For the best experience, open
https://m.punjabitribuneonline.com
on your mobile browser.
Advertisement

ਭਾਜਪਾ ਸੰਸਦ ਮੈਂਬਰ ਬਿਧੂੜੀ ਦੇ ਬਿਆਨ ਦੀ ਚੁਫੇਰਿਓਂ ਆਲੋਚਨਾ

09:16 AM Sep 24, 2023 IST
ਭਾਜਪਾ ਸੰਸਦ ਮੈਂਬਰ ਬਿਧੂੜੀ ਦੇ ਬਿਆਨ ਦੀ ਚੁਫੇਰਿਓਂ ਆਲੋਚਨਾ
Advertisement

ਪਟਨਾ/ਹੈਦਰਾਬਾਦ/ਨਵੀਂ ਦਿੱਲੀ, 23 ਸਤੰਬਰ
ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਵੱਲੋਂ ਲੋਕ ਸਭਾ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਦਾਨਿਸ਼ ਅਲੀ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ ਦਾ ਅੱਜ ਵੱਖ ਵੱਖ ਪਾਰਟੀਆਂ ਨੇ ਵਿਰੋਧ ਕੀਤਾ ਹੈ।

Advertisement


ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ ਕਿ ਭਾਜਪਾ ਦੇ ਸੰਸਦ ਮੈਂਬਰ ਬਿਧੂੜੀ ਦੀ ਟਿੱਪਣੀ ਗਲੀਆਂ ਦੇ ਗੁੰਡਿਆਂ ਵਰਗੀ ਹੈ। ਆਰਜੇਡੀ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਬਿਧੂੜੀ ਖ਼ਿਲਾਫ਼ ਕਾਰਵਾਈ ਦੀ ਕੋਈ ਆਸ ਨਹੀਂ ਹੈ ਕਿਉਂਕਿ ਅਜਿਹਾ ਲਗਦਾ ਹੈ ਕਿ ਭਾਜਪਾ ਦੇ ਲੋਕਾਂ ਨੂੰ ਹਰ ਤਰ੍ਹਾਂ ਦੇ ਅਪਰਾਧਿਕ ਵਿਹਾਰ ’ਚ ਸ਼ਾਮਲ ਹੋਣ ਦਾ ਹੱਕ ਹੈ। ਉਨ੍ਹਾਂ ਕਿਹਾ, ‘ਅਸੀਂ ਪਹਿਲਾਂ ਵੀ ਦੇਖਿਆ ਹੈ ਕਿ ਕੌਮਾਂਤਰੀ ਪੱਧਰ ’ਤੇ ਜੇਤੂ ਮਹਿਲਾ ਪਹਿਲਵਾਨ ਮਹੀਨਿਆਂ ਤੱਕ ਧਰਨੇ ’ਤੇ ਬੈਠੀਆਂ ਰਹੀਆਂ ਪਰ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਜਿਸ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ।’ ਉਨ੍ਹਾਂ ਕਿਹਾ, ‘ਸੰਸਦ ਅੰਦਰ ਜੋ ਹੋਇਆ ਉਹ ਸ਼ਰਮਨਾਕ ਤੇ ਦੁਖੀ ਕਰਨ ਵਾਲਾ ਸੀ। ਸਾਥੀ ਸੰਸਦ ਮੈਂਬਰ ਨੂੰ ਉਸ ਦੇ ਧਰਮ ਦੇ ਆਧਾਰ ’ਤੇ ਨਿਸ਼ਾਨਾ ਬਣਾਉਣ ਲਈ ਇਤਰਾਜ਼ਯੋਗ ਭਾਸ਼ਾ ਵਰਤੀ ਗਈ। ਇਸ ਤੋਂ ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨੇ ਸਦਨ ਨੂੰ ਕਿਹਾ ਸੀ ਕਿ ਵਿਹਾਰ ਹੀ ਤੈਅ ਕਰੇਗਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਕੌਣ ਸੱਤਾ ’ਚ ਬੈਠੇਗਾ ਤੇ ਕੌਣ ਵਿਰੋਧੀ ਧਿਰ ਵਿੱਚ।’ਇਸੇ ਤਰ੍ਹਾਂ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ‘ਸੱਤ ਸਿਤਾਰਾ ਭਵਨ’ ਵਿੱਚ ‘ਨਫਰਤ’ ਦੀ ਨਵੀਂ ਸੰਸਕ੍ਰਿਤੀ ਦਾ ਉਦਘਾਟਨ ਹੋਇਆ ਹੈ। ਉਨ੍ਹਾਂ ‘ਐਕਸ’ ’ਤੇ ਬਿਧੂੜੀ ਵੱਲੋਂ ਵਰਤੇ ਗਏ ਸ਼ਬਦਾਂ ਦਾ ਜ਼ਿਕਰ ਕਰਦਿਆਂ ਇਸ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੁੱਪ ’ਤੇ ਵੀ ਸਵਾਲ ਖੜ੍ਹੇ ਕੀਤੇ। ਇਸੇ ਦੌਰਾਨ ਤਿਲੰਗਾਨਾ ’ਚ ਬੀਆਰਐੱਸ ਦੀ ਐਮਐੱਲਸੀ ਕੇ ਕਵਿਤਾ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਤੋਂ ਇਸ ਮਾਮਲੇ ’ਚ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਉੱਧਰ ਜਮੀਅਤ ਉਲੇਮਾ-ਏ-ਹਿੰਦ ਦੇ ਮੁਖੀ ਮੌਲਾਨਾ ਅਰਸ਼ਦ ਮਦਨੀ ਨੇ ਬਿਧੂੜੀ ਦੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਭਾਰਤ ਦੇ ਜਮਹੂਰੀ ਇਤਿਹਾਸ ’ਚ ਇੱਕ ਸ਼ਰਮਨਾਕ ਘਟਨਾ ਸੀ ਅਤੇ ਇਸ ਮਾਮਲੇ ’ਚ ਕਾਰਵਾਈ ਕਰਨਾ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਸੰਵਿਧਾਨਕ ਤੇ ਨੈਤਿਕ ਜ਼ਿੰਮੇਵਾਰੀ ਹੈ। -ਪੀਟੀਆਈ

