ਅਕਾਲੀ ਦਲ ਦਾ ਸੰਕਟ
ਪਿਛਲੇ ਸੱਤ ਸਾਲਾਂ ਤੋਂ ਦੇਸ਼ ਦੀ ਸਭ ਤੋਂ ਪੁਰਾਣੀਆਂ ਪਾਰਟੀਆਂ ਵਿੱਚ ਗਿਣੇ ਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਚੁਣਾਵੀ ਹਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰ ਕੇ ਇਸ ਨੂੰ ਆਪਣੇ ਘਰ ਨੂੰ ਸੰਭਾਲਣ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਾ ਕੇਵਲ ਪਾਰਟੀ ਦੇ ਕਈ ਸੀਨੀਅਰ ਆਗੂਆਂ ਦੀ ਬਗ਼ਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਵੱਲੋਂ ਪੰਜਾਬ ਵਿੱਚ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਦਸ ਸਾਲਾਂ ਦੇ ਸ਼ਾਸਨ ਕਾਲ ਦੌਰਾਨ ਪੰਥਕ ਹਿੱਤਾਂ ਖ਼ਿਲਾਫ਼ ਕੀਤੀਆਂ ਕਾਰਵਾਈਆਂ ਦੀ ਵਜ਼ਾਹਤ ਕਰਨ ਲਈ ਤਲਬ ਵੀ ਕੀਤਾ ਗਿਆ ਸੀ ਅਤੇ ਪੰਦਰਾਂ ਦਿਨਾਂ ਅੰਦਰ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਗਿਆ ਸੀ। ਇਸ ਸਬੰਧ ਵਿੱਚ ਬੁੱਧਵਾਰ ਨੂੰ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਸੌਂਪ ਦਿੱਤਾ ਹੈ ਜਿਸ ਬਾਰੇ ਹੁਣ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਤੇ ਚਾਰ ਹੋਰ ਸਿੰਘ ਸਾਹਿਬਾਨ ਵੱਲੋਂ ਕੋਈ ਫ਼ੈਸਲਾ ਲਿਆ ਜਾਵੇਗਾ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦਿਵਾਉਣ ਅਤੇ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਜਿਹੇ ਕਈ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਦੀ ਲੀਡਰਸ਼ਿਪ ’ਤੇ ਸੁਆਲ ਉੱਠਦੇ ਰਹੇ ਹਨ ਪਰ ਪਾਰਟੀ ਵੱਲੋਂ ਇਨ੍ਹਾਂ ਮੁੱਦਿਆਂ ਨੂੰ ਅੱਖੋਂ ਪਰੋਖੇ ਕਰਨ ਦੇ ਰੁਖ਼ ਕਰ ਕੇ ਸਿੱਖ ਜਗਤ ਅੰਦਰ ਅਕਾਲੀ ਲੀਡਰਸ਼ਿਪ ਦੀ ਭਰੋਸੇਯੋਗਤਾ ਖੁਰਨ ਲੱਗ ਪਈ ਜਿਸ ਕਰ ਕੇ ਪਾਰਟੀ ਨੂੰ ਚੋਣਾਂ ਵਿੱਚ ਵੱਡੀਆਂ ਹਾਰਾਂ ਦਾ ਮੂੰਹ ਦੇਖਣਾ ਪਿਆ। ਇਨ੍ਹਾਂ ਮੁੱਦਿਆਂ ਕਰ ਕੇ ਨਾ ਕੇਵਲ ਅਕਾਲੀ ਦਲ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਤਕਾਲੀ ਜਥੇਦਾਰਾਂ ਦੀ ਭੂਮਿਕਾ ਵੀ ਵਿਵਾਦਾਂ ਦੇ ਘੇਰੇ ਹੇਠ ਆ ਗਈ ਸੀ। ਹੁਣ ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਵੱਲੋਂ ਪਸ਼ਚਾਤਾਪ ਲਈ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਪੱਤਰ ਸੌਂਪਿਆ ਗਿਆ ਸੀ। ਹੁਣ ਇਹ ਮੁੱਦਾ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਦੇ ਧਿਆਨ ਵਿੱਚ ਆ ਚੁੱਕਿਆ ਹੈ ਅਤੇ ਹੋਰਨਾਂ ਸਿੰਘ ਸਾਹਿਬਾਨ ਨਾਲ ਇਸ ਮੁਤੱਲਕ ਵਿਚਾਰ ਚਰਚਾ ਕਰਨ ਤੋਂ ਬਾਅਦ ਆਪਣਾ ਫ਼ੈਸਲਾ ਸੁਣਾਉਣਗੇ। ਸਮੁੱਚੇ ਸਿੱਖ ਜਗਤ ਦੀਆਂ ਨਜ਼ਰਾਂ ਇਸ ਵਕਤ ਸ੍ਰੀ ਅਕਾਲ ਤਖ਼ਤ ਵੱਲ ਲੱਗੀਆਂ ਰਹਿਣਗੀਆਂ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਿੱਖ ਰਾਜਨੀਤੀ ਨੂੰ ਅਸਰਅੰਦਾਜ਼ ਕਰਨ ਵਾਲੇ ਇਸ ਮੁੱਦੇ ’ਤੇ ਕੀ ਰੁਖ਼ ਅਖਤਿਆਰ ਕਰਦੇ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਈਆਂ ਗੰਭੀਰ ਭੁੱਲਾਂ ਨੇ ਪੰਥਕ ਵੋਟਰਾਂ ਨੂੰ ਨਾਰਾਜ਼ ਤੇ ਮਾਯੂਸ ਕੀਤਾ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪਾਰਟੀ ਨੇ ਆਪਣਾ ਵੱਡਾ ਆਧਾਰ ਗੁਆ ਲਿਆ ਹੈ ਜਿਸ ਦੀ ਉਦਾਹਰਨ ਹਾਲੀਆ ਲੋਕ ਸਭਾ ਚੋਣਾਂ ਵਿਚ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦੀਆਂ ਜਿੱਤਾਂ ਹਨ। ਸ਼੍ਰੋਮਣੀ ਅਕਾਲੀ ਦਲ ਹੁਣ ਵੋਟਾਂ ਲਈ ਕਿਸਾਨ ਭਾਈਚਾਰਾ ’ਤੇ ਵੀ ਨਿਰਭਰ ਨਹੀਂ ਕਰ ਸਕਦਾ, ਭਾਵੇਂ ਪਾਰਟੀ ਨੇ ਵਿਵਾਦਤ ਖੇਤੀ ਕਾਨੂੰਨਾਂ (ਪਹਿਲਾਂ ਜਿਨ੍ਹਾਂ ਦਾ ਪੱਖ ਪੂਰਿਆ ਸੀ) ਖਿਲਾਫ਼ ਰੋਸ ਜ਼ਾਹਿਰ ਕਰਦਿਆਂ 2020 ਵਿੱਚ ਐੱਨਡੀਏ ਨਾਲੋਂ ਨਾਤਾ ਤੋੜ ਲਿਆ ਸੀ। ਮਨਪ੍ਰੀਤ ਸਿੰਘ ਬਾਦਲ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਰਗੇ ਸਮਰੱਥ ਨੇਤਾਵਾਂ ਦੇ ਅਕਾਲੀ ਦਲ ’ਚੋਂ ਨਿਕਲਣ ਮਗਰੋਂ ਪਾਰਟੀ ਹੋਰ ਕਮਜ਼ੋਰ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦਾ ਉਭਾਰ ਤਾਂ ਹੀ ਸੰਭਵ ਹੈ ਜੇਕਰ ਇਹ ਗੁਆਚੀ ਪੰਥਕ ਜ਼ਮੀਨ ਅਤੇ ਕਿਸਾਨਾਂ ਦਾ ਮਨ ਦੁਬਾਰਾ ਜਿੱਤਣ ਲਈ ਪੂਰੀ ਵਾਹ ਲਾਏ।