For the best experience, open
https://m.punjabitribuneonline.com
on your mobile browser.
Advertisement

ਹਿਮਾਚਲ ’ਚ ਸੰਕਟ

07:46 AM Feb 29, 2024 IST
ਹਿਮਾਚਲ ’ਚ ਸੰਕਟ
Advertisement

ਹਿਮਾਚਲ ਪ੍ਰਦੇਸ਼ ਵਿਚ ਬੀਤੇ ਦਿਨੀਂ ਰਾਜ ਸਭਾ ਦੀ ਚੋਣ ਵਿਚ ਕਾਂਗਰਸ ਦੇ ਛੇ ਵਿਧਾਇਕਾਂ ਵੱਲੋਂ ਕਰਾਸ ਵੋਟਿੰਗ ਕਰਨ ਕਰ ਕੇ ਪਾਰਟੀ ਉਮੀਦਵਾਰ ਦੀ ਹਾਰ ਹੋਣ ਕਰ ਕੇ ਰਾਜ ਵਿਚ ਸੁਖਵਿੰਦਰ ਸਿੰਘ ਸੁੱਖੂ ਸਰਕਾਰ ਲਈ ਸੰਕਟ ਪੈਦਾ ਹੋ ਗਿਆ ਹੈ। ਹਾਲਾਂਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿਚ ਕਾਂਗਰਸ ਪਾਰਟੀ ਕੋਲ ਸਪੱਸ਼ਟ ਬਹੁਮਤ ਹੈ ਪਰ ਇਸ ਦੇ ਬਾਵਜੂਦ ਪਾਰਟੀ ਦੇ ਅਧਿਕਾਰਤ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਭਾਰਤੀ ਜਨਤਾ ਪਾਰਟੀ ਉਮੀਦਵਾਰ ਹਰਸ਼ ਮਹਾਜਨ ਤੋਂ ਚੋਣ ਹਾਰ ਗਏ। ਸੂਬੇ ਵਿਚ ਸੁੱਖੂ ਸਰਕਾਰ ਬਣਨ ਵੇਲੇ ਤੋਂ ਹੀ ਪਾਰਟੀ ਦਾ ਇਕ ਧੜਾ ਬਹੁਤਾ ਖੁਸ਼ ਨਹੀਂ ਸੀ ਪਰ ਪਾਰਟੀ ਹਾਈਕਮਾਂਡ ਸਮੇਂ ਸਿਰ ਧੜੇਬੰਦੀ ਨੂੰ ਮੁਖ਼ਾਤਬਿ ਹੋਣ ਵਿਚ ਨਾਕਾਮ ਰਹੀ। ਪਾਰਟੀ ਲੀਡਰਸ਼ਿਪ ਦੀ ਇਸ ਕਿਸਮ ਦੀ ਬੇਰੁਖ਼ੀ ਕਰ ਕੇ ਹੀ 2020 ਵਿਚ ਮੱਧ ਪ੍ਰਦੇਸ਼ ਵਿਚ ਕਮਲ ਨਾਥ ਸਰਕਾਰ ਡਿੱਗੀ ਸੀ ਅਤੇ ਇਸ ਤੋਂ ਇਕ ਸਾਲ ਪਹਿਲਾਂ ਕਰਨਾਟਕ ਵਿਚ ਕਾਂਗਰਸ ਅਤੇ ਜਨਤਾ ਦਲ ਸੈਕੂਲਰ ਗੱਠਜੋੜ ਸਰਕਾਰ ਦਲਬਦਲੀ ਦੀ ਭੇਟ ਚੜ੍ਹ ਗਈ ਸੀ। ਦੋਵੇਂ ਕੇਸਾਂ ਵਿਚ ਇਸ ਦਾ ਲਾਭ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ ਸੀ।
ਜਾਪਦਾ ਹੈ ਕਿ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਨੂੰ ਇਹ ਭੁਲੇਖਾ ਸੀ ਕਿ ਹਿਮਾਚਲ ਪ੍ਰਦੇਸ਼ ਵਿਚ ਰਾਜ ਸਭਾ ਦੀ ਚੋਣ ਆਸਾਨੀ ਨਾਲ ਜਿੱਤ ਲਈ ਜਾਵੇਗੀ। ਇਸ ਲੋੜੋਂ ਵੱਧ ਉਤਸ਼ਾਹ ਕਰ ਕੇ ਪਾਰਟੀ ਆਪਣੇ ਨਾਰਾਜ਼ ਵਿਧਾਇਕਾਂ ਨੂੰ ਸ਼ਾਂਤ ਕਰਨ ਅਤੇ ਚੋਣ ਤੋਂ ਪਹਿਲਾਂ ਆਪਣਾ ਖੇਮਾ ਇਕਜੁੱਟ ਰੱਖਣ ਲਈ ਕੋਈ ਰਣਨੀਤੀ ਨਹੀਂ ਬਣਾ ਸਕੀ। ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਸੂਬਾਈ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਦੇ ਪੁੱਤਰ ਵਿਕਰਮਾਦਿਤਿਆ ਸਿੰਘ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਪਾਰਟੀ ਅੰਦਰ ਮੱਤਭੇਦ ਕਾਫ਼ੀ ਗਹਿਰੇ ਹੋ ਗਏ ਹਨ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਲਾਹਾ ਉਠਾਉਣ ਲਈ ਪੂਰੀ ਕਮਰ ਕੱਸੀ ਹੋਈ ਹੈ। ਇਹ ਪਾਰਟੀ ਕਿਸੇ ਵੀ ਚੋਣ ਦੌਰਾਨ ਕਿਸੇ ਵੀ ਪ੍ਰਕਾਰ ਦੀ ਢਿੱਲ ਨਹੀਂ ਦਿਖਾ ਰਹੀ। ਕਾਂਗਰਸ ਇਕੱਲੇ ਹਿਮਾਚਲ ਪ੍ਰਦੇਸ਼ ਵਿੱਚ ਹੀ ਨਹੀਂ, ਕਈ ਹੋਰ ਰਾਜਾਂ ਵਿਚ ਵੀ ਕਾਰਗਰ ਰਣਨੀਤੀ ਘੜਨ ਵਿਚ ਪਛੜ ਗਈ ਜਾਪਦੀ ਹੈ।
ਹਿਮਾਚਲ ਹੀ ਉੱਤਰੀ ਭਾਰਤ ਦਾ ਇਕਮਾਤਰ ਸੂਬਾ ਹੈ ਜਿੱਥੇ ਇਸ ਵਕਤ ਕਾਂਗਰਸ ਸੱਤਾ ਵਿਚ ਹੈ। ਕਾਂਗਰਸ ਨੇ ਦਸੰਬਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਬੁਰੀ ਤਰ੍ਹਾਂ ਹਰਾਇਆ ਸੀ ਅਤੇ ਹੁਣ 15 ਮਹੀਨਿਆਂ ਬਾਅਦ ਇਸ ਨੂੰ ਲੋਕ ਫ਼ਤਵੇ ਦੀ ਰਾਖੀ ਕਰਨ ਲਈ ਜੂਝਣਾ ਪੈ ਰਿਹਾ ਹੈ। ਕਾਂਗਰਸ ਹਾਈ ਕਮਾਂਡ ਨੇ ਪਾਰਟੀ ਦੇ ਹਿੱਤ ਵਿਚ ਸਖ਼ਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ ਪਰ ਇਸ ਵਿਚ ਕੋਈ ਨਵੀਂ ਗੱਲ ਨਜ਼ਰ ਨਹੀਂ ਆ ਰਹੀ। ਅਸਲ ਵਿਚ ਵੇਲੇ ਸਿਰ ਅਜਿਹੇ ਕਦਮ ਚੁੱਕੇ ਜਾਣ ਦੀ ਲੋੜ ਸੀ ਤਾਂ ਕਿ ਅਜਿਹੀ ਨੌਬਤ ਪੈਦਾ ਹੀ ਨਾ ਆਉਂਦੀ। ਇਸ ਵਕਤ ਸੁੱਖੂ ਸਰਕਾਰ ਬਚਾਉਣ ਲਈ ਪਾਰਟੀ ਨੂੰ ਜ਼ੋਰ ਅਜ਼ਮਾਈ ਕਰਨੀ ਪੈ ਸਕਦੀ ਹੈ। ਕਾਂਗਰਸ ਨੂੰ ਰਾਜ ਅੰਦਰ ਜਿਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਦਾ ਸਿੱਧਾ ਅਸਰ ਲੋਕ ਸਭਾ ਚੋਣਾਂ ’ਤੇ ਵੀ ਪੈ ਸਕਦਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×