Advertisement

ਦਾਨਿਸ਼ ਅਲੀ ਦੇ ਵਿਹਾਰ ਦੀ ਵੀ ਜਾਂਚ ਹੋਵੇ: ਨਿਸ਼ੀਕਾਂਤ ਦੂਬੇ

ਨਵੀਂ ਦਿੱਲੀ: ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਅੱਜ ਕਿਹਾ ਕਿ ਲੋਕ ਸਭਾ ਸਪੀਕਰ ਨੂੰ ਸੰਸਦ ਮੈਂਬਰ ਦਾਨਿਸ਼ ਅਲੀ ਦੇ ਵਤੀਰੇ ਤੇ ਟਿੱਪਣੀਆਂ ਦੀ ਵੀ ਜਾਂਚ ਕਰਨੀ ਚਾਹੀਦੀ ਹੈ। ਓਮ ਬਿਰਲਾ ਨੂੰ ਲਿਖੇ ਪੱਤਰ ’ਚ ਦੂਬੇ ਨੇ ਅਲੀ ’ਤੇ ਬੀਤੇ ਦਿਨੀਂ ਲੋਕ ਸਭਾ ’ਚ ਬਿਧੂੜੀ ਦੇ ਭਾਸ਼ਣ ਦੌਰਾਨ ਬੋਲਣ ਤੇ ਉਨ੍ਹਾਂ ਨੂੰ ਉਕਸਾਉਣ ਲਈ ਲਗਾਤਾਰ ਭੱਦੀਆਂ ਟਿੱਪਣੀਆਂ ਕਰਨ ਦਾ ਦੋਸ਼ ਲਾਇਆ। ਦੂਬੇ ਨੇ ਦਾਅਵਾ ਕੀਤਾ ਕਿ ਅਲੀ ਨੇ ਪ੍ਰਧਾਨ ਮੰਤਰੀ ਲਈ ਵੀ ‘ਨੀਚ’ ਸ਼ਬਦ ਦੀ ਵਰਤੋਂ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਦੇਸ਼ ਭਗਤ ਲੋਕ ਨੁਮਾਇੰਦੇ ਲਈ ਆਪੇ ਤੋਂ ਬਾਹਰ ਹੋਣ ਲਈ ਕਾਫੀ ਹੈ। -ਪੀਟੀਆਈ

Advertisement
Author Image

Advertisement