‘ਭਾਜਪਾ ਦੇ ਰਾਜ ’ਚ ਔਰਤਾਂ ਵਿਰੁੱਧ ਅਪਰਾਧ ਦੇ ਕੇਸ ਵਧੇ’
ਸਤਪਾਲ ਰਾਮਗੜ੍ਹੀਆ
ਪਿਹੋਵਾ, 5 ਨਵੰਬਰ
ਵਿਧਾਇਕ ਮਨਦੀਪ ਚੱਠਾ ਦੀ ਪਤਨੀ ਰਮਨਦੀਪ ਕੌਰ ਨੇ ਕਿਹਾ ਕਿ ਭਾਜਪਾ ਦੇ ਰਾਜ ਦੌਰਾਨ ਔਰਤਾਂ ’ਤੇ ਅਪਰਾਧ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ। ਪਿਛਲੇ 10 ਸਾਲਾਂ ਦੇ ਰਾਜ ਵਿੱਚ ਭਾਜਪਾ ਇਸ ਅਪਰਾਧ ਨੂੰ ਨਹੀਂ ਰੋਕ ਸਕੀ। ਕਾਂਗਰਸ ਦਾ ਮਹਿਲਾ ਵਿੰਗ ਔਰਤਾਂ ਦੀਆਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਲੈਕੇ ਸਰਕਾਰ ਅੱਗੇ ਆਪਣੀ ਆਵਾਜ਼ ਉਠਾਏਗਾ। ਰਮਨਦੀਪ ਕੌਰ ਤੂਰ ਕਲੋਨੀ ਵਿੱਚ ਔਰਤਾਂ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣਾਂ ਸਮੇਂ ਔਰਤਾਂ ਨਾਲ ਜੋ ਵਾਅਦੇ ਕੀਤੇ ਸਨ। ਹੁਣ ਲੋਕਾਂ ਨੇ ਇਸ ਪਾਰਟੀ ਨੂੰ ਪੂਰਾ ਕਰਨ ਦਾ ਮੌਕਾ ਦਿੱਤਾ ਹੈ। ਸੂਬੇ ਵਿੱਚ 90 ਲੱਖ ਤੋਂ ਵੱਧ ਮਹਿਲਾ ਵੋਟਰ ਹਨ।
ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਸੂਬੇ ਦੀਆਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਹੁਣ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 500 ਰੁਪਏ ਦਾ ਸਿਲੰਡਰ ਦੇਣ ਦਾ ਵਾਅਦਾ ਅਜੇ ਵੀ ਮਹਿਜ਼ ਬਿਆਨਬਾਜ਼ੀ ਹੀ ਸਾਬਤ ਹੋ ਰਿਹਾ ਹੈ। ਇਸ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਕਿ ਨੋਟਬੰਦੀ ਵਾਂਗ ਹੁਣ ਔਰਤਾਂ ਨੂੰ ਡੀਏਪੀ ਖਾਦ ਲਈ ਕਤਾਰਾਂ ਵਿੱਚ ਖੜ੍ਹਨਾ ਪੈ ਰਿਹਾ ਹੈ। ਰਮਨਦੀਪ ਕੌਰ ਨੇ ਕਿਹਾ ਕਿ ਕਾਂਗਰਸ ਔਰਤਾਂ ਦਾ ਸਨਮਾਨ ਕਰਨ ਵਾਲੀ ਪਾਰਟੀ ਹੈ। ਸਥਾਨਕ ਪੱਧਰ ‘ਤੇ ਵੀ ਮਹਿਲਾ ਵਿੰਗ ਨੂੰ ਮਜ਼ਬੂਤ ਕੀਤਾ ਜਾਵੇਗਾ।
ਇਸ ਮੌਕੇ ਵੀਨਾ ਨਾਗਰਥ, ਹਰਨੀਤ ਕੌਰ, ਸ਼ੋਭਾ ਰਾਣੀ, ਗੁਰਪ੍ਰੀਤ ਕੌਰ, ਰੇਖਾ ਕਪੂਰ, ਸਾਬਕਾ ਕੌਂਸਲਰ ਕੁਲਦੀਪ ਕੌਰ, ਅਮਨਦੀਪ ਕੌਰ, ਕੌਂਸਲਰ ਰਾਜੇਸ਼ ਗੋਇਲ, ਪ੍ਰਿੰਸ ਗਰਗ, ਪਲਕ ਗਰਗ, ਰਜਿੰਦਰਾ ਕੌਰ, ਵਰੁਣ ਨਾਗਰਥ, ਸੁਮਨ ਰਾਣੀ, ਰੇਖਾ, ਸਾਬਕਾ ਕੌਂਸਲਰ ਕੁਲਦੀਪ ਕੌਰ, ਸੁਖਦੇਵ ਸ਼ਰਮਾ, ਸੀਮਾ ਸ਼ਰਮਾ ਆਦਿ ਹਾਜ਼ਰ ਸਨ।