤਾ ਸੀ।’ ਡੈਮੋਕਰੈਟਿਕ ਸੰਸਦ ਮੈਂਬਰ ਟਿਮ ਕਾਈਨ ਨੇ ਕਿਹਾ, ‘ਅਸੀਂ ਅਕਸਰ ਕਹਿੰਦੇ ਹਾਂ ਕਿ ਅਸੀਂ ਦੁਨੀਆ ਦੇ ਸਭ ਤੋਂ ਪੁਰਾਣੇ ਜਮਹੂਰੀ ਦੇਸ਼ ਹਾਂ ਅਤੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਜਮਹੂਰੀ ਦੇਸ਼ ਹੈ ਪਰ ਇਹ ਵਿਹਾਰ ਲੋਕਤੰਤਰ ਜਿਹਾ ਨਹੀਂ ਹੈ।’ ਜ਼ਿਕਰਯੋਗ ਹੈ ਕਿ ਅਮਰੀਕਾ ਦੇ ਫੈਡਰਲ ਵਕੀਲਾਂ ਨੇ 29 ਨਵੰਬਰ ਨੂੰ ਦੋਸ਼ ਲਾਇਆ ਸੀ ਕਿ ਨਿਖਿਲ ਗੁਪਤਾ ਨਾਂ ਦੇ ਵਿਅਕਤੀ ਨੇ ਇੱਕ ਭਾਰਤ ਦੇ ਸਰਕਾਰੀ ਅਧਿਕਾਰੀ ਨਾਲ ਮਿਲ ਕੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ, ਜੋ ਨਾਕਾਮ ਰਹੀ। ਪੰਨੂ ਕੋਲ ਅਮਰੀਕਾ ਤੇ ਕੈਨੇਡਾ ਦੀ ਨਾਗਰਿਕਤਾ ਹੈ। ਭਾਰਤ ਨੇ ਇਸ ਨੂੰ ਚਿੰਤਾ ਦਾ ਵਿਸ਼ਾ ਦੱਸਦਿਆਂ ਉੱਚ ਪੱਧਰੀ ਜਾਂਚ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਜਾਂਚ ਕਮੇਟੀ ਦੇ ਨਤੀਜਿਆਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ

Advertisement

Advertisement
Author Image

Advertisement
Advertisement
×