‘ਉੱਜੜੇ ਖੂਹ ਦਾ ਪਾਣੀ’ ਬਾਰੇ ਆਲੋਚਨਾਤਮਕ ਪੁਸਤਕ ਰਿਲੀਜ਼
ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 29 ਫਰਵਰੀ
ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿੱਚ ਪਦਮਸ੍ਰੀ ਅਤੇ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਸੁਰਜੀਤ ਪਾਤਰ ਨੇ ਆਲੋਚਕ ਨਿਰੰਜਣ ਬੋਹਾ ਦੀ ਸੰਪਾਦਿਤ ਕੀਤੀ ਪੁਸਤਕ ‘‘ਉੱਜੜੇ ਖੂਹ ਦਾ ਪਾਣੀ’ ਦਾ ਰਚਨਾਤਮਕ ਵਿਵੇਕ’’ ਰਿਲੀਜ਼ ਕੀਤੀ। ਇਹ ਰਸਮ ਅਦਾ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਨਾਵਲ ਦਾ ਲੇਖਕ ਬੂਟਾ ਸਿੰਘ ਚੌਹਾਨ ਸ਼ਾਇਰ ਵੀ ਕਮਾਲ ਦਾ ਹੈ ਅਤੇ ਨਾਵਲਕਾਰ ਵੀ। ਪੁਸਤਕ ਦੇ ਸੰਪਾਦਕ ਨਿਰੰਜਣ ਬੋਹਾ ਨੇ ਕਿਹਾ ਕਿ ਇਹ ਬਹੁ ਪਾਸਾਰੀ ਨਾਵਲ ਵਿਆਖਿਆ ਦੀ ਮੰਗ ਕਰਦਾ ਸੀ। ਉਨ੍ਹਾਂ ਦੱਸਿਆ ਕਿ ਪੁਸਤਕ ਵਿਚ ਡਾ ਲਾਭ ਸਿੰਘ ਖੀਵਾ, ਡਾ ਹਰਜਿੰਦਰ ਸਿੰਘ ਅਟਵਾਲ, ਡਾ ਸੁਰਜੀਤ ਸਿੰਘ ਬਰਾੜ, ਡਾ ਪਰਮਜੀਤ ਢੀਂਗਰਾ, ਡਾ ਕੁਲਦੀਪ ਸਿੰਘ ਦੀਪ, ਡਾ ਅਰਵਿੰਦਰ ਕੌਰ ਕਾਕੜਾ, ਡਾ. ਚੰਦਰ ਪ੍ਰਕਾਸ਼, ਡਾ. ਅਮਰਜੀਤ ਕੌਂਕੇ, ਐੱਚਐੱਸ ਡਿੰਪਲ, ਜਸਵੀਰ ਕਲਸੀ ਧਰਮਕੋਟ, ਤੇਜਾ ਸਿੰਘ ਤਿਲਕ, ਤਰਸੇਮ ਅਤੇ ਡਾ. ਭੁਪਿੰਦਰ ਸਿੰਘ ਬੇਦੀ ਦੇ ਲੇਖ ਸ਼ਾਮਿਲ ਕੀਤੇ ਗਏ ਹਨ। ਇਸ ਮੌਕੇ ਬੂਟਾ ਸਿੰਘ ਚੌਹਾਨ , ਤੇਜਾ ਸਿੰਘ ਤਿਲਕ ਅਤੇ ਰਾਵਿੰਦਰਜੀਤ ਸਿੰਘ ਬਿੰਦੀ ਵੀ ਹਾਜ਼ਰ ਸਨ।