ਜਲੰਧਰ ਸ਼ਹਿਰ ’ਚ ਛੇਤੀ ਹੋਵੇਗਾ ਕ੍ਰਾਈਮ ਬ੍ਰਾਂਚ ਦਾ ਗਠਨ
ਪੱਤਰ ਪ੍ਰੇਰਕ
ਜਲੰਧਰ, 28 ਨਵੰਬਰ
ਇੱਥੋਂ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਜੁਆਇਨ ਕਰਦੇ ਹੀ ਪੁਲੀਸ ਵਿਭਾਗ ਵਿੱਚ ਵੱਡੇ ਫੇਰਬਦਲ ਕਰ ਦਿੱਤੇ ਹਨ। ਹੁਣ ਸੀਪੀ ਸਵਪਨ ਸ਼ਰਮਾ ਨੇ ਐਂਟੀ-ਨਾਰਕੋਟਿਕ ਸੈੱਲ ਨੂੰ ਵੀ ਖ਼ਤਮ ਕਰ ਦਿੱਤਾ ਹੈ। ਸ਼ਹਿਰ ਵਿੱਚ ਇਸ ਦੀ ਥਾਂ ’ਤੇ ਨਵੀਂ ਅਪਰਾਧ ਸ਼ਾਖਾ ਦਾ ਗਠਨ ਕੀਤਾ ਜਾਵੇਗਾ। ਇਸ ਦਾ ਦਫ਼ਤਰ ਜਲੰਧਰ ਸ਼ਹਿਰ ਦੇ ਥਾਣਾ ਡਿਵੀਜ਼ਨ ਨੰਬਰ-5 ਵਿੱਚ ਰੱਖਿਆ ਜਾਵੇਗਾ। ਅਪਰਾਧ ਸ਼ਾਖਾ ਦੀ ਐਂਟਰੀ ਥਾਣਾ-5 ਦੇ ਦੂਜੇ ਗੇਟ ਤੋਂ ਰੱਖੀ ਜਾਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਰਿੰਦਰ ਸਿੰਘ ਐਂਟੀ-ਨਾਰਕੋਟਿਕ ਸੈੱਲ ਦੇ ਇੰਚਾਰਜ ਸਨ, ਪਰ ਉਕਤ ਵਿੰਗ ਰੱਦ ਹੋਣ ਤੋਂ ਬਾਅਦ ਉਸ ਨੂੰ ਅਪਰਾਧ ਸ਼ਾਖਾ ਦਾ ਚਾਰਜ ਦਿੱਤਾ ਜਾਵੇਗਾ। ਵਿੰਗ ਦੇ ਸਾਰੇ ਮੁਲਾਜ਼ਮਾਂ ਨੂੰ ਵੀ ਅਪਰਾਧ ਸ਼ਾਖਾ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਕ੍ਰਾਈਮ ਬ੍ਰਾਂਚ ਵਿੰਗ ਸ਼ਹਿਰ ਦੇ ਨਸ਼ਾ ਤਸਕਰਾਂ, ਹਥਿਆਰਾਂ ਦੇ ਤਸਕਰਾਂ ਅਤੇ ਹੋਰ ਗਤੀਵਿਧੀਆਂ ’ਤੇ ਨਜ਼ਰ ਰੱਖੇਗਾ। ਇਸ ਤੋਂ ਪਹਿਲਾਂ ਪੁਲੀਸ ਕਮਿਸ਼ਨਰ ਸ਼ਰਮਾ ਨੇ ਆਰਥਿਕ ਅਪਰਾਧ ਵਿੰਗ (ਈਓਡਬਲਯੂ), ਐਂਟੀ-ਹਿਊਮਨ ਟਰੈਫਿਕਿੰਗ ਯੂਨਿਟ (ਏਐੱਚਟੀਯੂ) ਅਤੇ ਪੀਓ ਸਟਾਫ਼ ਵਿੰਗ ਨੂੰ ਪਹਿਲਾਂ ਹੀ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਸੀ।