For the best experience, open
https://m.punjabitribuneonline.com
on your mobile browser.
Advertisement

ਨੌਜਵਾਨੀ ਤੇ ਪਰਵਾਸ ਨਾਲ ਜੁੜੇ ਸੰਕਟ

11:57 AM Aug 31, 2024 IST
ਨੌਜਵਾਨੀ ਤੇ ਪਰਵਾਸ ਨਾਲ ਜੁੜੇ ਸੰਕਟ
Advertisement
ਗੁਰਬਿੰਦਰ ਸਿੰਘ ਮਾਣਕ

ਭਾਵੇਂ ਵਿਦੇਸ਼ ਜਾਣ ਦੀ ਪੂਰੀ ਦੌੜ ਲੱਗੀ ਹੋਈ ਹੈ, ਪਰ ਇਸ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਆਪਣੀ ਧਰਤੀ ਤੋਂ ਦੂਰ ਵਸੇਂਦਿਆਂ ਨੂੰ ਉੱਥੇ ਜਾ ਕੇ ਵੀ ਅਨੇਕਾਂ ਦੁੱਖ ਤੇ ਦੁਸ਼ਵਾਰੀਆਂ ਝੱਲਣੀਆਂ ਪੈਂਦੀਆਂ ਹਨ। ਇੱਥੋਂ ਜ਼ਿਆਦਾਤਰ ਲੋਕ ਮਾੜੇ ਆਰਥਿਕ ਹਾਲਾਤ ਦੇ ਸਤਾਏ ਆਪਣੀ ਤੇ ਆਪਣੇ ਪਰਿਵਾਰਾਂ ਦੀ ਜ਼ਿੰਦਗੀ ਬਦਲਣ ਦੀ ਸੋਚ ਕੇ ਇੱਧਰੋਂ-ਉੱਧਰੋਂ ਪੈਸਿਆਂ ਦਾ ਜੁਗਾੜ ਕਰਕੇ ਜਾਂ ਬੈਕਾਂ ਤੋਂ ਕਰਜ਼ੇ ਚੁੱਕ ਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਲੈਂਦੇ ਹਨ। ਪਿਛਲੇ ਕੁਝ ਸਾਲਾਂ ਤੋਂ ਇੱਕ ਹੋਰ ਰੁਝਾਨ ਵੀ ਬਹੁਤ ਭਾਰੂ ਹੋ ਰਿਹਾ ਹੈ। ਚੰਗੀਆਂ ਭਲੀਆਂ ਨੌਕਰੀਆਂ ਕਰਦੇ ਜਾਂ ਆਪਣੇ ਕਾਰੋਬਾਰ ਕਰਦੇ ਸਰਦੇ-ਪੁੱਜਦੇ ਲੋਕ ਵੀ ਪੌਂਡਾਂ ਤੇ ਡਾਲਰਾਂ ਦੀ ਚਮਕ-ਦਮਕ ਦੇ ਖਿੱਚੇ ਵਿਦੇਸ਼ਾਂ ਵਿੱਚ ਵਸਣ ਦੀ ਲਾਲਸਾ ਵਿੱਚ ਧੜਾਧੜ ਵਿਦੇਸ਼ ਜਾ ਰਹੇ ਹਨ। ਬਹੁਤਿਆਂ ਨੇ ਉੱਥੇ ਜਾ ਕੇ ਆਪਣੇ ਕਾਰੋਬਾਰ ਵੀ ਸਥਾਪਿਤ ਕਰ ਲਏ ਹਨ। ਵਿਦੇਸ਼ਾਂ ਵਿੱਚ ਜਾਣ ਦਾ ਜੁਗਾੜ ਤਾਂ ਬਹੁਤੇ ਪੰਜਾਬੀ ਕਿਸੇ ਨਾ ਕਿਸੇ ਤਰ੍ਹਾਂ ਕਰ ਲੈਂਦੇ ਹਨ, ਪਰ ਵਿਦੇਸ਼ੀ ਧਰਤੀ ’ਤੇ ਜਾ ਕੇ ਪੈਰ ਜਮਾਉਣੇ ਇੰਨੇ ਸੌਖੇ ਨਹੀਂ ਹਨ।
ਅਸਲ ਵਿੱਚ ਇਹ ਗੱਲਾਂ ਨਾ ਤਾਂ ਜਾਣ ਵਾਲੇ ਨੌਜਵਾਨਾਂ ਨੂੰ ਤੇ ਨਾ ਹੀ ਉਨ੍ਹਾਂ ਦੇ ਮਾਪਿਆਂ ਦੇ ਚਿੱਤ-ਚੇਤੇ ਹੁੰਦੀਆਂ ਹਨ। ਮਾਪੇ ਆਪਣੇ ਧੀ-ਪੁੱਤ ਨੂੰ ਜਹਾਜ਼ ਚੜ੍ਹਾ ਕੇ ਕਿਸੇ ਧਾਰਮਿਕ ਸਥਾਨ ’ਤੇ ਸੁੱਖੀ ਸੁੱਖਣਾ ਲਾਹ ਕੇ ਸੁਰਖੁਰੂ ਹੋਇਆ ਸਮਝ ਲੈਂਦੇ ਹਨ। ਉੱਧਰ ਵਿਦੇਸ਼ ਜਾਣ ਦੇ ਚਾਅ ਵਿੱਚ ਜਹਾਜ਼ ਚੜ੍ਹੇ ਪੁੱਤ/ਧੀ ਜਦੋਂ ਹੀ ਵਿਦੇਸ਼ੀ ਧਰਤੀ ’ਤੇ ਪੈਰ ਰੱਖਦੇ ਹਨ ਤਾਂ ਉਹ ਡੌਰ-ਭੌਰ ਹੋਏ ਆਲੇ-ਦੁਆਲੇ ਦੀ ਚਕਾਚੌਂਧ ਦੇਖ ਕੇ ਅਚੰਭਿਤ ਹੋ ਉੱਠਦੇ ਹਨ। ਕਿਸੇ ਦੂਰ-ਨੇੜੇ ਦੇ ਸਾਕ ਸਬੰਧੀ ਜਾਂ ਕਿਸੇ ਦੋਸਤ-ਮਿੱਤਰ ਨੂੰ ਪਰਿਵਾਰ ਵੱਲੋਂ ਕੀਤਾ ਫੋਨ ਕਿ ਸਾਡੇ ਮੁੰਡੇ/ਕੁੜੀ ਨੂੰ ਏਅਰਪੋਰਟ ਤੋਂ ਲੈ ਜਾਇਓ ਵੀ ਕਈ ਵਾਰ ਕੰਮ ਨਹੀਂ ਆਉਂਦਾ। ਕਿਉਂਕਿ, ਉੱਥੇ ਤਾਂ ਹਰ ਕੋਈ ਆਪਣੇ ਰੁਝੇਵਿਆਂ ਵਿੱਚ ਬੱਝਿਆ ਹੋਇਆ ਹੈ। ਕਿਸੇ ਕੋਲ ਵੀ ਏਨੀ ਵਿਹਲ ਨਹੀਂ ਹੈ ਕਿ ਉਹ ਆਪਣਾ ਕੰਮ ਛੱਡ ਕੇ ਤੁਹਾਡੀ ਸਹਾਇਤਾ ਕਰੇ।
ਪਹਿਲੀ ਘਬਰਾਹਟ ਤਾਂ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਕਿ ਨਾ ਤਾਂ ਚੰਗੀ ਤਰ੍ਹਾਂ ਉੱਥੋਂ ਦੀ ਭਾਸ਼ਾ ਆਉਂਦੀ ਹੁੰਦੀ ਹੈ ਤੇ ਨਾ ਹੀ ਇਸ ਗੱਲ ਦੀ ਜਾਣਕਾਰੀ ਹੁੰਦੀ ਹੈ ਕਿ ਹੁਣ ਦਿੱਤੇ ਹੋਏ ਪਤੇ ’ਤੇ ਪਹੁੰਚਣਾ ਕਿਵੇਂ ਹੈ। ਅਸਲ ਵਿੱਚ ਆਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਬਾਰੇ ਕਦੇ ਸੋਚਿਆ ਵੀ ਨਹੀਂ ਜਾਂਦਾ ਕਿ ਉੱਥੇ ਜਾ ਕੇ ਕਿਹੜੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈਣਾ ਹੈ। ਜਿਹੜੇ ਮੁੰਡਾ/ਕੁੜੀ ਘਰੋਂ ਕਦੇ ਇਕੱਲੇ ਆਪਣੇ ਲਾਗਲੇ ਸ਼ਹਿਰ ਤੱਕ ਵੀ ਨਹੀਂ ਗਏ ਹੁੰਦੇ, ਉਹ ਹਜ਼ਾਰਾਂ ਮੀਲ ਦੂਰ ਵਿਦੇਸ਼ੀ ਧਰਤੀ ’ਤੇ ਜਾ ਕੇ ਮੇਲੇ ਵਿੱਚ ਗੁਆਚੀ ਗਾਂ ਵਾਂਗ ਆਲਾ-ਦੁਆਲਾ ਝਾਕਣ ਲਈ ਮਜਬੂਰ ਹੁੰਦੇ ਹਨ। ਬਾਰ੍ਹਵੀਂ ਜਮਾਤ ਪਾਸ ਕਰਕੇ ਗਿਆ ਬੱਚਾ ਅਜੇ ਅੱਲੜ੍ਹ ਉਮਰ ਦਾ ਹੀ ਹੁੰਦਾ ਹੈ ਤੇ ਉਸ ਨੂੰ ਜੀਵਨ ਦੀ ਬਹੁਤੀ ਸਮਝ ਵੀ ਨਹੀਂ ਹੁੰਦੀ। ਸਾਡੇ ਘਰਾਂ ਵਿੱਚ ਬੱਚਿਆਂ ਨੂੰ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਕੰਮਕਾਰ ਆਪ ਕਰਨ ਦੀ ਜਾਚ ਸਿਖਾਈ ਹੀ ਨਹੀਂ ਜਾਂਦੀ। ਜੇ ਕੋਈ ਧੀ/ਪੁੱਤ ਸਿਆਣੀ ਗੱਲ ਕਰੇ ਵੀ ਤਾਂ ਬਹੁਤੇ ਮਾਪੇ ਅਕਸਰ ਝਿੜਕ ਕੇ ਚੁੱਪ ਕਰਾ ਦਿੰਦੇ ਹਨ ਕਿ ਤੈਨੂੰ ਕੀ ਪਤਾ ਇਸ ਗੱਲ ਦਾ...ਤੂੰ ਅਜੇ ਨਿਆਣਾ..। ਘਰ ਵਿੱਚ ਕਿਸੇ ਕੰੰਮ ਬਾਰੇ ਕੋਈ ਗੱਲ-ਸਲਾਹ ਕਰਨੀ ਹੋਵੇ ਤਾਂ ਵੀ ਬਹੁਤੀ ਵੱਡਿਆਂ ਦੀ ਹੀ ਚੱਲਦੀ ਹੈ।
ਵਿਦੇਸ਼ੀ ਧਰਤੀ ’ਤੇ ਪਹੁੰਚ ਕੇ ਬਹੁਤੇ ਬੱਚੇ ਕਈ ਤਰ੍ਹਾਂ ਦੇ ਮਾਨਸਿਕ ਦਬਾਅ ਵਿੱਚ ਆ ਜਾਂਦੇ ਹਨ। ਹੱਥੀਂ ਕਦੇ ਕੰੰਮ ਕੀਤਾ ਨਹੀਂ ਹੁੰਦਾ ਤੇ ਨਾ ਹੀ ਬਹੁਤੀ ਸਮਝ ਹੁੰਦੀ ਹੈ। ਪੰਜਾਬ ਬੈਠਿਆਂ ਕਈ ਵਾਰ ਇਹ ਭੁਲੇਖਾ ਹੁੰਦਾ ਹੈ ਕਿ ਉੱਥੇ ਜਾਂਦਿਆਂ ਹੀ ਕੰੰਮ ਮਿਲ ਜਾਣਾ ਹੈ। ਪਰ ਅਸਲ ਸਥਿਤੀ ਇਹ ਹੈ ਕਿ ਜੇ ਕਿਸੇ ਬੱਚੇ ਕੋਲ ਕੋਈ ਹੁਨਰ ਹੀ ਨਹੀਂ ਹੈ ਤਾਂ ਉਹ ਕੰੰਮ ਵੀ ਕੀ ਕਰੇਗਾ। ਕਿਸੇ ਤਰ੍ਹਾਂ ਦੀ ਮਜ਼ਦੂਰੀ ਕਰਨ ਲਈ ਵੀ ਤੁਹਾਡੇ ਕੋਲ ਕੋਈ ਤਜਰਬਾ ਹੋਵੇਗਾ ਤਾਂ ਹੀ ਤੁਸੀਂ ਕਰ ਸਕੋਗੇ। ਪੜ੍ਹਨ ਗਏ ਨੌਜਵਾਨ ਨੂੰ ਇਕਦਮ ਕਈ ਚਿੰਤਾਵਾਂ ਆ ਘੇਰਦੀਆਂ ਹਨ। ਸਭ ਤੋਂ ਵੱਡੀ ਚਿੰਤਾ ਤਾਂ ਪੜ੍ਹਾਈ ਜਾਰੀ ਰੱਖਣ ਦੀ ਹੁੰਦੀ ਹੈ ਕਿਉਂਕਿ ਵਿਦੇਸ਼ੀ ਧਰਤੀ ’ਤੇ ਪੈਰ ਜਮਾਉਣ ਲਈ ਇਸ ਦਾ ਮੁਕੰਮਲ ਹੋਣਾ ਪਹਿਲੀ ਸ਼ਰਤ ਹੈ।
ਫੀਸ ਦੀ ਅਗਲੀ ਕਿਸ਼ਤ, ਕਮਰੇ ਦਾ ਕਿਰਾਇਆ, ਰੋਟੀ-ਪਾਣੀ ਦਾ ਖ਼ਰਚਾ ਤੇ ਜੀਵਨ ਦੀਆਂ ਹੋਰ ਲੋੜਾਂ ਲਈ ਪੈਸੇ ਤੋਂ ਬਿਨਾਂ ਰਹਿਣ ਬਾਰੇ ਸੋਚ ਕੇ ਹੀ ਕੰਬਣੀ ਛਿੜ ਜਾਂਦੀ ਹੈ। ਜੇ ਕੋਈ ਕਰਜ਼ਾ ਚੁੱਕ ਕੇ ਆਇਆ ਹੋਵੇ ਜਾਂ ਕਿਸੇ ਸਾਕ-ਸਬੰਧੀ ਕੋਲੋਂ ਪੈਸੇ ਫੜੇ ਹੋਣ ਤਾਂ ਇਹ ਪੈਸੇ ਮੋੜਨ ਦੀ ਵੀ ਫਿਕਰ ਹੁੰਦੀ ਹੈ। ਪੈਸੇ ਦੀ ਕੋਈ ਆਸ ਤਾਂ ਹੀ ਹੋਣੀ ਹੈ ਜੇ ਕੋਈ ਕੰਮ-ਧੰਦਾ ਮਿਲਿਆ ਹੋਵੇ। ਜੇ ਕੰਮ ਮਿਲ ਵੀ ਜਾਵੇ ਤਾਂ ਆਮਤੌਰ ’ਤੇ ਜਿੰਨੇ ਕੁ ਘੰਟੇ ਹਫ਼ਤੇ ਵਿੱਚ ਕੰਮ ਕਰਨ ਦਾ ਨਿਯਮ ਹੁੰਦਾ ਹੈ, ਉਸ ਨਾਲ ਤਾਂ ਸਾਰੇ ਖ਼ਰਚੇ ਪੂਰੇ ਹੋਣੇ ਹੀ ਸੰਭਵ ਨਹੀਂ ਹੁੰਦੇ। ਇਸ ਕਾਰਨ ਇੱਕ ਤੋਂ ਵੱਧ ਕੰਮ ਕਰਨੇ ਪੈਂਦੇ ਹਨ। ਕਈ ਵਾਰ ਰਾਤਾਂ ਨੂੰ ਵੀ ਸ਼ਿਫਟਾਂ ਲਾਉਣੀਆਂ ਪੈਂਦੀਆਂ ਹਨ।
ਇਸ ਤਰ੍ਹਾਂ ਪੜ੍ਹਾਈ, ਕੰਮ ਤੇ ਜੀਵਨ ਦੇ ਹੋਰ ਕੰਮਾਂਕਾਰਾਂ ਵਿੱਚ ਤਾਲਮੇਲ ਬਿਠਾਉਣਾ ਬੇਹੱਦ ਜ਼ਰੂਰੀ ਹੁੰਦਾ ਹੈ। ਜਿਹੜੇ ਵਿਦਿਆਰਥੀ ਹਰ ਗੱਲ ਬਾਰੇ ਸੋਚ-ਵਿਚਾਰ ਕੇ, ਹੌਸਲੇ ਤੇ ਹਿੰਮਤ ਨਾਲ ਤਾਲਮੇਲ ਪੈਦਾ ਕਰਨ ਵਿੱਚ ਸਫਲ ਹੋ ਜਾਂਦੇ ਹਨ, ਉਹ ਸਫਲਤਾ ਹਾਸਲ ਕਰਨ ਦੇ ਰਾਹ ਤੁਰ ਪੈਂਦੇ ਹਨ। ਜਿਹੜੇ ਬੱਚੇ ਅਜਿਹੇ ਜੀਵਨ ਦੀਆਂ ਪਰੇਸ਼ਾਨੀਆਂ ਤੋਂ ਘਬਰਾ ਜਾਂਦੇ ਹਨ, ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਬੱਚੇ ਆਪਣੀ ਪੜ੍ਹਾਈ ਪ੍ਰਤੀ ਗੰਭੀਰ ਨਹੀਂ ਹੁੰਦੇ। ਜਿਹੜੇ ਦੋ-ਤਿੰਨ ਦਿਨ ਜਾਣਾ ਹੁੰਦਾ ਹੈ, ਉਸ ਤੋਂ ਵੀ ਬਿਨਾਂ ਦੱਸੇ ਗ਼ੈਰਹਾਜ਼ਰ ਰਹਿੰਦੇ ਹਨ। ਕਈ ਤਾਂ ਪੜ੍ਹਾਈ ਅੱਧ-ਵਿਚਾਲੇ ਹੀ ਛੱਡ ਦਿੰਦੇ ਹਨ। ਇਸ ਤਰ੍ਹਾਂ ਅੱਗੇ ਜਾ ਕੇ ਪੱਕੀ ਰਿਹਾਇਸ਼ ਲਈ ਕਈ ਤਰ੍ਹਾਂ ਦੇ ਸੰਕਟ ਪੈਦਾ ਹੋ ਜਾਂਦੇ ਹਨ।
ਵਿਦੇਸ਼ਾਂ ਵਿੱਚ ਜਾ ਕੇ ਕੁਝ ਨੌਜਵਾਨ, ਘਰਾਂ ਦੀ ਰੋਕ-ਟੋਕ ਤੋਂ ਆਜ਼ਾਦ ਹੋਏ ਕਈ ਬੇਹੁਦਗੀਆਂ ਵੀ ਕਰਦੇ ਹਨ, ਜਿਸ ਕਾਰਨ ਕਈ ਵਾਰ ਸਾਰਾ ਭਾਈਚਾਰਾ ਹੀ ਬਦਨਾਮ ਹੁੰਦਾ ਹੈ। ਇਸ ਗ਼ਲਤ ਰਾਹ ਪੈ ਕੇ ਉਹ ਆਪਣੇ ਮਾਪਿਆਂ ਦੀਆਂ ਉਮੀਦਾਂ ਵੀ ਮਿੱਟੀ ਵਿੱਚ ਰੋਲ ਦਿੰਦੇ ਹਨ। ਮਿਹਨਤ ਨਾਲ ਕੰਮ ਕਰਨ ਦੀ ਥਾਂ ਇਹ ਪੈਸਾ ਕਮਾਉਣ ਲਈ ਕਈ ਤਰ੍ਹਾਂ ਦੇ ਜੁਗਾੜ ਕਰਦੇ ਹਨ, ਪਰ ਇੱਕ ਦਿਨ ਪੁਲੀਸ ਦੇ ਹੱਥੇ ਚੜ੍ਹ ਕੇ ਆਪਣਾ ਭਵਿੱਖ ਬਰਬਾਦ ਕਰ ਲੈਂਦੇ ਹਨ। ਕੁਝ ਨੌਜਵਾਨ ਵਿਦੇਸ਼ਾਂ ਦੀ ਚਕਾਚੌਂਧ ਤੋਂ ਉਕਸਾਹਟ ਵਿੱਚ ਆਏ ਮਹਿੰਗੀਆਂ ਗੱਡੀਆਂ, ਮਹਿੰਗੇ ਕੱਪੜੇ, ਖੁੱਲ੍ਹਾ ਖਾਣ-ਪੀਣ ਤੇ ਐਸ਼ਪ੍ਰਸਤੀ ਦੇ ਹੋਰ ਸਾਧਨਾਂ ਵਿੱਚ ਉਲਝ ਕੇ ਅਸਲੀ ਮਕਸਦ ਤੋਂ ਭਟਕ ਜਾਂਦੇ ਹਨ। ਇਨ੍ਹਾਂ ਵਿੱਚੋਂ ਹੀ ਕੁਝ ਨੌਜਵਾਨ ਕਿਸੇ ਗ਼ਲਤ ਰਾਹ ਪੈ ਕੇ ਆਪਣਾ ਭਵਿੱਖ ਵੀ ਬਰਬਾਦ ਕਰ ਲੈਂਦੇ ਹਨ ਤੇ ਪਿੱਛੇ ਪਰਿਵਾਰਾਂ ਨੂੰ ਵੀ ਚਿੰਤਾ ਵਿੱਚ ਡੋਬ ਦਿੰਦੇ ਹਨ।
ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪੀਆਰ ਨਾਲ ਜੁੜੀਆਂ ਚਿੰਤਾਵਾਂ ਵੀ ਮਨ ਨੂੰ ਤੜਫਾਈ ਰੱਖਦੀਆਂ ਹਨ। ਲਗਾਤਾਰ ਕੰਮ ਮਿਲਿਆ ਰਹੇ ਤਾਂ ਗੱਡੀ ਚੱਲਦੀ ਰਹਿੰਦੀ ਹੈ। ਵਿਆਹ-ਸ਼ਾਦੀ ਹੋਣ ਉਪਰੰਤ ਹੋਰ ਕਈ ਝੰਜਟ ਪੈਦਾ ਹੋ ਜਾਂਦੇ ਹਨ। ਜੇ ਤਾਂ ਜੀਵਨ-ਸਾਥੀ ਚੰਗੀ ਸੋਚ, ਚੰਗੇ ਸੁਭਾਅ ਤੇ ਇੱਕ ਦੂਜੇ ਦਾ ਸਤਿਕਾਰ ਕਰਨ ਵਾਲਾ ਮਿਲ ਜਾਵੇ ਤਾਂ ਮਨ ਖ਼ੁਸ਼ੀਆਂ ਨਾਲ ਸਰਾਬੋਰ ਹੋਇਆ ਰਹਿੰਦਾ ਹੈ। ਲੜਾਈ ਝਗੜਿਆਂ, ਗ਼ਲਤ-ਫਹਿਮੀਆਂ, ਜ਼ਿੱਦੀ ਤੇ ਹੰਕਾਰੀ ਪ੍ਰਵਿਰਤੀ ਨਾਲ ਨਰਕੀ ਜੀਵਨ ਭੋਗਦੇ ਜੋੜਿਆਂ ਦੀਆਂ ਦੁਖਦਾਈ ਖ਼ਬਰਾਂ ਅਕਸਰ ਛਪਦੀਆਂ ਰਹਿੰਦੀਆਂ ਹਨ। ਇਹੋ ਜਿਹੀਆਂ ਘਟਨਾਵਾਂ ਨਾਲ ਵਿਦੇਸ਼ ਜਾ ਕੇ ਜੀਵਨ ਜਿਊਣ ਦੀ ਖ਼ੁਸ਼ੀ ਵੀ ਖ਼ਤਮ ਹੋ ਜਾਂਦੀ ਹੈ।
ਪਿਛਲੇ ਕੁਝ ਸਮੇਂ ਤੋਂ ਵਿਦੇਸ਼ਾਂ ਵਿੱਚ ਗਏ ਪੰਜਾਬੀ ਨੌਜਵਾਨਾਂ ਦੀਆਂ ਅਚਾਨਕ ਹੋ ਰਹੀਆਂ ਮੌਤਾਂ ਡੂੰਘੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਹੈਰਾਨੀਜਨਕ ਸਥਿਤੀ ਹੈ ਕਿ ਤੀਹ ਸਾਲਾਂ ਤੋਂ ਘੱਟ ਉਮਰ ਦੇ ਨੌਜਵਾਨ ਮੁੰਡੇ ਕੁੜੀਆਂ ਦਿਲ ਦੇ ਦੌਰੇ ਨਾਲ ਮਰ ਰਹੇ ਹਨ। ਇੱਕ ਸਰਵੇਖਣ ਅਨੁਸਾਰ 2018 ਤੋਂ ਫਰਵਰੀ 2024 ਤੱਕ 403 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ ਸਭ ਤੋਂ ਵੱਧ 91 ਮੌਤਾਂ ਕੈਨੇਡਾ ਵਿੱਚ ਤੇ 48 ਮੌਤਾਂ ਇੰਗਲੈਂਡ ਵਿੱਚ ਦਰਜ ਕੀਤੀਆਂ ਗਈਆਂ ਹਨ। ਕਰਜ਼ੇ ਦੀ ਚਿੰਤਾ, ਪੜ੍ਹਾਈ ਦਾ ਫਿਕਰ, ਖ਼ਰਚੇ ਪੂਰੇ ਕਰਨ ਦੀ ਦੌੜ, ਕੰਮਾਂ ਦਾ ਬੋਝ ਤੇ ਅਜਿਹੀਆਂ ਅਨੇਕਾਂ ਹੋਰ ਪਰੇਸ਼ਾਨੀਆਂ ਵਿੱਚ ਫਸੇ ਨੌਜਵਾਨ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਜੇ ਕੋਈ ਨਸ਼ਿਆਂ ਦੀ ਵਰਤੋਂ ਕਰਨ ਲੱਗ ਪਏ ਤਾਂ ਹਾਲਾਤ ਹੋਰ ਬਦਤਰ ਹੋ ਜਾਂਦੇ ਹਨ।
ਅੱਜ ਹਾਲਤ ਇਹ ਹੈ ਕਿ ਪਰਵਾਸ ਦਾ ਸੁਪਨਾ ਲੈ ਕੇ ਵਿਦੇਸ਼ਾਂ ਨੂੰ ਜਾਣ ਦੀ ਹੋੜ ਵਿੱਚ ਨੌਜਵਾਨ ਅਨੇਕਾਂ ਸੰਕਟਾਂ ਵਿੱਚੋਂ ਗੁਜ਼ਰ ਰਹੇ ਹਨ, ਪਰ ਇਹ ਦੌੜ ਜਾਰੀ ਹੈ। ਕੁਝ ਦੇਸ਼ਾਂ ਨੇ ਆਪਣੇ ਵੀਜ਼ਾ ਨਿਯਮ ਵੀ ਸਖ਼ਤ ਕਰ ਦਿੱਤੇ ਹਨ, ਪਰ ਵਿਦੇਸ਼ ਜਾਣ ਦੀ ਲਾਲਸਾ ਵਿੱਚ ਕੋਈ ਕਮੀ ਨਹੀਂ ਆਈ। ਬਹੁਤ ਲੰਮੇ ਸੰਘਰਸ਼ ਵਿੱਚੋਂ ਗੁਜ਼ਰਦਿਆਂ ਹੀ ਪਰਵਾਸੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਸਫਲ ਹੁੰਦੇ ਹਨ। ਬਹੁਤ ਵਾਰੀ ਆਪਣੇ ਦੁਖਾਂ-ਦਰਦਾਂ ਦੀ ਗੱਲ ਉਹ ਪਿੱਛੇ ਆਪਣੇ ਪਰਿਵਾਰਾਂ ਨੂੰ ਵੀ ਦੱਸਣ ਤੋਂ ਸੰਕੋਚ ਕਰਦੇ ਹਨ ਤੇ ਸਾਰਾ ਦਰਦ ਆਪਣੇ ਮਨਾਂ ਵਿੱਚ ਹੀ ਦਬਾਅ ਲੈਂਦੇ ਹਨ। ਪਿੱਛੇ ਬੈਠੇ ਪਰਿਵਾਰ, ਸਕੇ-ਸਬੰਧੀ ਤਾਂ ਅਕਸਰ ਇਹੀ ਸੋਚਦੇ ਹਨ ਕਿ ਫਲਾਣਾ ਤਾਂ ਹੁਣ ਭੁੱਲ ਗਿਆ, ਫੋਨ ਕਰਨੋਂ ਵੀ ਗਿਆ। ਇੱਥੇ ਤਾਂ ਹੁਣ ਰੁਜ਼ਗਾਰ ਮਿਲਣ ਦੀ ਕੋਈ ਆਸ ਨਹੀਂ ਜਾਪਦੀ, ਇਸ ਕਾਰਨ ਵਿਦੇਸ਼ ਜਾਣ ਦੀ ਦੌੜ ਘਟਣ ਦੀ ਕੋਈ ਸੰਭਾਵਨਾ ਨਹੀਂ ਹੈ। ਅਸੀਂ ਇਹ ਜ਼ਰੂਰ ਕਰ ਸਕਦੇ ਹਾਂ ਕਿ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਪੂਰੀ ਤਿਆਰੀ ਨਾਲ ਭੇਜਿਆ ਜਾਵੇ ਤਾਂ ਕਿ ਉਨ੍ਹਾਂ ਨੂੰ ਸਮੱਸਿਆਵਾਂ ਨਾਲ ਜੂਝਣ ਦੀ ਜਾਚ ਆ ਸਕੇ।
ਸੰਪਰਕ: 98153-56086

Advertisement
Advertisement
Author Image

sanam grng

View all posts

Advertisement