ਰਾਮਦੇਵ ਤੇ ਪਤੰਜਲੀ ਆਯੁਰਵੇਦ ਖਿਲਾਫ਼ ਹੱਤਕ ਕਾਰਵਾਈ ਬੰਦ
ਨਵੀਂ ਦਿੱਲੀ:
ਸੁਪਰੀਮ ਕੋਰਟ ਨੇ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਕੇਸ ਵਿਚ ਮੁਆਫ਼ੀ ਮੰਗੇ ਜਾਣ ਮਗਰੋਂ ਯੋਗ ਗੁਰੂ ਰਾਮਦੇਵ, ਉਨ੍ਹਾਂ ਦੇ ਸਾਥੀ ਬਾਲਕ੍ਰਿਸ਼ਨ ਤੇ ਪਤੰਜਲੀ ਆਯੁਰਵੇਦ ਲਿਮਟਿਡ ਖਿਲਾਫ਼ ਅਦਾਲਤੀ ਹੱਤਕ ਤਹਿਤ ਕਾਰਵਾਈ ਬੰਦ ਕਰ ਦਿੱਤੀ ਹੈ। ਯੋਗ ਗੁਰੂ, ਬਾਲਕ੍ਰਿਸ਼ਨ ਤੇ ਫਰਮ ਵੱਲੋਂ ਪੇਸ਼ ਵਕੀਲ ਗੌਤਮ ਤਾਲੁਕਦਾਰ ਨੇ ਕਿਹਾ ਕਿ ਰਾਮਦੇਵ, ਬਾਲਕ੍ਰਿਸ਼ਨ ਤੇ ਪਤੰਜਲੀ ਆਯੁਰਵੇਦ ਲਿਮਟਿਡ ਵੱਲੋੋਂ ਦਿੱਤੇ ਹਲਫ਼ਨਾਮਿਆਂ ਦੇ ਅਧਾਰ ’ਤੇ ਕੋਰਟ ਨੇ ਉਨ੍ਹਾਂ ਖਿਲਾਫ਼ ਅਦਾਲਤੀ ਹੱਤਕ ਤਹਿਤ ਕਾਰਵਾਈ ਬੰਦ ਕਰ ਦਿੱਤੀ ਹੈ। ਜਸਟਿਸ ਹਿਮਾ ਕੋਹਲੀ ਤੇ ਜਸਟਿਸ ਅਹਿਸਾਨੂਦੀਨ ਅਮਾਨੁੱਲ੍ਹਾ ਦੇ ਬੈਂਚ ਨੇ 14 ਮਈ ਨੂੰ ਇਸ ਮਾਮਲੇ ਵਿਚ ਫੈਸਲਾ ਰਾਖਵਾਂ ਰੱਖ ਲਿਆ ਸੀ। ਸੁਪਰੀਮ ਕੋਰਟ ਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ਐਸੋਸੀਏਸ਼ਨ ਨੇ ਪਤੰਜਲੀ ਆਯੁਰਵੇਦ ਵੱਲੋਂ ਗੁੰਮਰਾਹਕਨ ਇਸ਼ਤਿਹਾਰਾਂ ਜ਼ਰੀਏ ਕੋਵਿਡ ਟੀਕਾਕਰਨ ਮੁਹਿੰਮ ਤੇ ਮੈਡੀਸਨ ਦੀ ਆਧੁਨਿਕ ਪ੍ਰਣਾਲੀ ਖਿਲਾਫ਼ ਕਥਿਤ ਕੂੜ ਪ੍ਰਚਾਰ ਕੀਤੇ ਜਾਣ ਦਾ ਦਾਅਵਾ ਕੀਤਾ ਸੀ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 27 ਫਰਵਰੀ ਨੂੰ ਪਤੰਜਲੀ ਆਯੁਰਵੇਦ ਤੇ ਇਸ ਦੇ ਪ੍ਰਬੰਧਕੀ ਡਾਇਰੈਕਟਰ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ ਕਰਕੇ ਸਵਾਲ ਕੀਤਾ ਸੀ ਕਿ ਉਨ੍ਹਾਂ ਖਿਲਾਫ਼ ਅਦਾਲਤ ਦੀ ਮਾਣਹਾਨੀ ਤਹਿਤ ਕਾਰਵਾਈ ਕਿਉਂ ਨਾ ਕੀਤੀ ਜਾਵੇ।
ਇਸ ਮਗਰੋਂ ਕੋਰਟ ਨੇ 19 ਮਾਰਚ ਨੂੰ ਕਿਹਾ ਕਿ ਪਤੰਜਲੀ ਵੱਲੋਂ ਜਾਰੀ ਇਸ਼ਤਿਹਾਰਾਂ ਲਈ ਰਾਮਦੇਵ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਨਾ ਵਾਜਬ ਹੈ ਕਿਉਂਕਿ 21 ਨਵੰਬਰ 2023 ਨੂੰ ਕੋਰਟ ਵਿਚ ਦਾਖ਼ਲ ਹਲਫ਼ਨਾਮੇ ਤੋਂ ਸਾਫ਼ ਹੈ ਕਿ ਯੋਗ ਗੁਰੂ ਨੇ ਵੀ ਇਨ੍ਹਾਂ ਗੁੰਮਰਾਹਕੁਨ ਇਸ਼ਤਿਹਾਰਾਂ ਦੀ ਤਾਈਦ
ਕੀਤੀ ਸੀ। -ਪੀਟੀਆਈ